ਬਰਨਾਲਾ(ਪੁਨੀਤ)— ਬਰਨਾਲਾ ਫਰੀਦਕੋਟ ਮਾਰਗ 'ਤੇ ਡਰੇਨ ਪੁਲ 'ਤੇ ਇਕ ਮਾਰੂਤੀ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਕ ਨਾਬਾਲਗ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਕਾਰ ਸਵਾਰ ਪਤੀ-ਪਤਨੀ ਵਿਚੋਂ ਪਤੀ ਅਮਨਦੀਪ ਸਿੰਘ ਜੋ ਕਿ ਪੰਜਾਬ ਪੁਲਸ ਵਿਚ ਤਾਇਨਾਤ ਹੈ, ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਅਮਨਦੀਪ ਸਿੰਘ ਆਪਣੇ ਪਰਿਵਾਰ ਸਮੇਤ ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਵਾਪਸ ਬਰਨਾਲਾ ਆ ਰਿਹਾ ਸੀ ਤਾਂ ਬਰਨਾਲਾ ਦੇ ਡਰੇਨ ਪੁਲ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਨੂੰ ਤੋੜਦੇ ਹੋਏ ਨਿਕਲ ਗਈ, ਜਿਸ ਕਾਰਨ ਕਾਰ ਸਵਾਰ ਅਮਨਦੀਪ ਸਿੰਘ ਦੀ ਬੇਟੀ ਦੀ ਮੌਤ ਹੋ ਗਈ, ਜਦੋਂਕਿ ਅਮਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 108 ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਹਾਦਸਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਾਰ ਵਿਚ ਸਵਾਰ ਪਤੀ-ਪਤਨੀ ਅਤੇ ਬੱਚੀ ਨੂੰ ਬਾਹਰ ਕੱਢਿਆ ਪਰ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਪਤਨੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਪਤੀ ਗੰਭੀਰ ਜ਼ਖਮੀ ਸੀ। ਉਨ੍ਹਾਂ ਦੱਸਿਆ ਕਿ ਕਾਰ ਪੁਲ ਦੀ ਰੇਲਿੰਗ ਤੋੜਦੇ ਹੋਏ ਅੱਗੇ ਨਿਕਲ ਗਈ ਸੀ, ਜਿਸ ਕਾਰਨ ਕਾਰ ਸਵਾਰ ਦੇ ਸਰੀਰ ਨੂੰ ਚੀਰਦੇ ਹੋਏ 20 ਫੁੱਟ ਤੱਕ ਬਾਹਰ ਨਿਕਲ ਗਈ, ਜਿਸ ਨੂੰ ਮੌਕੇ 'ਤੇ ਕਟਰ ਦੀ ਮਦਦ ਨਾਲ ਕੱਟ ਕੇ ਉਸ ਦੇ ਸਰੀਰ ਵਿਚੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਅਮਨਦੀਪ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਪਰਾਲੀ ਵਰਗੇ ਅਹਿਮ ਮੁੱਦਿਆਂ 'ਤੇ 'ਐਗਰੋ ਟੈੱਕ' 'ਚ ਹੋਵੇਗੀ ਚਰਚਾ
NEXT STORY