ਜਲੰਧਰ (ਰਵਿੰਦਰ) - ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਮਰਜ਼ੀ ਨਾਲ ਪਾਰਟੀ ਦੇ ਵਿਧਾਇਕਾਂ 'ਚ ਅੰਦਰ ਹੀ ਅੰਦਰ ਰੋਸ ਉਭਰਨ ਲੱਗਾ ਹੈ। ਪਹਿਲਾਂ ਤਾਂ ਪਾਰਟੀ ਵਿਧਾਇਕਾਂ ਨੂੰ ਦੋਆਬਾ 'ਚ ਸੀ. ਐੱਮ. ਦੇ ਹਰੇਕ ਪ੍ਰੋਗਰਾਮ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਗਿਆ ਅਤੇ ਪ੍ਰੋਗਰਾਮਾਂ ਦੀ ਸਾਰੀ ਕਮਾਨ ਸੀ. ਐੱਮ. ਦੇ ਸਿਆਸੀ ਸਕੱਤਰ ਸੰਦੀਪ ਸੰਧੂ ਨੂੰ ਸੌਂਪੀ ਗਈ। ਉਥੇ ਹੀ ਨਕੋਦਰ 'ਚ ਹੋਏ ਕਰਜ਼ਾ ਮੁਆਫੀ ਪ੍ਰੋਗਰਾਮ 'ਚ ਵੀ ਵਿਧਾਇਕਾਂ ਦਾ ਰੋਸ ਖੁੱਲ੍ਹ ਕੇ ਦੇਖਿਆ ਗਿਆ।
ਸੀ. ਐੱਮ. ਦੀ ਸਟੇਜ 'ਤੇ ਪਾਰਟੀ ਨੇਤਾਵਾਂ ਦੀ ਥਾਂ ਪੂਰੀ ਤਰ੍ਹਾਂ ਨਾਲ ਕੈਪਟਨ ਦੀ ਪ੍ਰਾਈਵੇਟ ਆਰਮੀ ਦਾ ਕਬਜ਼ਾ ਸੀ। ਸਟੇਜ 'ਤੇ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਨਜ਼ਰ ਆਈ। ਸੀ. ਐੱਮ. ਦੀ ਸਟੇਜ 'ਤੇ ਚੰਗੀਆਂ ਕੁਰਸੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਇਨ੍ਹਾਂ ਕੁਰਸੀਆਂ 'ਤੇ ਪਾਰਟੀ ਦੇ ਨੇਤਾਵਾਂ ਨੂੰ ਬਿਠਾਉਣ ਦੀ ਬਜਾਏ ਕੈਪਟਨ ਦੀ ਪ੍ਰਾਈਵੇਟ ਆਰਮੀ ਨੂੰ ਬਿਠਾਇਆ ਗਿਆ ਸੀ ਤਾਂ ਕਿ ਕੋਈ ਪਾਰਟੀ ਨੇਤਾ ਇਨ੍ਹਾਂ ਕੁਰਸੀਆਂ 'ਤੇ ਨਾ ਬੈਠ ਸਕੇ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਸੀ ਕਿ ਜੇਕਰ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਉਥੇ ਨਹੀਂ ਬਿਠਾਉਣਾ ਸੀ ਤਾਂ ਫਿਰ ਸਟੇਜ 'ਤੇ ਕੁਰਸੀਆਂ ਦਾ ਇੰਤਜ਼ਾਮ ਹੀ ਕਿਉਂ ਕੀਤਾ ਗਿਆ। ਹਾਲਾਂਕਿ ਕੈਪਟਨ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਸਟੇਜ 'ਤੇ ਕਿਸੇ ਤਰ੍ਹਾਂ ਦੀ ਕੋਈ ਬਦ-ਇੰਤਜ਼ਾਮੀ ਨਾ ਹੋਵੇ ਅਤੇ ਕੋਈ ਗੈਰ ਪਾਰਟੀ ਵਿਅਕਤੀ ਉਥੇ ਆ ਕੇ ਨਾ ਬੈਠ ਜਾਵੇ ਇਸ ਲਈ ਉਥੇ ਪ੍ਰਾਈਵੇਟ ਆਰਮੀ ਨੂੰ ਬਿਠਾਇਆ ਗਿਆ ਸੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਕੈਪਟਨ ਦੀ ਮਨਮਰਜ਼ੀ ਕਾਰਨ ਹੁਣ ਹੌਲੀ-ਹੌਲੀ ਵਿਧਾਇਕਾਂ ਦਾ ਰੋਸ ਚੋਟੀ 'ਤੇ ਪਹੁੰਚਣ ਲੱਗਾ ਹੈ। ਇਕ ਸਮਾਂ ਸੀ ਜਦੋਂ ਵਿਧਾਇਕ ਆਪਣੇ ਪਿਆਰੇ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਦੀਦਾਰ ਕਰਨ ਨੂੰ ਤਰਸਦੇ ਸਨ ਪਰ ਪਿਛਲੇ ਇਕ ਸਾਲ ਤੋਂ ਜਿਸ ਤਰ੍ਹਾਂ ਵਿਧਾਇਕਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ, ਉਸ ਨਾਲ ਹੁਣ ਵਿਧਾਇਕਾਂ ਦਾ ਮੋਹ ਕੈਪਟਨ ਤੋਂ ਭੰਗ ਹੋਣ ਲੱਗਾ ਹੈ। ਇਹੀ ਕਾਰਨ ਰਿਹਾ ਹੈ ਕਿ ਨਕੋਦਰ 'ਚ ਹੋਏ ਸਮਾਰੋਹ 'ਚ ਕਈ ਵਿਧਾਇਕ ਤਾਂ ਪ੍ਰੋਗਰਾਮ ਖਤਮ ਹੋਣ ਤੋਂ ਕੁਝ ਹੀ ਮਿੰਟ ਪਹਿਲਾਂ ਪਹੁੰਚੇ। ਜ਼ਿਆਦਾਤਰ ਵਿਧਾਇਕਾਂ ਦਾ ਇਹੀ ਕਹਿਣਾ ਸੀ ਕਿ ਜਦੋਂ ਸਟੇਜ 'ਤੇ ਕੋਈ ਤਵੱਜੋ ਹੀ ਨਹੀਂ ਮਿਲਣੀ ਤਾਂ ਫਿਰ ਪਹਿਲਾਂ ਜਾ ਕੇ ਬੇਇੱਜ਼ਤੀ ਕਰਵਾਉਣ ਦੀ ਥਾਂ ਆਰਾਮ ਨਾਲ ਜਾਣਾ ਹੀ ਬਿਹਤਰ ਹੈ। ਪਾਰਟੀ 'ਚ ਚਲ ਰਹੇ ਅਜਿਹੇ ਹਾਲਾਤ ਆਉਣ ਵਾਲੇ ਦਿਨਾਂ 'ਚ ਕਿਸੇ ਡੂੰਘੇ ਖਤਰੇ ਦੇ ਸੰਕੇਤ ਹਨ।
ਫਿਰ ਹੋਇਆ ਫੌਜ 'ਚ ਫਰਜ਼ੀ ਭਰਤੀ ਦਾ ਪਰਦਾਫਾਸ਼ ; 2 ਜਵਾਨਾਂ ਬਦਲੇ ਲਏ 6 ਲੱਖ
NEXT STORY