ਨੂਰਪੁਰਬੇਦੀ(ਅਵਿਨਾਸ਼)— ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ 'ਆਪ ' ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੇਗਾ। ਉਹ ਅੱਜ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਭਾਣਜੀ ਦੇ ਵਿਆਹ ਮੌਕੇ ਨੂਰਪੁਰਬੇਦੀ ਵਿਚ ਇਕ ਸਮਾਗਮ ਦੌਰਾਨ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਟਕਸਾਲੀ ਅਕਾਲੀ ਦਲ ਨਾਲ ਸਮਝੌਤੇ ਦੀ ਹਾਲੇ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ। ਬਹਿਬਲ ਕਲਾਂ ਕਾਂਡ ਦੇ ਮਾਮਲੇ ਵਿਚ 'ਸਿਟ' ਵੱਲੋਂ ਕੀਤੀ ਜਾ ਰਹੀ ਜਾਂਚ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 'ਸਿਟ' ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਅਤੇ ਇਸ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ-ਆਪ ਨੂੰ 'ਸਿਟ' ਕੋਲ ਗ੍ਰਿਫਤਾਰੀ ਲਈ ਪੇਸ਼ ਕਰਨ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਾਹਿਬ ਨੂੰ ਖੁਦ ਪੁਲਸ ਕੋਲ ਪੇਸ਼ ਹੋਣ ਦੀ ਲੋੜ ਨਹੀਂ , ਜੇਲ ਵਿਚ ਕੈਦੀਆਂ ਲਈ ਸਾਰਾ ਸਾਮਾਨ ਉਪਲਬੱਧ ਹੁੰਦਾ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੈਰਿਜ ਪੈਲੇਸਾਂ ਵਿਚ ਵਿਆਹ ਸਮਾਗਮ ਮੌਕੇ ਗੋਲੀਆਂ ਨਾ ਚਲਾਉਣ ਤੇ ਜੇਕਰ ਕਿਸੇ ਨੂੰ ਗੋਲੀਆਂ ਚਲਾਉਣ ਦਾ ਸ਼ੌਕ ਹੈ ਤਾਂ ਉਸ ਨੂੰ ਫੌਜ ਵਿਚ ਦੁਸ਼ਮਣਾਂ ਖਿਲਾਫ ਭੇਜ ਦਿੰਦੇ ਹਾਂ। ਇਸ ਦੌਰਾਨ ਉਨ੍ਹਾਂ ਨਾਲ ਰੂਪਨਗਰ ਹਲਕੇ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, 'ਆਪ' ਦੇ ਯੂਥ ਵਿੰਗ ਦੇ ਜ਼ਿਲਾ ਰੂਪਨਗਰ ਦੇ ਪ੍ਰਧਾਨ ਰਾਮ ਕੁਮਾਰ ਮੁਕਾਰੀ ਅਤੇ ਹੋਰ ਆਗੂ ਵੀ ਹਾਜ਼ਰ ਸਨ।
ਅਪ੍ਰੈਲ ਤੋਂ ਬਿਜਲੀ ਦੀਆਂ ਦਰਾਂ 'ਚ ਸੋਧ ਕਰਨ ਦਾ ਮਾਮਲਾ
NEXT STORY