ਚੰਡੀਗਡ਼੍ਹ, (ਭੁੱਲਰ)- ਅੰਮ੍ਰਿਤਸਰ ਵਿਚ ਹੋਏ ਭਿਆਨਕ ਰੇਲ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਰੋਂਦੇ-ਵਿਲਕਦੇ ਪੀਡ਼ਤ ਪਰਿਵਾਰਾਂ ਨੂੰ ਛੱਡ ਕੇ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਦੇਸ਼ ਦੌਰੇ ’ਤੇ ਚਲੇ ਜਾਣਾ ਅਤਿ ਅਫ਼ਸੋਸਨਾਕ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਇਸ ਮਾਮਲੇ ’ਚ ਆਪਣੀ ਪ੍ਰਤੀਕਿਰਿਆ ਜਤਾਉਂਦਿਆਂ ਕਿਹਾ ਕਿ ਕੈਪਟਨ ਨੇ ਇਤਿਹਾਸ ਦੀ ਕਹਾਵਤ ‘ਰੋਮ ਜਲ ਰਿਹਾ ਸੀ ਤੇ ਨੀਰੋ ਬਾਂਸੁਰੀ ਵਜਾਉਂਦਾ ਰਿਹਾ’ ਨੂੰ ਸਾਬਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਜ਼ਰਾਈਲ ਦੇ ਸਰਕਾਰੀ ਦੌਰੇ ਬਾਰੇ ਤਾਂ ਸਮਝ ਆ ਸਕਦੀ ਹੈ ਪਰ ਤੁਰਕੀ ਦਾ ਦੌਰਾ ਸਮਝ ਤੋਂ ਬਾਹਰ ਹੈ, ਜਿਸ ਨੂੰ ਉਚਿੱਤ ਨਹੀਂ ਕਿਹਾ ਜਾ ਸਕਦਾ। ਬੀਰਦਵਿੰਦਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਆਪਣੇ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੈਪਟਨ ਦੀ ਪਾਕਿਸਤਾਨੀ ਮਿੱਤਰ ਆਰੂਸਾ ਆਲਮ ਵੀ ਉਨ੍ਹਾਂ ਦੇ ਤੁਰਕੀ ਦੌਰੇ ਸਮੇਂ ਉਥੇ ਪਹੁੰਚੇਗੀ, ਜੋ ਕਿ ਪੰਜਾਬ ਦੀ ਮੌਜੂਦਾ ਸਥਿਤੀ ਦੇ ਚਲਦਿਆਂ ਪੂਰੀ ਤਰ੍ਹਾਂ ਅਨੈਤਿਕਤਾ ਵਾਲੀ ਗੱਲ ਹੋਵੇਗੀ।
ਬੀਰਦਵਿੰਦਰ ਨੇ ਕਿਹਾ ਕਿ ਇਥੇ ਭਿਆਨਕ ਰੇਲ ਹਾਦਸੇ ਕਾਰਨ ਗਰੀਬ ਲੋਕਾਂ ਦੀ ਕੁਰਲਾਹਟ ਹੈ, ਉਥੇ ਬਰਗਾਡ਼ੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਚੱਲ ਰਿਹਾ ਇਨਸਾਫ਼ ਮੋਰਚਾ 144ਵੇਂ ਦਿਨ ਵਿਚ ਦਾਖਲ ਹੋ ਚੁੱਕਿਆ ਹੈ।
ਭਾਵੇਂ ਇਹ ਮੋਰਚਾ ਸ਼ਾਂਤਮਈ ਹੈ ਪਰ ਮੁੱਖ ਮੰਤਰੀ ਵਲੋਂ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਗੰਭੀਰਤਾ ਨਾ ਦਿਖਾਏ ਜਾਣ ਕਾਰਨ ਅਮਨ ਕਾਨੂੰਨ ਦੀ ਸਥਿਤੀ ਵੀ ਪੈਦਾ ਹੋਣ ਦਾ ਡਰ ਹੈ, ਜਿਸ ਕਰਕੇ ਅਜਿਹੇ ਹਾਲਾਤ ਵਿਚ ਕੈਪਟਨ ਦਾ ਵਿਦੇਸ਼ ਚਲੇ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਕੈਪਟਨ ਦੀ ਕਾਰਜਸ਼ੈਲੀ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਨਹੀਂ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਦਾ ਵੱਡਾ ਸਿਆਸੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
‘ਅੰਮ੍ਰਿਤਸਰ ਦੁਸਹਿਰੇ ਦੇ ਖੂਨੀ ਸਾਕਾ’ ਲਈ ਇਨਸਾਫ ਦੀ ਲੜਾਈ ਲੋਕਾਂ ਵਿਚ ਲੈ ਕੇ ਜਾਵਾਂਗੇ : ਸੁਖਬੀਰ, ਮਲਿਕ
NEXT STORY