ਚੰਡੀਗੜ੍ਹ (ਬਿਊਰੋ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ (ਪੀ. ਐੱਲ. ਸੀ.) ਲਈ ਇਸ ਨੂੰ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਕਿ ਇਸ ਦੇ ਘੱਟੋ-ਘੱਟ 10 ਉਮੀਦਵਾਰਾਂ ਨੇ ਪਾਰਟੀ ਦੇ ਚੋਣ ਨਿਸ਼ਾਨ ‘ਖਿੱਦੋ ਖੂੰਡੀ’ ਦੀ ਥਾਂ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ’ਤੇ ਚੋਣ ਲੜਨ ਨੂੰ ਤਰਜੀਹ ਦਿੱਤੀ ਹੈ। ਪੰਜਾਬ ਲੋਕ ਕਾਂਗਰਸ ਦੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ’ਚ ਆਪਣੇ ਹਿੱਸੇ ਆਉਂਦੇ 37 ਵਿਧਾਨ ਸਭਾ ਹਲਕਿਆਂ ’ਚੋਂ 32 ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਪੀ. ਐੱਲ. ਸੀ. ਦੇ ਜਨਰਲ ਸਕੱਤਰ ਇੰਚਾਰਜ ਕਮਲਦੀਪ ਸੈਣੀ ਸਮੇਤ ਚਾਰ ਉਮੀਦਵਾਰਾਂ ਨੇ ਭਾਜਪਾ ਤੋਂ ਚੋਣ ਲੜਨ ਲਈ ‘ਕਮਲ’ ਚੋਣ ਨਿਸ਼ਾਨ ਮੰਗਿਆ ਹੈ, ਜੋ ਖਰੜ ਖੇਤਰ ਤੋਂ ਚੋਣ ਲੜ ਰਹੇ ਹਨ। ਹੋਰਾਂ ਉਮੀਦਵਾਰਾਂ ’ਚ ਬਠਿੰਡਾ (ਸ਼ਹਿਰੀ), ਲੁਧਿਆਣਾ ਪੂਰਬੀ ਤੇ ਆਤਮਨਗਰ ਸ਼ਾਮਲ ਹਨ। ਪ੍ਰੇਮ ਮਿੱਤਲ, ਸ਼੍ਰੋਮਣੀ ਅਕਾਲੀ ਦਲ ਦੇ ਮਾਨਸਾ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਲੁਧਿਆਣਾ ਆਤਮਨਗਰ ਤੋਂ ਮੈਦਾਨ ’ਚ ਹਨ, ਜਗਮੋਹਨ ਸ਼ਰਮਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਲੁਧਿਆਣਾ ਪੂਰਬੀ ਤੇ ਰਾਜ ਨੰਬਰਦਾਰ ਨੂੰ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਚਾਰੇ ਸ਼ਹਿਰੀ ਵਿਧਾਨ ਸਭਾ ਹਲਕੇ ਹਨ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਇਨ੍ਹਾਂ ਚਾਰ ਉਮੀਦਵਾਰਾਂ ਨੂੰ ਸਵੀਕਾਰ ਕਰ ਲਿਆ ਸੀ ਤੇ ਉਨ੍ਹਾਂ ਨੂੰ ਪੰਜਾਬ ਲੋਕ ਕਾਂਗਰਸ ਦੇ ਛੇ ਹੋਰ ਉਮੀਦਵਾਰਾਂ ਤੋਂ ਬੇਨਤੀ ਪ੍ਰਾਪਤ ਹੋਈ ਸੀ, ਜੋ ਕਮਲ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ, ਦੋ ਸੀਟਾਂ ਤੋਂ ਚੋਣ ਲੜਨਗੇ CM ਚੰਨੀ
ਇਸ ਦਰਮਿਆਨ ਕੈਪਟਨ ਦੇ ਬੁਲਾਰੇ ਵਿਮਲ ਸੁੰਬਲੀ ਨੇ ਕਿਹਾ ਕਿ ਗੱਠਜੋੜ ਦੇ ਤਿੰਨ ਸਹਿਯੋਗੀਆਂ ਵਿਚਾਲੇ ਪਹਿਲਾਂ ਹੀ ਇਸ ਗੱਲ ’ਤੇ ਚਰਚਾ ਹੋ ਚੁੱਕੀ ਸੀ ਕਿ ਕੋਈ ਵੀ ਉਮੀਦਵਾਰ ਕਿਸੇ ਵੀ ਚੋਣ ਨਿਸ਼ਾਨ ਦੀ ਚੋਣ ਕਰ ਸਕਦਾ ਹੈ। ਤਿੰਨਾਂ ਪੱਖਾਂ ਵਿਚਾਲੇ ਇਸ ’ਤੇ ਸਹਿਮਤੀ ਬਣੀ ਸੀ ਤੇ ਗੱਠਜੋੜ ਦੇ ਤਿੰਨਾਂ ਸਹਿਯੋਗੀਆਂ ਨੇ ਇਸ ਨੂੰ ਉਮੀਦਵਾਰਾਂ ’ਤੇ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸਮੱਸਿਆ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਜਨਰਲ ਸਕੱਤਰ ਇੰਚਾਰਜ ਵੱਲੋਂ ਭਾਜਪਾ ਦੇ ਚੋਣ ਨਿਸ਼ਾਨ ਦੀ ਚੋਣ ਕਰਨ ਨਾਲ ਇਕ ਗ਼ਲਤ ਸੰਦੇਸ਼ ਗਿਆ ਸੀ। ਕਮਲਦੀਪ ਸੈਣੀ ਜੋ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਸਮੇਂ ਦਸਤਖਤ ਕਰ ਰਹੇ ਹਨ, ਖੁਦ ਭਾਜਪਾ ਦਾ ਚੋਣ ਨਿਸ਼ਾਨ ਚੁਣ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਦਾ ਹੈ ਤਾਂ ਉਸ ਨੂੰ ਭਾਜਪਾ ਦਾ ਉਮੀਦਵਾਰ ਮੰਨਿਆ ਜਾਵੇਗਾ ਤੇ ਉਹ ਵਿਧਾਨ ਸਭਾ ’ਚ ਪੰਜਾਬ ਲੋਕ ਕਾਂਗਰਸ ਦੇ ਮੈਂਬਰਾਂ ਨਾਲ ਨਹੀਂ ਬੈਠੇਗਾ। ਇਸ ਤਰ੍ਹਾਂ ਕੈਪਟਨ ਅਮਰਿੰਦਰ ਵੱਲੋਂ ਭਾਜਪਾ ਤੋਂ 37 ਸੀਟਾਂ ਹਾਸਲ ਕਰਨ ਲਈ ਕੀਤੀ ਜੱਦੋ-ਜਹਿਦ ਬੇਕਾਰ ਚਲੀ ਗਈ ਹੈ।
ਹਾਲਾਂਕਿ ਪਾਰਟੀ ਦੇ ਇਕ ਨੇਤਾ ਨੇ ਭਾਜਪਾ ਦੇ ਚੋਣ ਨਿਸ਼ਾਨ ਨੂੰ ਤਰਜੀਹ ਦੇਣ ਵਾਲੇ ਉਮੀਦਵਾਰਾਂ ਦਾ ਬਚਾਅ ਕੀਤਾ ਤੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਭਾਜਪਾ ਦਾ ਚੋਣ ਨਿਸ਼ਾਨ ਚੁਣਿਆ ਹੈ, ਉਹ ਸ਼ਹਿਰੀ ਸੀਟਾਂ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਹਿਰਾਂ ’ਚ ਉਨ੍ਹਾਂ ਨੂੰ ਹਿੰਦੂ ਵੋਟਾਂ ਮਿਲਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਲੋਕ ਕਾਂਗਰਸ ਨੇ ਨਕੋਦਰ ਤੋਂ ਆਪਣੇ ਪਹਿਲਾਂ ਐਲਾਨੇ ਗਏ ਉਮੀਦਵਾਰ ਹਾਕੀ ਓਲੰਪੀਅਨ ਅਜੀਤਪਾਲ ਸਿੰਘ ਨੂੰ ਬਦਲ ਦਿੱਤਾ ਹੈ । ਉਨ੍ਹਾਂ ਦੀ ਥਾਂ ਹੁਣ ਸ਼ੰਮੀ ਕੁਮਾਰ ਕਲਿਆਣ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ ਕਿਉਂਕਿ ਅਜੀਤ ਪਾਲ ਰਜਿਸਟਰਡ ਵੋਟਰ ਨਹੀਂ ਸਨ। ਇਸੇ ਤਰ੍ਹਾਂ ਪਾਰਟੀ ਨੇ ਬਠਿੰਡਾ ਦਿਹਾਤੀ ਤੋਂ ਆਪਣੇ ਉਮੀਦਵਾਰ ਸਵੇਰਾ ਸਿੰਘ ਦੀ ਥਾਂ ਉਨ੍ਹਾਂ ਦੀ ਮਾਂ ਮਾਇਆ ਦੇਵੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਕਾਂਗਰਸ 'ਚ ਸ਼ਾਮਲ ਹੋਣ ਦੇ ਬਾਵਜੂਦ 'ਆਪ' ਦੇ 4 ਮੌਜੂਦਾ ਵਿਧਾਇਕਾਂ ਨੂੰ ਨਹੀਂ ਮਿਲੀ ਟਿਕਟ
NEXT STORY