ਜ਼ੀਰਾ(ਅਕਾਲੀਆਂ ਵਾਲਾ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ 'ਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਗਿਆ ਸੀ। ਇਸੇ ਸਾਲ ਜਨਵਰੀ ਵਿਚ ਚੋਣ ਜਲਸਿਆਂ ਦੌਰਾਨ ਕੈਪਟਨ ਤੋਂ ਇਲਾਵਾ ਹਰ ਵੱਡੇ ਛੋਟੇ ਕਾਂਗਰਸੀ ਆਗੂ ਨੇ ਕਰਜ਼ਾ ਮੁਆਫੀ ਦਾ ਰਾਗ ਅਲਾਪਿਆ ਸੀ। ਕਾਂਗਰਸ ਸਰਕਾਰ ਸੱਤਾ 'ਤੇ ਕਾਬਜ਼ ਹੋਈ ਤਾਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਆਸ ਬੱਝੀ ਪਰ ਸਰਕਾਰ ਹੋਂਦ 'ਚ ਆਉਣ ਉਪਰੰਤ ਸਭ ਕੁਝ ਬਦਲ ਗਿਆ। ਕਰਜ਼ਾ ਮੁਆਫੀ ਨੂੰ ਲੈ ਕੇ ਨਵੀਆਂ ਵਿਉਂਤਬੰਦੀਆਂ ਕੀਤੀਆਂ ਗਈਆਂ। 2017 ਦਾ ਇਹ ਵਰ੍ਹਾ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਕਰਜ਼ੇ ਮੁਆਫੀ ਨੂੰ ਲੈ ਕੇ ਉਠਾਈ ਜਾ ਰਹੀ ਮੰਗ ਨਾਲ ਸਮਾਪਤ ਹੋਣ ਜਾ ਰਿਹਾ ਹੈ। ਇਸ ਮੁਆਫੀ ਨੂੰ ਲੈ ਕੇ ਸਰਕਾਰੀ ਪ੍ਰਸ਼ਾਸਨ ਲਿਸਟਾਂ ਬਣਾਉਣ ਵਿਚ ਰੁੱਝਾ ਹੋਇਆ ਹੈ। ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਸਿਰ 73 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਵਿਚੋਂ 59 ਹਜ਼ਾਰ ਕਰੋੜ ਰੁਪਏ ਫਸਲੀ ਕਰਜ਼ਾ ਹੈ। ਇਸ ਕਰਜ਼ੇ ਵਿਚੋਂ ਫਿਲਹਾਲ 5 ਹਜ਼ਾਰ ਕਰੋੜ ਰੁਪਏ ਤੱਕ ਦਾ ਕਰਜ਼ਾ ਮੁਆਫ ਹੋਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਵਿਧਾਨ ਸਭਾ ਵਿਚ ਢਾਈ ਤੋਂ ਪੰਜ ਏਕੜ ਦੀ ਮਾਲਕੀ ਵਾਲੇ 10.22 ਲੱਖ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਕਰਜ਼ਾ ਮੁਆਫੀ ਨੂੰ ਲੈ ਕੇ ਸਬੰਧਤ ਅਧਿਕਾਰੀ ਫਾਈਲਾਂ ਤਿਆਰ ਕਰਨ ਵਿਚ ਜੁਟੇ ਹੋਏ ਹਨ।
ਸਰਕਾਰ ਵੱਲੋਂ ਪਹਿਲੀ ਕਿਸ਼ਤ 15 ਦਸੰਬਰ, 2017 ਤੱਕ ਕਿਸਾਨਾਂ ਦੇ ਖਾਤਿਆਂ ਵਿਚ ਪਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਕਿਸਾਨ ਇੰਤਜ਼ਾਰ ਵਿਚ ਹਨ।
ਸਰਹੱਦੀ ਜ਼ਿਲੇ ਦੇ ਕਿਸਾਨਾਂ ਸਿਰ ਹੈ 2404 ਕਰੋੜ 43 ਲੱਖ ਰੁਪਏ ਦਾ ਕਰਜ਼ਾ
ਬੈਂਕ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਕਿਸਾਨਾਂ ਸਿਰ 2404 ਕਰੋੜ 43 ਲੱਖ ਰੁਪਏ ਦਾ ਕਰਜ਼ਾ ਹੈ, ਜੋ ਕਿ ਕਿਸਾਨਾਂ ਨੇ ਫਸਲੀ ਕਰਜ਼ੇ ਦੇ ਨਾਲ-ਨਾਲ ਸਹਾਇਕ ਧੰਦਿਆਂ ਲਈ ਲਿਆ ਹੋਇਆ ਹੈ। ਕੌਮੀਕ੍ਰਿਤ ਬੈਂਕਾਂ ਦਾ 1835 ਕਰੋੜ, ਪੀ. ਏ. ਡੀ. ਬੀ. 3 ਕਰੋੜ 33 ਲੱਖ, ਪੰਜਾਬ ਗ੍ਰਾਮੀਣ ਬੈਂਕ 317 ਕਰੋੜ, ਸਹਿਕਾਰੀ ਬੈਂਕਾਂ ਦਾ 247 ਕਰੋੜ 60 ਲੱਖ ਰੁਪਏ ਕਰਜ਼ਾ ਕਿਸਾਨਾਂ ਨੇ ਲਿਆ ਹੋਇਆ ਹੈ।
ਕਰਜ਼ਾ ਮੁਆਫੀ ਸਬੰਧੀ ਨਵਾਂ ਸਾਫਟਵੇਅਰ ਹੋ ਰਿਹੈ ਤਿਆਰ
ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਬੰਧੀ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਇਹ ਸਭ ਕੁਝ ਪਤਾ ਲੱਗ ਜਾਵੇਗਾ ਕਿ ਕਿਸਾਨ ਦੀ ਜ਼ਮੀਨ ਕਿੰਨੀ ਹੈ ਅਤੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਕਿੰਨਾ ਲਿਆ ਹੈ। ਇਸ ਵਿਧੀ ਰਾਹੀਂ ਉਨ੍ਹਾਂ ਕਿਸਾਨਾਂ ਦੇ ਨਾਂ ਸਾਹਮਣੇ ਆਉਣਗੇ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨੰ. ਨਾਲ ਲਿੰਕ ਹੋਣਗੇ। ਇਥੋਂ ਤੱਕ ਕਿ ਜ਼ਮੀਨ ਦਾ ਰਿਕਾਰਡ ਵੀ ਆਧਾਰ ਨਾਲ ਲਿੰਕ ਹੋਣ 'ਤੇ ਸਾਹਮਣੇ ਆ ਜਾਵੇਗਾ। ਫਿਲਹਾਲ ਜੋ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਵੱਲੋਂ ਲਿਸਟਾਂ ਬਣਾਈਆਂ ਗਈਆਂ ਹਨ, ਉਸ ਦੀ ਪੜਤਾਲ ਮਾਲ ਵਿਭਾਗ ਤੋਂ ਕਰਵਾਈ ਜਾ ਰਹੀ ਹੈ।
ਟਾਇਰ ਪੰਕਚਰ ਹੋਣ ਕਾਰਨ ਕਾਰ ਪਲਟੀ
NEXT STORY