ਘਨੌਲੀ, (ਸ਼ਰਮਾ)- ਅੱਜ ਇੱਥੇ ਨੈਸ਼ਨਲ ਹਾਈਵੇ 205 'ਤੇ ਘਨੌਲੀ ਬੈਰੀਅਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਵਿਅਕਤੀਆਂ ਨੂੰ ਬਚਾਉਣ ਦੇ ਚੱਕਰ ਵਿਚ ਬੇਕਾਬੂ ਹੋਈ ਕਾਰ ਹਾਈਵੇ ਕਿਨਾਰੇ ਬਣੀ ਪੁਲੀ ਨਾਲ ਟਕਰਾਅ ਕੇ ਚਕਨਾਚੂਰ ਹੋ ਗਈ।
ਇਸ ਹਾਦਸੇ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਦੇ ਨਾਲ ਸਕੂਟਰੀ ਸਵਾਰ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਰਾਜੇਸ਼ ਵਾਲੀਆ ਨੇ ਦੱਸਿਆ ਕਿ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਰਾਕੇਸ਼ ਕੁਮਾਰ ਨੂੰ ਹਾਰਟ ਅਟੈਕ ਹੋ ਜਾਣ ਕਾਰਨ ਉਸ ਨੂੰ 108 ਨੰਬਰ ਐਂਬੂਲੈਂਸ ਰਾਹੀਂ ਮੰਡੀ ਤੋਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ। ਉਸ ਦੇ ਨਾਲ ਕੁਝ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਐਂਬੂਲੈਂਸ ਰਾਹੀਂ ਅਤੇ ਕੁਝ ਮੈਂਬਰ ਦੋ ਵੱਖੋ-ਵੱਖਰੀਆਂ ਕਾਰਾਂ ਰਾਹੀਂ ਜਾ ਰਹੇ ਸਨ। ਜਦੋਂ ਉਹ ਘਨੌਲੀ ਬੈਰੀਅਰ ਨੇੜੇ ਪੁੱਜੇ ਤਾਂ ਐਂਬੂਲੈਂਸ ਤੋਂ ਥੋੜ੍ਹਾ ਅੱਗੇ ਜਾ ਰਹੀ ਕਾਰ ਦੇ ਅੱਗੇ ਅਚਾਨਕ ਇਕ ਐਕਟਿਵਾ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ 'ਚ ਕਾਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਪੁਲੀ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਈ।
ਇਸ ਦੌਰਾਨ ਉਸ ਦਾ ਲੜਕਾ ਪਾਰਸ ਵਾਲੀਆ ਤੇ ਉਸ ਦੇ ਸਾਲੇ ਰਾਕੇਸ਼ ਵਾਲੀਆ ਦਾ ਲੜਕਾ ਹਿਤੇਸ਼ ਕੁਮਾਰ ਉਰਫ ਹਨੀ ਵਾਸੀ ਮੰਡੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਨੂੰ ਹਿਮਾਚਲ ਪ੍ਰਦੇਸ਼ ਦੀ 108 ਨੰਬਰ ਐਂਬੂਲੈਂਸ ਰਾਹੀਂ ਹੀ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸੇ ਦੌਰਾਨ ਸਕੂਟਰੀ ਸਵਾਰ ਇਕ ਵਿਅਕਤੀ ਵੀ ਜ਼ਖਮੀ ਹੋ ਗਿਆ। ਉਸ ਨੂੰ ਪੁਲਸ ਚੌਕੀ ਘਨੌਲੀ ਵੱਲੋਂ ਇਕ ਪ੍ਰਾਈਵੇਟ ਕਾਰ ਰਾਹੀਂ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ। ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ
NEXT STORY