ਜਲੰਧਰ (ਧਵਨ) - ਪਿਛਲੇ ਮਹੀਨੇ ਪੁਲਵਾਮਾ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਦੇ ਪਿਤਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਦੂਜੇ ਬੇਟੇ ਲਖਵੀਸ਼ ਨੂੰ ਸੀ. ਆਰ.ਪੀ. ਐੱਫ. ਤੋਂ ਪੰਜਾਬ ਪੁਲਸ 'ਚ ਤਬਦੀਲ ਕਰਨ ਲਈ ਚਿੱਠੀ ਲਿਖੀ। ਇਸ ਚਿੱਠੀ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਪੁਲਸ ਮੁਖੀ ਦਿਨਕਰ ਗੁਪਤਾ ਨੂੰ ਕਿਹਾ ਹੈ ਕਿ ਉਹ ਸ਼ਹੀਦ ਦੇ ਪਿਤਾ ਦੀ ਬੇਨਤੀ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦੇ ਦੂਜੇ ਬੇਟੇ ਨੂੰ ਸੀ. ਆਰ. ਪੀ. ਐੱਫ. ਤੋਂ ਪੰਜਾਬ ਪੁਲਸ 'ਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ।
ਮੁੱਖ ਮੰਤਰੀ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦੇ ਕਲਿਆਣ ਲਈ ਵਚਨਬੱਧ ਹਨ। ਉਨ੍ਹਾਂ ਖੁਦ ਫੌਜ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਖਵੀਸ਼ ਨੂੰ ਭਾਵੇਂ ਡੈਪੂਟੇਸ਼ਨ 'ਤੇ ਹੀ ਕਿਉਂ ਨਾ ਪੰਜਾਬ ਪੁਲਸ 'ਚ ਲਿਆਉਣਾ ਪਏ, ਇਸ ਲਈ ਦਿਨਕਰ ਗੁਪਤਾ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਖਵੀਸ਼ ਜੇ ਪੰਜਾਬ ਪੁਲਸ 'ਚ ਆਉਂਦੇ ਹਨ ਤਾਂ ਉਹ ਆਪਣੇ ਬਜ਼ੁਰਗ ਪਿਤਾ ਦੀ ਦੇਖਭਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਿਤਾ ਨੂੰ ਜੇ ਕੋਈ ਹੋਰ ਪ੍ਰੇਸ਼ਾਨੀ ਹੋਈ ਤਾਂ ਸੂਬਾ ਸਰਕਾਰ ਆਪਣੇ ਵਲੋਂ ਉਸ ਨੂੰ ਹੱਲ ਕਰਨ 'ਚ ਪੂਰਾ ਸਹਿਯੋਗ ਦੇਵੇਗੀ। ਦੱਸਣਯੋਗ ਹੈ ਕਿ ਸ਼ਹੀਦ ਦੇ ਪਿਤਾ ਵਲੋਂ ਲਿਖੀ ਗਈ ਚਿੱਠੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤਕ ਕੋਈ ਨੋਟਿਸ ਨਹੀਂ ਲਿਆ ਜਦਕਿ ਕੈਪਟਨ ਨੇ ਇਕ ਅਖਬਾਰ 'ਚ ਛਪੀ ਖਬਰ ਰਾਹੀਂ ਸ਼ਹੀਦ ਦੇ ਪਿਤਾ ਦੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਡੀ. ਜੀ. ਪੀ. ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਦੀਨਾਨਗਰ ਵਿਖੇ ਸਥਿਤ ਸ਼ਹੀਦ ਦੇ ਪਿਤਾ ਦੀ ਗਾਥਾ ਨੂੰ ਅਖਬਾਰਾਂ 'ਚ ਛਪੀ ਖਬਰ ਰਾਹੀਂ ਜਾਣ ਲਿਆ ਅਤੇ ਇਸ ਸਬੰਧੀ ਢੁੱਕਵੇਂ ਦਿਸ਼ਾ-ਨਿਰਦੇਸ਼ ਚੋਟੀ ਦੇ ਪੁਲਸ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ।
ਚੋਣ ਕਮਿਸ਼ਨ ਦੀ 'ਸੀ-ਵਿਜਲ' ਐਪ ਪੰਜਾਬ 'ਚ ਹੋ ਰਹੀ ਕਾਰਗਾਰ ਸਾਬਤ
NEXT STORY