ਚੰਡੀਗੜ੍ਹ : ਕਰੀਬ ਦੋ ਹਫ਼ਤਿਆਂ ਲਈ ਛੁੱਟੀਆਂ ਮਨਾਉਣ ਯੂਰਪੀਨ ਦੇਸ਼ਾਂ ਦੇ ਦੌਰੇ 'ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕੈਪਟਨ ਨੂੰ ਲਾਪਰਵਾਹ ਮੁੱਖ ਮੰਤਰੀ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲਾਪਰਵਾਹ ਮੁੱਖ ਮੰਤਰੀ ਸਾਬਤ ਹੋ ਰਹੇ ਹਨ ਜੋ ਸੂਬੇ ਨੂੰ ਬਿਲਕੁਲ ਲਾਵਾਰਸ ਛੱਡ ਕੇ ਆਪਣੀ 'ਕਿਚਨ ਕੈਬਨਿਟ ਸਮੇਤ ਯੂਰਪ 'ਚ 'ਸ਼ਿਕਾਰ' ਖੇਡਣ ਨਿਕਲ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 'ਰੋਮ ਜਲ ਰਿਹਾ ਸੀ' ਕਹਾਵਤ ਨੂੰ ਹੂ-ਬ-ਹੂ ਸੱਚ ਕਰ ਕੇ ਦਿੱਤਾ ਹੈ। ਇਕ ਪਾਸੇ ਅੱਜ ਪੰਜਾਬ ਦੇ ਕਿਸਾਨ-ਮਜ਼ਦੂਰ, ਬੇਰੁਜ਼ਗਾਰ, ਮੁਲਾਜ਼ਮ-ਪੈਨਸ਼ਨਰ, ਵਪਾਰੀ-ਦੁਕਾਨਦਾਰ, ਬਜ਼ੁਰਗ ਤੇ ਵਿਧਵਾਵਾਂ ਅਤੇ ਦਲਿਤਾਂ-ਗ਼ਰੀਬਾਂ ਸਮੇਤ ਹਰ ਵਰਗ ਚੋਣ ਵਾਅਦਿਆਂ ਤੋਂ ਭੱਜੀ ਕੈਪਟਨ ਸਰਕਾਰ ਵਿਰੁੱਧ ਸੜਕਾਂ 'ਤੇ ਰੋਸ-ਪ੍ਰਦਰਸ਼ਨ ਕਰ ਰਿਹਾ ਹੈ, ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਭ ਨੂੰ ਅਣਗੌਲਿਆ ਕਰਕੇ ਵਿਦੇਸ਼ੀ ਧਰਤੀ 'ਤੇ ਸੈਰ-ਸਪਾਟੇ ਕਰ ਰਹੇ ਹਨ। ਮਾਨ ਨੇ ਕਿਹਾ ਕਿ ਸੂਬੇ ਨੂੰ ਅਜਿਹੇ ਤਰਸਯੋਗ ਹਾਲਤ 'ਚ ਛੱਡ ਕੇ ਕੋਈ ਮੁੱਖ ਮੰਤਰੀ ਆਪਣੀ ਮੌਜ-ਮਸਤੀ ਬਾਰੇ ਕਿਵੇਂ ਸੋਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦੋ ਹਫ਼ਤਿਆਂ ਦੇ ਵਿਦੇਸ਼ ਦੌਰੇ 'ਤੇ ਜਾਣ ਤੋਂ ਪਹਿਲਾਂ ਕਿਸੇ ਹੋਰ ਮੰਤਰੀ ਨੂੰ ਰੋਜ਼ਾਨਾ ਦੇ ਸਰਕਾਰੀ ਕੰਮਕਾਜ ਜਾਂ ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ 'ਚਾਰਜ' ਦੇ ਕੇ ਜਾਣਾ ਵੀ ਜ਼ਰੂਰੀ ਨਹੀਂ ਸਮਝਿਆ। ਭਗਵੰਤ ਮਾਨ ਮੁਤਾਬਿਕ 'ਲੋਕਤੰਤਰ ਰਾਹੀਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ 'ਰਾਜਾਸ਼ਾਹੀ' ਵਾਲੇ ਅੰਦਾਜ਼ ਨਾਲ ਵਿਚਰ ਰਹੇ ਹਨ, ਜਿਵੇਂ ਪੰਜਾਬ ਉਨ੍ਹਾਂ ਦੇ ਸ਼ਾਹੀ ਪਟਿਆਲਾ ਖ਼ਾਨਦਾਨ ਦੀ ਨਿੱਜੀ ਜਾਗੀਰ ਹੋਵੇ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਨਾਲ ਗਈ 'ਸ਼ਾਹੀ ਜੁੰਡਲੀ' ਜਿੰਨ੍ਹਾਂ 'ਚ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ ਅਰਬਪਤੀ ਦੋਸਤ ਕੇਵਲ ਸਿੰਘ ਢਿੱਲੋਂ ਚੰਗੀ ਤਰ੍ਹਾਂ ਸਮਝ ਲੈਣ ਕਿ ਲੋਕਤੰਤਰ ਵਿਵਸਥਾ 'ਚ ਲੋਕ ਵੱਡੇ ਹੁੰਦੇ ਹਨ ਅਤੇ ਰਾਜਭਾਗ ਰਾਣੀ ਦੀ ਕੁੱਖ 'ਚੋਂ ਨਹੀਂ ਲੋਕਾਂ ਦੇ ਫ਼ਤਵੇ ਨਾਲ ਮਿਲਦਾ ਹੈ। ਇਸ ਲਈ ਸੱਤਾ ਦੇ ਨਸ਼ੇ 'ਚ ਕੈਪਟਨ ਲੋਕ ਫ਼ਤਵੇ ਦੀ ਅਹਿਮੀਅਤ ਨਾ ਭੁੱਲਣ ।
ਭਗਵੰਤ ਮਾਨ ਨੇ ਕਿਹਾ ਕਿ ਉਂਝ ਤਾਂ ਪਿਛਲੇ ਪੌਣੇ ਤਿੰਨ ਸਾਲਾਂ ਤੋਂ ਪੰਜਾਬ ਲਾਵਾਰਸ ਹੀ ਚੱਲ ਰਿਹਾ ਹੈ। ਮੁੱਖ ਮੰਤਰੀ ਬਣਨ ਉਪਰੰਤ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਮਿਲਣ ਜਾਂ ਸਿਵਲ ਸਕੱਤਰੇਤ ਸਥਿਤ ਮੁੱਖ ਮੰਤਰੀ ਦਫ਼ਤਰ 'ਚ ਜਾਣਾ ਵੀ ਜ਼ਰੂਰੀ ਨਹੀਂ ਸਮਝਦੇ, ਜਿਸ ਕਾਰਨ ਸਾਰਾ ਸਕੱਤਰੇਤ ਵਿਹਲਾ ਪਿਆ ਹੈ ਅਤੇ ਕੰਮ ਲਈ ਆਉਂਦੇ ਲੋਕਾਂ ਖੱਜਲ-ਖੁਆਰ ਹੋ ਰਹੇ ਹਨ, ਪਰ ਮੁੱਖ ਮੰਤਰੀ ਨੂੰ ਕਿਸੇ ਦੀ ਪ੍ਰਵਾਹ ਹੀ ਨਹੀਂ। ਹੋਰ ਤਾਂ ਹੋਰ 'ਕਾਰਜਕਾਰੀ ਮੁੱਖ ਮੰਤਰੀ' ਮੰਨੇ ਜਾਂਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਇਸ ਸਮੇਂ ਪੰਜਾਬ 'ਰੱਬ ਆਸਰੇ' ਚੱਲ ਰਿਹਾ ਹੈ। ਮਾਨ ਨੇ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਨੂੰ ਆਪਣੇ ਕਿਸੇ ਮੰਤਰੀ 'ਤੇ ਭਰੋਸਾ ਨਹੀਂ ਹੈ ਕਿ 'ਚਾਰਜ' ਲੈਣ ਵਾਲਾ ਪਿੱਛੋਂ ਤਖ਼ਤਾ ਹੀ ਨਾ ਪਲਟ ਦੇਵੇ?
Punjab Wrap Up : ਪੜ੍ਹੋ 15 ਨਵੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
NEXT STORY