ਚੰਡੀਗੜ੍ਹ (ਅੰਕੁਰ) : ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਕੇਂਦਰ ’ਚ ਆ ਗਿਆ ਹੈ। ਭਾਜਪਾ ’ਚ ਹੁੰਦਿਆਂ ਉਨ੍ਹਾਂ ਵੱਲੋਂ ਹਾਲ ਹੀ ’ਚ ਕਾਂਗਰਸ ਲੀਡਰਸ਼ਿਪ ਖ਼ਾਸ ਕਰਕੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਬਾਰੇ ਕੀਤੀਆਂ ਹਾਂ-ਪੱਖੀ ਟਿੱਪਣੀਆਂ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ 2021 ’ਚ ਕਾਂਗਰਸ ਨਾ ਛੱਡਦੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਸਰਕਾਰ ਮੁੜ ਬਣ ਸਕਦੀ ਸੀ। ਵੜਿੰਗ ਦੇ ਇਸ ਬਿਆਨ ਨੇ ਨਾ ਸਿਰਫ਼ ਕੈਪਟਨ ਦੀ ਸਿਆਸੀ ਭੂਮਿਕਾ ਨੂੰ ਮੁੜ ਚਰਚਾ ’ਚ ਲਿਆ ਦਿੱਤਾ ਹੈ, ਸਗੋਂ ਪੰਜਾਬ ਕਾਂਗਰਸ ਦੇ ਅੰਦਰਲੇ ਸਿਆਸੀ ਸੰਕੇਤਾਂ ਨੂੰ ਲੈ ਕੇ ਵੀ ਨਵੀਆਂ ਅਟਕਲਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜੇਕਰ ਕਾਂਗਰਸ ਇੰਨੀ ਹੀ ਚੰਗੀ ਪਾਰਟੀ ਸੀ ਤਾਂ ਕੈਪਟਨ ਨੇ ਇਸ ਨੂੰ ਦੋ ਵਾਰ ਕਿਉਂ ਛੱਡਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਸਭ ਕੁੱਝ ਦਿੱਤਾ। ਉਹ ਦੋ ਵਾਰ ਮੁੱਖ ਮੰਤਰੀ ਬਣੇ, ਦੋ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਕੇਂਦਰ ’ਚ ਮੰਤਰੀ ਵੀ ਬਣੇ। ਜੇਕਰ ਉਹ ਅੱਜ ਕਾਂਗਰਸ ਦੀ ਤਾਰੀਫ਼ ਕਰ ਰਹੇ ਹਨ ਤਾਂ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ ਫਿਰ ਪਾਰਟੀ ਛੱਡਣ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਕਿਸੇ ਅਹੁਦੇ ਤੋਂ ਹਟਾਏ ਜਾਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਪਾਰਟੀ ਹੀ ਛੱਡ ਦਿੱਤੀ ਜਾਵੇ। ਕਾਂਗਰਸ ’ਚ ਕਈ ਵੱਡੇ ਨੇਤਾਵਾਂ ਨੇ ਅਹੁਦੇ ਛੱਡੇ ਹਨ ਪਰ ਪਾਰਟੀ ਨਹੀਂ ਛੱਡੀ। ਇਸ ਲਈ ਕੈਪਟਨ ਨੂੰ ਵੀ ਪਾਰਟੀ ’ਚ ਰਹਿ ਕੇ ਆਪਣੀ ਲੜਾਈ ਲੜਨੀ ਚਾਹੀਦੀ ਸੀ। ਉਨ੍ਹਾਂ ਦੇ ਜਾਣ ਨਾਲ ਕਾਂਗਰਸ ਦੀ ਇਕਜੁੱਟਤਾ ਟੁੱਟ ਗਈ ਸੀ। ਜੇਕਰ ਕੈਪਟਨ ਪਾਰਟੀ ’ਚ ਰਹਿੰਦੇ ਤਾਂ ਪਾਰਟੀ ਦੇ ਅਕਸ ਅਤੇ ਵੋਟ ਬੈਂਕ ਦੋਵੇਂ ਮਜ਼ਬੂਤ ਰਹਿੰਦੇ ਅਤੇ ਸੰਭਵ ਸੀ ਕਿ ਕਾਂਗਰਸ ਸੱਤਾ ’ਚ ਵਾਪਸੀ ਕਰ ਲੈਂਦੀ। ਦਰਅਸਲ 2021 ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਕਮਾਨ ਦਿੱਤੀ ਗਈ ਸੀ। ਇਸ ਤੋਂ ਕੁੱਝ ਮਹੀਨੇ ਬਾਅਦ ਹੀ 2022 ਦੀਆਂ ਚੋਣਾਂ ਹੋਈਆਂ, ਜਿੱਥੇ ਕਾਂਗਰਸ ਸਿਰਫ਼ 18 ਸੀਟਾਂ 'ਤੇ ਸਿਮਟ ਗਈ। ਉਸ ਵੇਲੇ ਤੋਂ ਹੀ ਇਹ ਚਰਚਾ ਚੱਲਦੀ ਰਹੀ ਹੈ ਕਿ ਕੈਪਟਨ ਦੇ ਚਲੇ ਜਾਣ ਨੇ ਕਾਂਗਰਸ ਨੂੰ ਵੱਡਾ ਨੁਕਸਾਨ ਪਹੁੰਚਾਇਆ। ਪਿਛਲੇ ਕੁੱਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਟਿੱਪਣੀਆਂ ਨੇ ਪੰਜਾਬ ਦੀ ਸਿਆਸਤ ’ਚ ਨਵੀਂ ਹਲਚਲ ਪੈਦਾ ਕੀਤੀ ਹੈ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸੋਨੀਆ ਗਾਂਧੀ ਨਾਲ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਕਦੇ ਕੋਈ ਦਿੱਕਤ ਨਹੀਂ ਆਈ। ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਸ਼ੁੱਭਕਾਮਨਾਵਾਂ ਭੇਜੀਆਂ ਗਈਆਂ ਅਤੇ ਪਰਿਵਾਰਕ ਦੁੱਖ ਦੇ ਸਮੇਂ ਵੀ ਸੰਪਰਕ ਕੀਤਾ ਗਿਆ। ਕੈਪਟਨ ਦੇ ਇਹ ਬਿਆਨ ਉਸ ਸਮੇਂ ਸਾਹਮਣੇ ਆਏ ਹਨ, ਜਦੋਂ ਪੰਜਾਬ ਭਾਜਪਾ ’ਚ ਨਵੀਂ ਲੀਡਰਸ਼ਿਪ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਇਸ ਕਰਕੇ ਕੈਪਟਨ ਦੀਆਂ ਟਿੱਪਣੀਆਂ ਨੂੰ ਸਿਰਫ਼ ਨਿੱਜੀ ਭਾਵਨਾਵਾਂ ਨਹੀਂ, ਸਗੋਂ ਇਕ ਵੱਡੇ ਸਿਆਸੀ ਸੰਕੇਤ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਬਾਰੇ ਅਹਿਮ ਖ਼ਬਰ
ਕਾਂਗਰਸ ਅਜੇ ਵੀ ਮਹਿਸੂਸ ਕਰਦੀ ਹੈ ਕੈਪਟਨ ਦੀ ਕਮੀ!
ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਰਾਜਾ ਵੜਿੰਗ ਦੇ ਬਿਆਨ ’ਚ ਸਿਰਫ਼ ਆਲੋਚਨਾ ਨਹੀਂ। ਜਦੋਂ ਉਹ ਕਹਿੰਦੇ ਹਨ ਕਿ ਕੈਪਟਨ ਰਹਿੰਦੇ ਤਾਂ ਸਰਕਾਰ ਬਣ ਸਕਦੀ ਸੀ ਤਾਂ ਇਸ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਪੰਜਾਬ ਕਾਂਗਰਸ ਅਜੇ ਤੱਕ ਉਸ ਪੱਧਰ ਦਾ ਆਗੂ ਤਿਆਰ ਨਹੀਂ ਕਰ ਸਕੀ, ਜੋ ਸਾਰੇ ਧੜਿਆਂ ਨੂੰ ਇਕ ਮੰਚ 'ਤੇ ਲਿਆ ਸਕੇ। 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਕਾਂਗਰਸ ਦੀ ਆਲ੍ਹਾ ਲੀਡਰਸ਼ਿਪ ਨੇ ਹਾਈਕਮਾਨ 'ਤੇ ਦਬਾਅ ਬਣਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਕਮਾਨ ਸੌਂਪੀ ਜਾਵੇ। ਉਸ ਵੇਲੇ ਕੈਪਟਨ ਦੇ ਚਿਹਰੇ 'ਤੇ ਚੋਣ ਲੜੀ ਗਈ ਅਤੇ ਕਾਂਗਰਸ ਨੇ ਵੱਡੀ ਜਿੱਤ ਦਰਜ ਕੀਤੀ ਸੀ। ਅੱਜ ਦੀ ਸਥਿਤੀ ਇਸ ਤੋਂ ਵੱਖਰੀ ਹੈ। ਪੰਜਾਬ ਕਾਂਗਰਸ ’ਚ ਕਈ ਵੱਡੇ ਚਿਹਰੇ ਹਨ ਪਰ ਅਜਿਹਾ ਕੋਈ ਇਕ ਆਗੂ ਨਜ਼ਰ ਨਹੀਂ ਆ ਰਿਹਾ, ਜਿਸ ਦੇ ਆਲੇ-ਦੁਆਲੇ ਪੂਰੀ ਪਾਰਟੀ ਇਕਜੁੱਟ ਹੋ ਸਕੇ।
ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਵੀ ਚਿੰਤਾ ਦਾ ਵਿਸ਼ਾ
ਹਾਲ ਹੀ ’ਚ ਦਿੱਲੀ ’ਚ ਹੋਈ ਪੰਜਾਬ ਕਾਂਗਰਸ ਦੀ ਮੀਟਿੰਗ ਦੌਰਾਨ ਵੀ ਅੰਦਰੂਨੀ ਮਤਭੇਦਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਸੂਤਰਾਂ ਮੁਤਾਬਕ ਵੱਖ-ਵੱਖ ਧੜਿਆਂ ’ਚ ਖਿੱਚੋਤਾਣ ਅਜੇ ਵੀ ਖ਼ਤਮ ਨਹੀਂ ਹੋਈ। ਕਾਂਗਰਸ ਅੰਦਰ ਕਈ ਆਗੂ ਮੌਜੂਦਾ ਪ੍ਰਬੰਧਨ ਨੂੰ ਲੈ ਕੇ ਆਪਣੀਆਂ ਅਸਹਿਮਤੀਆਂ ਖੁੱਲ੍ਹ ਕੇ ਜ਼ਾਹਰ ਕਰ ਰਹੇ ਹਨ। ਅਜਿਹੇ ਹਾਲਾਤ ’ਚ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵਾਰ-ਵਾਰ ਚਰਚਾ ’ਚ ਆਉਣਾ ਇਹ ਦਰਸਾਉਂਦਾ ਹੈ ਕਿ ਪਾਰਟੀ ਅਜੇ ਵੀ ਇਕ ਅਜਿਹੇ ਆਗੂ ਦੀ ਭਾਲ ’ਚ ਹੈ, ਸਾਰੇ ਧੜਿਆਂ ਨੂੰ ਇਕੱਠਾ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ : 4 ਸਾਲਾਂ ਦੇ ਇਸ਼ਕ ਦਾ ਬੇਹੱਦ ਦੁਖ਼ਦਾਈ ਅੰਤ, 30 ਸਾਲਾ ਮੁੰਡੇ ਨੇ ਜੋ ਕੀਤਾ, ਕਿਸੇ ਨੇ ਸੋਚਿਆ ਨਾ ਸੀ
ਭਾਜਪਾ ’ਚ ਨਹੀਂ ਮਿਲੀ ਕਾਂਗਰਸ ਜਿੰਨੀ ਸਪੇਸ
ਸਿਆਸੀ ਗਲਿਆਰਿਆਂ ’ਚ ਇਹ ਚਰਚਾ ਵੀ ਚੱਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ’ਚ ਉਹ ਸਿਆਸੀ ਸਪੇਸ ਹਾਸਲ ਨਹੀਂ ਕਰ ਸਕੇ, ਜੋ ਉਨ੍ਹਾਂ ਨੂੰ ਕਾਂਗਰਸ ’ਚ ਮਿਲੀ ਹੋਈ ਸੀ। ਲੰਬੇ ਸਮੇਂ ਤੱਕ ਕਾਂਗਰਸ ਦੀ ਰਾਜਨੀਤੀ ਕਰਨ ਵਾਲੇ ਕੈਪਟਨ ਲਈ ਭਾਜਪਾ ਦਾ ਜੱਥੇਬੰਦਕ ਢਾਂਚਾ ਅਤੇ ਕੰਮ ਕਰਨ ਦਾ ਸੱਭਿਆਚਾਰ ਵੱਖਰਾ ਹੈ। ਇਸੇ ਕਰਕੇ ਉਨ੍ਹਾਂ ਦੇ ਹਾਲੀਆ ਬਿਆਨਾਂ ਨੂੰ ਕੁੱਝ ਲੋਕ ਕਾਂਗਰਸ ਪ੍ਰਤੀ ਨਰਮ ਰੁਖ਼ ਅਤੇ ਪੁਰਾਣੇ ਸਿਆਸੀ ਰਿਸ਼ਤਿਆਂ ਦੀ ਯਾਦ ਵਜੋਂ ਵੀ ਦੇਖ ਰਹੇ ਹਨ। ਹਾਲਾਂਕਿ ਕੈਪਟਨ ਵੱਲੋਂ ਕਦੇ ਵੀ ਕਾਂਗਰਸ ’ਚ ਵਾਪਸੀ ਦੀ ਕੋਈ ਖੁੱਲ੍ਹੀ ਇੱਛਾ ਜ਼ਾਹਰ ਨਹੀਂ ਕੀਤੀ ਗਈ।
2027 ਦੀਆਂ ਚੋਣਾਂ ਤੋਂ ਪਹਿਲਾਂ ਨਵਾਂ ਸਿਆਸੀ ਸੁਨੇਹਾ
ਰਾਜਾ ਵੜਿੰਗ ਦਾ ਬਿਆਨ ਉਸ ਸਮੇਂ ਆਇਆ ਹੈ, ਜਦੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕਾਂਗਰਸ ਆਪਣੇ ਅੰਦਰੂਨੀ ਵਿਵਾਦਾਂ ਨੂੰ ਖ਼ਤਮ ਕਰ ਕੇ ਇਕਜੁੱਟਤਾ ਦਾ ਸੰਦੇਸ਼ ਦੇਣਾ ਚਾਹੁੰਦੀ ਹੈ, ਜਦੋਂਕਿ ਭਾਜਪਾ ਪੰਜਾਬ ’ਚ ਆਪਣਾ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸੂਰਤ ’ਚ ਅਮਰਿੰਦਰ ਸਿੰਘ ਨੂੰ ਲੈ ਕੇ ਹੋ ਰਹੀ ਇਹ ਸਿਆਸੀ ਬਿਆਨਬਾਜ਼ੀ ਸਿਰਫ਼ ਅਤੀਤ ਦੀ ਚਰਚਾ ਨਹੀਂ, ਸਗੋਂ ਭਵਿੱਖ ਦੀ ਰਾਜਨੀਤੀ ਨਾਲ ਵੀ ਜੁੜੀ ਹੋਈ ਹੈ। ਵੜਿੰਗ ਦੇ ਬਿਆਨ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਕਾਂਗਰਸ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਕਦਰ ਅਤੇ ਪ੍ਰਭਾਵ ਨੂੰ ਮਹਿਸੂਸ ਕਰਦੀ ਹੈ? ਦੂਜੇ ਪਾਸੇ ਕੈਪਟਨ ਦੇ ਕਾਂਗਰਸ ਲੀਡਰਸ਼ਿਪ ਬਾਰੇ ਨਰਮ ਬਿਆਨ ਵੀ ਕਈ ਸਿਆਸੀ ਅਟਕਲਾਂ ਨੂੰ ਜਨਮ ਦੇ ਰਹੇ ਹਨ। ਫ਼ਿਲਹਾਲ ਕੈਪਟਨ ਦੀ ਵਾਪਸੀ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਪਰ ਇੰਨਾ ਜ਼ਰੂਰ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ’ਚ ਕੈਪਟਨ ਦਾ ਨਾਂ ਇਕ ਵਾਰ ਫਿਰ ਕੇਂਦਰੀ ਚਰਚਾ ਦਾ ਵਿਸ਼ਾ ਬਣਦਾ ਦਿਖਾਈ ਦੇ ਰਿਹਾ ਹੈ। ਵੜਿੰਗ ਦੇ ਬਿਆਨ ਨੇ ਇਸ ਚਰਚਾ ਨੂੰ ਹੋਰ ਹਵਾ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ’ਚ ਇਹ ਮੁੱਦਾ ਹੋਰ ਗਰਮਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਧਿਆਪਕ ਜਗਦੀਪ ਸਿੰਘ ਕਤਲ ਕਾਂਡ 'ਚ ਜਥੇਦਾਰ ਗੜਗੱਜ ਦਾ ਵੱਡਾ ਬਿਆਨ
NEXT STORY