ਜਲੰਧਰ (ਰਵਿੰਦਰ ਸ਼ਰਮਾ) - ਸੂਬੇ ਵਿਚ ਭਾਵੇਂ 10 ਸਾਲ ਬਾਅਦ ਸੱਤਾ ਤਬਦੀਲ ਹੋ ਗਈ ਹੈ, ਨਵੀਂ ਸਰਕਾਰ ਆਉਣ ਤੋਂ ਬਾਅਦ ਭਾਵੇਂ ਸੈਕਟਰੀਏਟ ਵਿਚ ਪੱਗਾਂ ਦੇ ਰੰਗ ਨੀਲੇ ਤੋਂ ਬਦਲ ਕੇ ਸਫੈਦ ਹੋ ਗਏ ਹੋਣ ਪਰ ਜਨਤਾ ਤੇ ਕਾਂਗਰਸੀ ਵਰਕਰਾਂ ਦੀ ਤਕਦੀਰ ਨਹੀਂ ਬਦਲ ਸਕੀ ਹੈ। ਜਦੋਂ ਸੂਬੇ ਵਿਚ ਕਾਂਗਰਸ ਸਰਕਾਰ ਨਹੀਂ ਸੀ ਤਾਂ ਵੀ ਕਾਂਗਰਸੀ ਵਰਕਰਾਂ ਦਾ ਕੋਈ ਕੰਮ ਨਹੀਂ ਹੁੰਦਾ ਸੀ ਤੇ ਹੁਣ ਸੂਬੇ ਵਿਚ ਕਾਂਗਰਸ ਸਰਕਾਰ ਹੋਣ ਤੋਂ ਬਾਅਦ ਵੀ ਵਰਕਰਾਂ ਤੇ ਆਗੂਆਂ ਦਾ ਕੋਈ ਕੰਮ ਨਹੀਂ ਹੋ ਰਿਹਾ। ਵੱਡੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਆਗੂਆਂ 'ਤੇ ਵਿਸ਼ਵਾਸ ਘੱਟ, ਜਦੋਂਕਿ ਸੂਬੇ ਦੀ ਬਿਊਰੋਕ੍ਰੇਸੀ 'ਤੇ ਜ਼ਿਆਦਾ ਹੈ। ਬਿਊਰੋਕ੍ਰੇਸੀ ਦੇ ਲਗਾਤਾਰ ਹਾਵੀ ਹੋਣ ਨਾਲ ਪਾਰਟੀ ਅੰਦਰ ਆਪਣੀ ਹੀ ਸਰਕਾਰ ਲਈ ਗੁੱਸਾ ਵੱਧਦਾ ਜਾ ਰਿਹਾ ਹੈ।
10 ਸਾਲ ਤੱਕ ਵਿਰੋਧੀ ਧਿਰ ਵਿਚ ਰਹਿ ਕੇ ਲਾਠੀਆਂ ਖਾਣ ਤੇ ਕਈ ਤਰ੍ਹਾਂ ਦੇ ਕੇਸ ਝੱਲਣ ਵਾਲੇ ਕਾਂਗਰਸੀ ਵਰਕਰ ਤੇ ਆਗੂਆਂ ਨੂੰ ਇਕ ਆਸ ਸੀ ਕਿ ਉਨ੍ਹਾਂ ਦੀ ਸਰਕਾਰ ਆਏਗੀ ਤਾਂ ਉਨ੍ਹਾਂ ਦੇ ਦਿਨ ਵੀ ਬਦਲਣਗੇ। ਇਸ ਉਮੀਦ ਵਿਚ ਸਾਰੇ ਵਰਕਰਾਂ ਤੇ ਆਗੂਆਂ ਨੇ ਸੂਬੇ ਵਿਚ ਪਾਰਟੀ ਦੀ ਜਿੱਤ ਲਈ ਤਨ, ਮਨ ਤੇ ਧਨ ਨਾਲ ਪੂਰਾ ਜ਼ੋਰ ਲਾ ਦਿੱਤਾ। ਇਨ੍ਹਾਂ ਵਿਚੋਂ ਕਈ ਆਗੂਆਂ ਨੂੰ ਆਸ ਸੀ ਕਿ ਆਪਣੀ ਸਰਕਾਰ ਆਏਗੀ ਤਾਂ ਉਨ੍ਹਾਂ ਨੂੰ ਵੀ ਅਹਿਮ ਅਹੁਦੇ ਮਿਲਣਗੇ ਤੇ 10 ਸਾਲ ਦਾ ਸੋਕਾ ਦੂਰ ਹੋ ਕੇ ਸੂਬੇ ਵਿਚ ਬਹਾਰ ਆਵੇਗੀ ਪਰ ਸਰਕਾਰ ਬਣਨ ਤੋਂ 4 ਮਹੀਨੇ ਦੇ ਅੰਦਰ ਪਾਰਟੀ ਵਰਕਰਾਂ ਤੇ ਆਗੂਆਂ ਦੇ ਸੁਪਨੇ ਤੇ ਉਮੀਦਾਂ ਟੁੱਟਣ ਲੱਗੀਆਂ ਹਨ।
ਅਜੇ ਤੱਕ ਤਾਂ ਕੈਪਟਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਤੱਕ ਨਹੀਂ ਕਰ ਸਕੇ ਹਨ। ਇਕ ਪਾਸੇ ਜਿੱਥੇ ਵਿਧਾਇਕਾਂ ਦੀ ਆਸ ਲਗਾਤਾਰ ਟੁੱਟ ਰਹੀ ਹੈ, ਉਥੇ ਚੇਅਰਮੈਨੀ ਸਣੇ ਹੋਰ ਅਹੁਦਿਆਂ ਦੀ ਉਮੀਦ ਲਾਈ ਬੈਠੇ ਆਗੂਆਂ ਦੇ ਹੱਥ ਵੀ ਕੁੱਝ ਨਹੀਂ ਲੱਗ ਰਿਹਾ, ਜਿਸ ਰਾਹ 'ਤੇ ਆਪਣੀ ਸਰਕਾਰ ਦੌਰਾਨ ਸੁਖਬੀਰ ਬਾਦਲ ਚੱਲ ਰਹੇ ਸਨ, ਉਸ ਰਾਹ 'ਤੇ ਹੀ ਕੈਪਟਨ ਹੁਣ ਦੌੜ ਰਹੇ ਹਨ। ਚੇਅਰਮੈਨੀ ਸਣੇ ਅਹਿਮ ਅਹੁਦਿਆਂ 'ਤੇ ਜਿੱਥੇ-ਜਿੱਥੇ ਆਗੂਆਂ ਦੀ ਨਿਯੁਕਤੀ ਹੋ ਸਕਦੀ ਹੈ, ਉਥੇ ਚਾਰਜ ਆਈ. ਏ. ਐੱਸ. ਅਧਿਕਾਰੀਆਂ ਨੂੰ ਸੌਂਪਿਆ ਜਾ ਰਿਹਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਇਥੇ ਅਹਿਮ ਹੈ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਅਹੁਦਾ।
ਅਕਾਲੀ ਸਰਕਾਰ ਵਿਚ ਵੀ ਪੌਣੇ 5 ਸਾਲ ਤੱਕ ਇਹ ਕੁਰਸੀ ਆਗੂ ਬਗੈਰ ਰਹੀ ਤੇ ਅਧਿਕਾਰੀਆਂ ਦੇ ਹਿੱਸੇ ਹੀ ਇਹ ਚਾਰਜ ਰਿਹਾ ਤੇ ਸੁਖਬੀਰ ਬਾਦਲ ਨੇ ਆਪਣੇ ਕਿਸੇ ਪਾਰਟੀ ਆਗੂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਸਮਝੀ। ਜਦੋਂ ਚੋਣਾਂ ਸਿਰ 'ਤੇ ਆਈਆਂ ਤਾਂ ਕੁਝ ਆਗੂਆਂ ਨੇ ਬਗਾਵਤੀ ਤੇਵਰ ਦਿਖਾਏ ਤਾਂ ਚੋਣਾਂ ਤੋਂ ਸਿਰਫ ਇਕ ਮਹੀਨਾ ਪਹਿਲਾਂ ਇਸ ਕੁਰਸੀ 'ਤੇ ਪਰਮਜੀਤ ਸਿੰਘ ਰਾਏਪੁਰ ਨੂੰ ਛਣਕਣਾ ਫੜਾ ਕੇ ਬਿਠਾ ਦਿੱਤਾ। ਹੁਣ ਕੁਝ ਅਜਿਹੀ ਹੀ ਰਾਹ 'ਤੇ ਚੱਲ ਰਹੇ ਹਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਉਹ ਵੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਹੁਦੇ 'ਤੇ ਆਪਣੇ ਆਗੂਆਂ ਨੂੰ ਬਿਠਾਉਣ ਦੀ ਬਜਾਏ ਆਈ. ਏ. ਐੱਸ. ਅਧਿਕਾਰੀਆਂ ਨੂੰ ਤਰਜੀਹ ਦੇ ਰਹੇ ਹਨ। ਹੁਣ ਤੱਕ ਚੇਅਰਮੈਨ ਦੀ ਕੁਰਸੀ ਡੀ. ਸੀ. ਵਰਿੰਦਰ ਸ਼ਰਮਾ ਕੋਲ ਸੀ ਪਰ ਨਵੇਂ ਸਮੀਕਰਨ ਵਿਚ ਇਹ ਕੁਰਸੀ ਹੁਣ ਨਿਗਮ ਕਮਿਸ਼ਨਰ ਬਸੰਤ ਗਰਗ ਕੋਲ ਚਲੀ ਗਈ ਹੈ, ਜਿਸ ਕੁਰਸੀ 'ਤੇ ਕਈ ਆਗੂਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ, ਉਸ ਕੁਰਸੀ 'ਤੇ ਆਈ. ਏ. ਐੱਸ. ਅਧਿਕਾਰੀਆਂ ਨੂੰ ਚਾਰਜ ਦੇਣ ਦੇ ਨਾਲ ਪਾਰਟੀ ਅੰਦਰ ਬਗਾਵਤ ਦੇ ਸੁਰ ਉਠਣੇ ਸ਼ੁਰੂ ਹੋ ਗਏ ਹਨ।
ਰਾਹੁਲ ਤੇ ਔਜਲਾ ਨੂੰ ਪੰਜਾਬ ਦੇ ਕਿਸਾਨਾਂ ਦੀ ਪੀੜ ਕਿਉਂ ਨਹੀਂ ਦਿਸਦੀ : ਮਜੀਠੀਆ
NEXT STORY