ਹੁਸ਼ਿਆਰਪੁਰ (ਘੁੰਮਣ)— ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਰਥਕ ਮੰਦਹਾਲੀ ਵਿਚ ਡੁੱਬੀ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੈਪਟਨ ਸਰਕਾਰ ਦਿਨ-ਰਾਤ ਇਕ ਕਰ ਰਹੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੇ ਯਤਨ ਆਰੰਭ ਹੋ ਚੁੱਕੇ ਹਨ ਅਤੇ ਸਰਕਾਰ ਛੇਤੀ ਹੀ ਬਾਕੀ ਵਾਅਦੇ ਪੂਰੇ ਕਰਨ ਲਈ ਵੀ ਯਤਨਸ਼ੀਲ ਹੈ।
ਉਕਤ ਵਿਚਾਰ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਉਨ੍ਹਾਂ 'ਚ ਆਪਣਾ ਵਿਸ਼ਵਾਸ ਜਤਾਉਂਦਿਆਂ ਜਨਤਾ ਦਾ ਭਰਪੂਰ ਪਿਆਰ ਅਤੇ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਚੱਬੇਵਾਲ 'ਚ ਨਾਜਾਇਜ਼ ਮਾਈਨਿੰਗ ਅਤੇ ਨਸ਼ਿਆਂ ਦੀ ਨਕੇਲ ਕੱਸਣੀ ਸ਼ੁਰੂ ਹੋ ਗਈ ਸੀ, ਜਿਸ 'ਚ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਉਨ੍ਹਾਂ ਨੂੰ ਕਾਫੀ ਕਾਮਯਾਬੀ ਮਿਲੀ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ ਬਿਜਲੀ ਦੀ ਸਪਲਾਈ 6 ਘੰਟੇ, ਕੰਢੀ ਇਲਾਕੇ ਵਿਚ 24 ਘੰਟੇ ਬਿਜਲੀ ਯਕੀਨੀ ਬਣਾਉਣਾ, ਜ਼ਿੰਮੀਂਦਾਰਾਂ ਦੇ ਕਰਜ਼ੇ ਮੁਆਫ ਕਰਨ ਦਾ ਕੰਮ ਸ਼ੁਰੂ ਕਰਵਾਇਆ ਅਤੇ ਡਿਜੀਟਲ ਕੰਡੇ ਲੁਆ ਕੇ ਮੰਡੀਆਂ ਵਿਚ ਹੁੰਦੀ ਲੁੱਟ-ਖਸੁੱਟ ਤੋਂ ਕਿਸਾਨਾਂ ਨੂੰ ਆਜ਼ਾਦ ਕਰਵਾਇਆ। ਸਕੂਲਾਂ ਦੀ ਹਾਲਤ ਸੁਧਾਰਨ ਲਈ ਉਨ੍ਹਾਂ 'ਚ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਮੰਤਵ ਰਿਹਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਸੀਵਰੇਜ ਦੀ ਸਮੱਸਿਆ ਹੱਲ ਕਰਵਾਈ ਜਾ ਰਹੀ ਹੈ। ਵਰਣਨਯੋਗ ਹੈ ਕਿ ਡਾ. ਰਾਜ ਦੇ ਯਤਨਾਂ ਸਦਕਾ ਮੈਲੀ-ਜੇਜੋਂ ਰੋਡ 18 ਫੁੱਟ ਚੌੜੀ ਕਰਨ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਅਤੇ ਇਸ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ।
ਡਾ. ਰਾਜ ਨੇ ਕਿਹਾ ਕਿ ਜਨਤਾ ਨਾਲ ਕੀਤੇ ਵਾਅਦੇ ਅਨੁਸਾਰ ਉਹ ਆਪਣੇ ਵਿਧਾਇਕੀ ਵੇਤਨ 'ਚੋਂ ਲਗਾਤਾਰ ਹਲਕਾ ਚੱਬੇਵਾਲ ਦੇ ਆਪਣੇ ਗਰੀਬ ਭੈਣ-ਭਰਾਵਾਂ ਨੂੰ ਸਿਲਾਈ ਮਸ਼ੀਨਾਂ, ਵ੍ਹੀਲਚੇਅਰ ਅਤੇ ਸਾਈਕਲ ਆਦਿ ਵੰਡ ਕੇ ਉਨ੍ਹਾਂ ਦੀ ਮਦਦ ਕਰਨ ਦਾ ਵੀ ਛੋਟਾ ਜਿਹਾ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਮੀਨਾਰ-ਏ-ਬੇਗਮਪੁਰਾ ਪ੍ਰਾਜੈਕਟ ਜਲਦੀ ਪੂਰਾ ਕਰਵਾਉਣਾ, ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਏਅਰਪੋਰਟ ਚਾਲੂ ਕਰਵਾਉਣਾ ਅਤੇ ਪੰਜਾਬ ਵਿਚ ਕਰਨਾਟਕ ਦੀ ਤਰਜ਼ 'ਤੇ ਐੱਸ. ਸੀ. ਸਬ-ਪਲਾਨ ਐਕਟ ਨੂੰ ਲਾਗੂ ਕਰਵਾਉਣਾ ਉਨ੍ਹਾਂ ਦੇ ਕੁਝ ਅਜਿਹੇ ਸੁਪਨੇ ਹਨ, ਜਿਨ੍ਹਾਂ ਨੂੰ ਪੂਰਾ ਕਰਵਾਉਣ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ।
ਅਧਿਆਪਕਾਂ ਵੱਲੋਂ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY