ਚੰਡੀਗੜ੍ਹ,(ਅਸ਼ਵਨੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸੰਭਾਲ ਤੇ ਸ਼ੁੱਧੀਕਰਨ, ਸਮਾਰਟ ਸ਼ਹਿਰਾਂ ਦੇ ਵਿਕਾਸ ਤੇ ਵਿਰਾਸਤੀ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਵਾਲੇ ਖੇਤਰਾਂ 'ਚ ਨਵੀਂ ਉਭਰ ਰਹੀ ਤਕਨਾਲੋਜੀ ਦੇ ਸਬੰਧ 'ਚ ਪੰਜਾਬ ਸਰਕਾਰ ਦਾ ਰਣਨੀਤਕ ਗਠਜੋੜ ਪੈਦਾ ਕਰਨ ਲਈ ਫਰਾਂਸ ਦੇ ਭਾਰਤ 'ਚ ਰਾਜਦੂਤ ਅਲੈਗਜ਼ੈਂਡਰ ਜ਼ੈਗਲਰ ਨੂੰ ਆਖਿਆ ਹੈ। ਮੁੱਖ ਮੰਤਰੀ ਦੇ ਇਹ ਸੁਝਾਅ ਫਰਾਂਸ ਦੇ ਰਾਜਦੂਤ ਦੀ ਅਗਵਾਈ 'ਚ ਇਕ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਦੌਰਾਨ ਸਾਹਮਣੇ ਆਏ, ਜਦੋਂ ਇਹ ਵਫ਼ਦ ਉਨ੍ਹਾਂ ਨੂੰ ਅੱਜ ਇੱਥੇ ਮਿਲਣ ਆਇਆ। ਮੁੱਖ ਮੰਤਰੀ ਨੇ ਟੈਕਸਟਾਈਲ ਤੇ ਚਮੜਾ ਉਦਯੋਗ ਤੋਂ ਇਲਾਵਾ ਫਾਰਮਾਸੂਟੀਕਲ, ਖੁਰਾਕ ਤੇ ਡੇਅਰੀ ਪ੍ਰੋਸੈਸਿੰਗ ਉਦਯੋਗ ਦੇ ਖੇਤਰਾਂ 'ਚ ਫਰਾਂਸ ਦੀਆਂ ਉੱਘੀਆਂ ਕੰਪਨੀਆਂ ਨਾਲ ਸਹਿਯੋਗ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ 'ਚ ਕਿਰਤਪੱਖੀ ਨੀਤੀਆਂ ਹਨ ਤੇ ਇੱਥੇ ਵਾਜਬ ਦਰਾਂ 'ਤੇ ਬਿਨਾਂ ਅੜਚਨ ਬਿਜਲੀ ਤੇ ਹੋਰ ਵਧੀਆ ਵਿੱਤੀ ਫਾਇਦੇ ਉਪਲੱਬਧ ਹਨ। ਮੁੱਖ ਮੰਤਰੀ ਨੇ ਦੌਰੇ 'ਤੇ ਆਏ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ 'ਚ ਕੋਈ ਵੀ ਉੱਦਮ ਸ਼ੁਰੂ ਕਰਨ ਲਈ ਪੂਰਾ ਸਮਰਥਨ ਦੇਵੇਗੀ।
ਸੂਬੇ 'ਚ ਪਾਣੀ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਰਾਂਸ ਦੇ ਰਾਜਦੂਤ ਕੋਲੋਂ ਪਾਣੀ ਨੂੰ ਸੋਧਣ ਸਬੰਧੀ ਪਾਏਦਾਰ ਸੁਝਾਅ ਮੰਗੇ ਤਾਂ ਜੋ ਇਸ ਨੂੰ ਸਿੰਚਾਈ ਮਕਸਦਾਂ ਲਈ ਵਰਤਿਆ ਜਾ ਸਕੇ। ਮੁੱਖ ਮੰਤਰੀ ਨੇ ਇਸ ਸਾਲ ਦਸੰਬਰ ਦੇ ਪਹਿਲੇ ਹਫਤੇ ਹੋ ਰਹੇ ਪ੍ਰਸਤਾਵਿਤ ਨਿਵੇਸ਼ ਸੰਮੇਲਨ ਦੇ ਟੈਕਨੀਕਲ ਸੈਸ਼ਨਾਂ 'ਚ ਸ਼ਮੂਲੀਅਤ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਇਸ ਸੰਮੇਲਨ ਦੌਰਾਨ ਫਰਾਂਸ ਦੇ ਉੱਘੇ ਉਦਯੋਗਪਤੀਆਂ ਤੇ ਉਦਮੀਆਂ ਨੂੰ ਵੀ ਲਿਆਉਣ ਦੀ ਰਾਜਦੂਤ ਨੂੰ ਅਪੀਲ ਕੀਤੀ ਤਾਂ ਜੋ ਉਹ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ ਕਰ ਸਕਣ। ਰਾਜਦੂਤ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ 'ਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗਪਤੀਆਂ ਦਾ ਇਕ ਵਫ਼ਦ ਭੇਜਣ ਵਾਸਤੇ ਆਪਣੀ ਪੂਰੀ ਵਾਹ ਲਾਉਣਗੇ। ਮੀਟਿੰਗ 'ਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਸਬੰਧਤ ਉਚ ਅਧਿਕਾਰੀ ਤੇ ਫਰਾਂਸ ਦੀਆਂ ਕੰਪਨੀਆਂ ਦੇ ਪ੍ਰਤੀਨਿਧੀ ਸ਼ਾਮਲ ਸਨ।
ਨਸ਼ਾ ਅਤੇ ਹਥਿਆਰ ਵੇਚਣ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰ ਗ੍ਰਿਫਤਾਰ
NEXT STORY