ਸਾਹਨੇਵਾਲ(ਜਗਰੂਪ)-ਬੀਤੀ 2 ਫਰਵਰੀ ਦੇ 'ਜਗ ਬਾਣੀ' ਅੰਕ 'ਚ ਪਿੰਡ ਚੌਂਤਾ 'ਚ ਚਿੱਟੇ ਜਿਹੇ ਖਤਰਨਾਕ ਨਸ਼ੇ ਦੀ ਬੇਪ੍ਰਵਾਹ ਹੋ ਰਹੀ ਕਥਿਤ ਵਿਕਰੀ ਕਾਰਨ ਹੋ ਰਹੀਆਂ ਅਣਗਿਣਤ ਮੌਤਾਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪ੍ਰਕਾਸ਼ਿਤ ਕੀਤੀ ਗਈ ਸਪੈਸ਼ਲ ਸਟੋਰੀ ਦਾ ਨੋਟਿਸ ਲੈਂਦਿਆਂ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਵਲੋਂ ਉਚੇਚੇ ਤੌਰ 'ਤੇ ਪਿੰਡ ਚੌਂਤਾ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਮੂੰਹ ਤੋਂ ਇਸ ਸਮੱਸਿਆ ਦੇ ਖਤਰਨਾਕ ਸਿੱਟਿਆਂ ਦੀ ਸੱਚਾਈ ਨੂੰ ਸੁਣਿਆ। 'ਜਗ ਬਾਣੀ' ਵਲੋਂ ਇਸ ਲੋਕ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਦੇ ਬਾਅਦ ਜਿੱਥੇ ਸਥਾਨਕ ਪੁਲਸ ਪ੍ਰਸ਼ਾਸਨ 'ਚ ਹਾਹਾਕਾਰ ਵਾਲੀ ਸਥਿਤੀ ਬਣੀ ਹੋਈ ਸੀ, ਉਥੇ ਹੀ ਸੀ. ਐੱਮ. ਓ. ਦਫਤਰ ਵਲੋਂ ਇਸ ਸਟੋਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਨਰਲ ਟੀ. ਐੱਸ. ਸ਼ੇਰਗਿੱਲ ਨੂੰ ਉਚੇਚੇ ਤੌਰ 'ਤੇ ਪਿੰਡ ਚੌਂਤਾ 'ਚ ਸੱਚਾਈ ਦੇ ਧਰਾਤਲ ਤੱਕ ਪਹੁੰਚਣ ਲਈ ਭੇਜਿਆ ਗਿਆ, ਜਿੱਥੇ ਪਹੁੰਚ ਕੇ ਉਨ੍ਹਾਂ ਨੇ ਪਿੰਡ ਦੇ ਆਮ ਲੋਕਾਂ ਦੇ ਮੂੰਹੋਂ ਇਸ ਅਤਿਅੰਤ ਗੰਭੀਰ ਸਮੱਸਿਆ ਦੀ ਮਾਰੂ ਕਹਾਣੀ ਦਾ ਸਾਰ ਜਾਣਿਆ। ਇਸ ਮੌਕੇ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਨਰਲ ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੂਬੇ 'ਚੋਂ ਨਸ਼ਿਆਂ ਅਤੇ ਹੋਰ ਬੁਰਾਈਆਂ ਦਾ ਖਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜੇਕਰ ਸੂਬੇ ਦੇ ਕਿਸੇ ਪਿੰਡ, ਨਗਰ, ਕਸਬੇ ਜਾਂ ਸ਼ਹਿਰ 'ਚ ਨਸ਼ੇ ਜਾਂ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਸ ਦਾ ਪੂਰਨ ਤੌਰ 'ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਰਨਲ ਐੱਚ. ਐੱਸ. ਕਾਹਲੋਂ ਵੀਰ ਚੱਕਰ, ਜਨਰਲ ਐੱਸ. ਪੀ. ਐੱਸ. ਗਰੇਵਾਲ, ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ, ਏ. ਸੀ. ਪੀ. ਸਾਹਨੇਵਾਲ ਹਰਕੰਵਲ ਕੌਰ, ਥਾਣਾ ਮੁਖੀ ਕੂੰਮਕਲਾਂ ਸਮੇਤ ਹੋਰ ਅਧਿਕਾਰੀ ਅਤੇ ਸਿਆਸੀ ਨੇਤਾ ਵੀ ਪਹੁੰਚੇ ਹੋਏ ਸਨ।
ਜੀ. ਓ. ਜੀ. ਐਪ 'ਤੇ ਤੁਰੰਤ ਕਰੋ ਸੂਚਿਤ
ਇਸ ਮੌਕੇ ਟੀ. ਐੱਸ. ਗਿੱਲ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਜੀ. ਓ. ਜੀ. (ਗਾਈਡੈਂਸ ਆਫ ਗਵਰਨੈਂਸ) ਨਾਂ ਦਾ ਇਕ ਐਪ ਤਿਆਰ ਕੀਤਾ ਗਿਆ ਹੈ, ਜਿੱਥੇ ਸੂਬੇ ਦੇ ਲੋਕਾਂ ਦੀਆਂ ਨਸ਼ੇ ਸਮੇਤ ਹੋਰ ਸਮੱਸਿਆਵਾਂ ਨੂੰ ਲੈ ਕੇ ਸ਼ਿਕਾਇਤਾਂ ਦਾ ਤੁਰੰਤ ਨੋਟਿਸ ਲਿਆ ਜਾਂਦਾ ਹੈ। ਇਸ ਐਪ 'ਤੇ ਕੋਈ ਵੀ ਵਿਅਕਤੀ (ਬੱਚਾ ਜਾਂ ਔਰਤ) ਆਪਣੀ ਸ਼ਿਕਾਇਤ ਭੇਜ ਸਕਦਾ ਹੈ। ਜੋ ਸਿੱਧੇ ਤੌਰ 'ਤੇ ਸੂਬੇ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਦੀ ਹਰ ਇਕ ਸ਼ਿਕਾਇਤ ਦਾ ਤੁਰੰਤ ਨੋਟਿਸ ਲਿਆ ਜਾਂਦਾ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ।
ਭਲਕੇ ਤੋਂ ਸਾਹਮਣੇ ਆਵੇਗੀ ਸਾਰਥਕ ਕਾਰਵਾਈ
ਇਸ ਮੌਕੇ ਜਦੋਂ ਮੀਡੀਆਂ ਨੇ ਜਨਰਲ ਟੀ. ਐੱਸ. ਗਿੱਲ ਤੋਂ ਹੁਣ ਤੱਕ ਪਿੰਡ ਚੌਂਤਾ 'ਚ ਵਿਕਣ ਵਾਲੇ ਕਥਿਤ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਸਵਾਲ ਪੁੱਛਿਆ ਤਾਂ, ਉਨ੍ਹਾਂ ਕਿਹਾ ਹੁਣ ਤੱਕ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਨਹੀਂ ਸੀ ਪਰ ਹੁਣ ਉਹ ਆਈ. ਜੀ. ਕ੍ਰਾਈਮ ਅਤੇ ਐੱਸ. ਟੀ. ਐੱਫ. ਇੰਚਾਰਜ ਨਾਲ ਗੱਲ ਕਰਨਗੇ, ਜਿਸ ਦਾ ਹੱਲ ਭਲਕੇ ਤੋਂ ਹੀ ਆਮ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਸ਼੍ਰੀ ਗਿੱਲ ਨੇ ਕਿਹਾ ਕਿ ਇਹ ਇਕ ਲੋਕ ਸਮੱਸਿਆ ਹੈ, ਜਿਸ ਦਾ ਹੱਲ ਹਰ ਕੀਮਤ 'ਤੇ ਕੀਤਾ ਜਾਵੇਗਾ।
'ਜਗ ਬਾਣੀ' ਨੇ ਨਿਭਾਈ ਜ਼ਿੰਮੇਵਾਰੀ
ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਵਿਚਾਰ ਜਾਣੇ ਗਏ ਤਾਂ ਉਨ੍ਹਾਂ ਦਾ ਸਾਫ ਕਹਿਣਾ ਸੀ ਕਿ ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ ਰੋਜ਼ਾਨਾ 'ਜਗ ਬਾਣੀ' ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਿੰਡ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਜਗ-ਜ਼ਾਹਿਰ ਕੀਤਾ ਹੈ। ਹੁਣ ਭਾਵੇਂ ਕੋਈ ਨੇਤਾ ਜਾਂ ਹੋਰ ਵਿਅਕਤੀ ਇਸ ਮੁੱਦੇ ਦਾ ਲਾਹਾ ਲੈਣ ਦੀ ਲੱਖ ਕੋਸ਼ਿਸ਼ ਕਰੇ ਪਰ ਸੱਚ ਇਹ ਹੈ ਕਿ 'ਜਗ ਬਾਣੀ' ਨੇ ਹੀ ਲੋਕਾਂ ਦੀ ਇਸ ਸਮੱਸਿਆ ਨੂੰ ਪ੍ਰਮੁੱਤਖਾ ਨਾਲ ਉਭਾਰਿਆ ਹੈ। ਹੁਣ ਇਸ ਦਾ ਹੱਲ ਕਰਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਫਿਰ ਵੀ ਲੋਕਾਂ ਦੇ ਪੁੱਤ ਅਜ਼ਾਈਂ ਆਪਣੀਆਂ ਜਾਨਾਂ ਨਸ਼ੇ ਦੇ ਕਾਰਨ ਗਵਾਉਣਗੇ ਤਾਂ ਇਹ ਲੋਕਾਂ ਦੀ ਨਹੀਂ ਬਲਕਿ ਸਰਕਾਰ ਦੀ ਨਕਾਮੀ ਦਾ ਸਬੂਤ ਹੋਵੇਗਾ।
ਇਸਕਾਨ ਮੰਦਰ ਸਟੀਅਰਿੰਗ ਬੋਰਡ ਦੇ ਚੇਅਰਮੈਨ ਬਣੇ ਸ਼੍ਰੀ ਅਵਿਨਾਸ਼ ਚੋਪੜਾ
NEXT STORY