ਚੰਡੀਗੜ੍ਹ/ਨਵੀਂ ਦਿੱਲੀ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤੇ ਉਸ ਮਤੇ ਦਾ ਸਵਾਗਤ ਕੀਤਾ, ਜਿਸ 'ਚ ਸੋਨੀਆ ਗਾਂਧੀ ਨੂੰ ਏ. ਆਈ. ਸੀ. ਸੀ. ਦੇ ਅਗਲੇ ਇਜਲਾਸ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਕਿਸੇ ਵੀ ਚੁਣੌਤੀ/ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਫ਼ੈਸਲੇ, ਸੰਗਠਨਾਤਮਕ ਬਦਲਾਵਾਂ ਸਣੇ ਲੈਣ ਦੇ ਅਧਿਕਾਰ ਦਿੱਤੇ ਗਏ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਸੋਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣੇ ਰਹਿਣ ਦੇ ਮੁੱਦੇ ਨੂੰ ਸਦਾ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਕੇਂਦਰੀ ਵਰਕਿੰਗ ਕਮੇਟੀ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਬੋਲਦੇ ਹੋਏ ਉਨ੍ਹਾਂ ਰਾਹੁਲ ਗਾਂਧੀ ਦੇ ਇਸ ਸੁਝਾਅ ਦੀ ਹਮਾਇਤ ਕੀਤੀ ਕਿ ਕਾਂਗਰਸ ਪ੍ਰਧਾਨ ਨੂੰ ਪਾਰਟੀ ਦੇ ਮਾਮਲਿਆਂ ਨੂੰ ਚਲਾਉਣ 'ਚ ਮਦਦ ਕਰਨ ਲਈ ਕੋਈ ਢਾਂਚਾ ਹੋਣਾ ਬਹੁਤ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦਾਂਬਰਮ ਦੀ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਏ. ਆਈ. ਸੀ. ਸੀ. ਦਾ ਅਗਲਾ ਇਜਲਾਸ ਛੇਤੀ ਹੀ, ਸੰਭਾਵੀ ਤੌਰ ’ਤੇ ਅਗਲੇ 6 ਮਹੀਨਿਆਂ ਦੇ ਅੰਦਰ ਸੱਦਿਆ ਜਾਵੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਕਮੇਟੀ ਦੇ ਉਸ ਮਤੇ ਨਾਲ ਵੀ ਪੂਰਨ ਤੌਰ ’ਤੇ ਸਹਿਮਤ ਹਨ, ਜਿਸ 'ਚ ਪਾਰਟੀ ਅੰਦਰਲੇ ਮਤਭੇਦਾਂ ਨੂੰ ਮੀਡੀਆ ਜਾਂ ਕਿਸੇ ਜਨਤਕ ਮੰਚ ਦੀ ਬਜਾਏ ਪਾਰਟੀ ਦੇ ਅੰਦਰ ਹੀ ਵਿਚਾਰਿਆ ਤੇ ਹੱਲ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਦੇ ਇਕ ਧੜੇ ਵੱਲੋਂ ਪੱਤਰ ਲੀਕ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਦਿਆਂ ਨਾਲ ਨਜਿੱਠਣ ਦੇ ਹੋਰ ਵੀ ਕਈ ਢੰਗ ਹੁੰਦੇ ਹਨ। ਕੈਪਟਨ ਨੇ ਪੱਤਰ ਜਾਰੀ ਹੋਣ ਦੇ ਸਮੇਂ ’ਤੇ ਸਵਾਲ ਚੁੱਕਣ ਸਬੰਧੀ ਰਾਹੁਲ ਗਾਂਧੀ ਵੱਲੋਂ ਦਿੱਤੇ ਦਖਲ ਤੋਂ ਤੁਰੰਤ ਬਾਅਦ ਕਿਹਾ ਕਿ ਇਹ ਠੀਕ ਨਹੀਂ ਹੈ।
ਭਾਜਪਾ ਸਾਡੇ (ਕਾਂਗਰਸ) ਪਿੱਛੇ ਪਈ ਹੋਈ ਹੈ ਅਤੇ ਇਸ ਸਭ ਦੇ 'ਚ ਸਾਡੇ ਆਪਣੇ ਲੋਕ ਹੀ ਅਸਹਿਮਤੀਆਂ ਪ੍ਰਗਟਾਉਣ ’ਤੇ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਪਾਰਟੀ ਦੀ ਅਗਵਾਈ ਕਰਦੇ ਰਹਿਣ ਅਤੇ ਆਪਣੇ ਅਹੁਦਾ ਛੱਡਣ ਦਾ ਮਨ ਬਣਾਉਣ ’ਤੇ ਪਾਰਟੀ ਦੀ ਵਾਂਗਡੋਰ ਰਾਹੁਲ ਗਾਂਧੀ ਨੂੰ ਸੌਂਪ ਦੇਣ ਲਈ ਕਿਹਾ।
ਮੋਗਾ ਜ਼ਿਲ੍ਹੇ 'ਚ 58 ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਗਿਣਤੀ ਹੋਈ 1234
NEXT STORY