ਚੰਡੀਗੜ੍ਹ (ਰਮਨਜੀਤ)-ਰਾਜਪਾਲ ਦੇ ਭਾਸ਼ਣ 'ਤੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਨਸ਼ਾ ਤਸਕਰੀ ਦੀ ਕਮਰ ਤੋੜੇ ਜਾਣ ਅਤੇ ਇਹ ਕਹੇ ਜਾਣ ਕਿ ਪੰਜਾਬ 'ਚ ਕੋਈ ਵੀ ਵੱਡਾ ਨਸ਼ਾ ਸਮੱਗਲਰ ਨਹੀਂ ਬਚਿਆ ਹੈ, ਬਾਰੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਉਹ ਕੈਪਟਨ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਭੋਲਾ ਡਰੱਗਸ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ 'ਤੇ ਕਾਰਵਾਈ ਕਰਨ। ਖਹਿਰਾ ਨੇ ਕਿਹਾ ਕਿ ਇਸ ਮਾਮਲੇ 'ਚ ਕਈ ਅਜਿਹੇ ਸਬੂਤ ਹਨ, ਜੋ ਮਜੀਠੀਆ ਖਿਲਾਫ ਜਾਂਚ ਲਈ ਕਾਫ਼ੀ ਹਨ।
ਖਹਿਰਾ ਨੇ ਇਥੇ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਉਹ ਮੁੱਖ ਮੰਤਰੀ ਦਾ ਉਕਤ ਬਿਆਨ ਸੁਣ ਕੇ ਹੈਰਾਨ ਰਹਿ ਗਏ ਕਿ ਵੱਡੇ ਡਰੱਗ ਮਾਫੀਆ ਨੂੰ ਖਤਮ ਕਰ ਦਿੱਤਾ ਗਿਆ ਹੈ ਜਾਂ ਉਹ ਮਜਬੂਰ ਹੋ ਕੇ ਪੰਜਾਬ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹੋਰ ਕੁੱਝ ਨਹੀਂ ਸਗੋਂ ਮਨ-ਘੜਤ ਦਲੀਲ਼ ਅਤੇ ਝੂਠ ਦਾ ਪੁਲੰਦਾ ਹੈ ਕਿਉਂਕਿ ਪੰਜਾਬ 'ਚ ਡਰੱਗ ਮਾਫੀਆ ਨੂੰ ਸ਼ਹਿ ਦੇਣ ਵਾਲਾ ਵੱਡਾ ਸਿਆਸਤਦਾਨ ਉਸ ਸਮੇਂ ਸਦਨ 'ਚ ਹੀ ਹਾਜ਼ਰ ਸੀ। ਇਹ ਹੋਰ ਵੀ ਦੁਖਦਾਈ ਸੀ ਕਿ ਵਿਧਾਨ ਸਭਾ ਦੇ ਬਾਹਰ ਬਿਕਰਮ ਮਜੀਠੀਆ ਖਿਲਾਫ ਵੱਡੇ ਬਿਆਨ ਦੇਣ ਵਾਲੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਸਦਨ 'ਚ ਸਾਬਕਾ ਮੰਤਰੀ ਦਾ ਨਾਮ ਲੈਣ ਦੀ ਹਿੰਮਤ ਤੱਕ ਨਹੀਂ ਜੁਟਾ ਸਕੇ।
ਖਹਿਰਾ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਡੀ.ਐੱਸ.ਪੀ ਭੋਲਾ ਡਰੱਗ ਮਾਮਲਿਆਂ 'ਚ ਤਿਆਰ ਕੀਤੀ ਚਾਰਜਸ਼ੀਟ 'ਚ ਮਜੀਠੀਆ ਖਿਲਾਫ ਪੁਖਤਾ ਸਬੂਤ ਹਨ। ਈ. ਡੀ. ਦੀ ਚਾਰਜਸ਼ੀਟ ਸਪੱਸ਼ਟ ਤੌਰ 'ਤੇ ਮਜੀਠੀਆ ਦੇ ਅੰਤਰਰਾਸ਼ਟਰੀ ਡਰਗ ਸਮਗਲਰਾਂ ਸਤਪ੍ਰੀਤ ਉਰਫ ਸੱਤਾ ਅਤੇ ਪਲਵਿੰਦਰ ਸਿੰਘ ਉਰਫ ਪਿੰਦੀ ਨਾਲ ਡੂੰਘੇ ਸਬੰਧਾਂ ਨੂੰ ਦਿਖਾਉਂਦੀ ਹੈ। ਈ. ਡੀ. ਨੇ ਕਿਹਾ ਹੈ ਕਿ ਭਾਰਤ 'ਚ ਰਹਿਣ ਦੌਰਾਨ ਦੋਵੇਂ ਵਾਂਟੇਡ ਡਰਗ ਸਮੱਗਲਰ ਮਜੀਠੀਆ ਦੇ ਘਰ 'ਚ ਰਹਿੰਦੇ ਸਨ ਤੇ ਉਸ ਦੀਆਂ ਸਰਕਾਰੀ ਕਾਰਾਂ 'ਚ ਘੁੰਮਣ ਦੇ ਨਾਲ-ਨਾਲ ਉਸ ਦੇ ਪਰਵਾਰਿਕ ਪ੍ਰੋਗਰਾਮਾਂ 'ਚ ਵੀ ਸ਼ਾਮਲ ਹੁੰਦੇ ਸਨ।
ਇਹ ਵੀ ਸੱਚਾਈ ਹੈ ਕਿ ਖਤਰਨਾਕ ਸਿੰਥੈਟਿਕ ਡਰੱਗਸ ਤਿਆਰ ਕਰਨ ਲਈ ਇਸਤੇਮਾਲ ਹੋਣ ਵਾਲਾ ਕੈਮੀਕਲ ਬਣਾਉਣ ਵਾਲੇ ਜਗਜੀਤ ਚਹਿਲ ਅਤੇ ਸੱਤਾ ਅਤੇ ਪਿੰਦੀ ਵਿਚਕਾਰ ਝਗੜਾ ਖਤਮ ਕਰਨ 'ਚ ਮਜੀਠੀਆ ਨੇ ਮੁੱਖ ਭੂਮਿਕਾ ਨਿਭਾਈ ਸੀ।
ਖਹਿਰਾ ਨੇ ਕਿਹਾ ਕਿ 'ਮਜੀਠੀਆ ਵਰਗੇ ਡਰੱਗ ਮਾਫੀਆ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਰਕਾਰ ਨੇ ਮੈਨੂੰ ਵਿਰੋਧੀ ਧਿਰ ਨੇਤਾ ਹੁੰਦੇ ਹੋਏ ਸਰਾਸਰ ਝੂਠੇ ਐੱਨ.ਡੀ.ਪੀ.ਐੱਸ. ਮਾਮਲੇ 'ਚ ਫਸਾਇਆ ਕਿਉਂਕਿ 'ਆਪ' ਪਾਰਟੀ 'ਚ ਰਹਿੰਦਿਆਂ ਮੈਂ ਇਕ ਮੰਤਰੀ ਰਾਣਾ ਗੁਰਜੀਤ ਦਾ ਅਸਤੀਫਾ ਦਿਵਾਉਣ 'ਚ ਦਬਾਅ ਬਣਾਇਆ ਸੀ।
ਹੁਣ ਜਦੋਂ ਵਿਧਾਨ ਸਭਾ ਦੇ ਮੈਬਰਾਂ ਨੂੰ ਵੱਡੇ ਡਰੱਗ ਮਾਫੀਆ ਦਾ ਨਾਮ ਲੈਣ ਲਈ ਕਿਹਾ ਗਿਆ ਹੈ ਤਾਂ ਉਹ ਪੂਰੀ ਜਿੰਮੇਵਾਰੀ ਨਾਲ ਪਿਛਲੇ 10 ਸਾਲਾਂ ਦੌਰਾਨ ਪੰਜਾਬ 'ਚ ਡਰੱਗ ਮਾਫੀਆ ਦੇ ਕਿੰਗਪਿਨ ਦੇ ਤੌਰ 'ਤੇ ਮਜੀਠੀਆ ਦਾ ਨਾਮ ਲੈਂਦੇ ਹਨ। ਖਹਿਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਨੂੰ ਚੁਣੌਤੀ ਹੈ ਕਿ ਮਜੀਠੀਆ ਖਿਲਾਫ ਸੀ. ਬੀ. ਆਈ. ਦੀ ਸਮਾਂਬੱਧ ਜਾਂਚ ਦੇ ਹੁਕਮ ਦੇਣ ਤਾਂ ਕਿ ਹਜ਼ਾਰਾਂ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।
'ਆਪ' ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀ ਚੋਣ ਨਹੀਂ ਲੜੇਗਾ : ਭਗਵੰਤ ਮਾਨ
NEXT STORY