ਬੱਧਨੀ ਕਲਾਂ, (ਬੱਬੀ)- ਬੱਧਨੀ ਕਲਾਂ ਦੇ ਇਕ ਵਿਅਕਤੀ ਵੱਲੋਂ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾਂ ਹੀ ਦੂਜਾ ਵਿਆਹ ਕਰਵਾਉਣ ਦੇ ਮਾਮਲੇ 'ਚ ਸਥਾਨਕ ਥਾਣੇ 'ਚ ਐੱਸ. ਐੱਸ. ਪੀ. ਮੋਗਾ ਦੇ ਹੁਕਮਾਂ 'ਤੇ ਦੋਸ਼ੀ ਲੜਕੇ ਅਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੀੜਤ ਲੜਕੀ ਜਗਦੀਸ਼ ਕੌਰ ਪੁੱਤਰੀ ਬੇਅੰਤ ਸਿੰਘ ਵਾਸੀ ਲੰਭ ਵਾਲੀ ਜ਼ਿਲਾ ਫਰੀਦਕੋਟ ਨੇ ਐੱਸ. ਐੱਸ. ਪੀ. ਮੋਗਾ ਕੋਲ ਬੀਤੇ ਦਿਨੀਂ ਕੀਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਜੀ. ਐੱਨ. ਐੱਮ. ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ। ਬੱਧਨੀ ਕਲਾਂ ਦੇ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਰਿਸ਼ਤੇ 'ਚ ਮੇਰਾ ਜੀਜਾ ਲੱਗਦੇ ਸਰਬਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰੋਮਾਣਾ ਅਤੇ ਅਜੀਤ ਸਿੰਘ ਫਰੀਦਕੋਟ ਕੋਲ ਪਹੁੰਚ ਕਰ ਕੇ ਸੰਨ 2012 'ਚ ਮੇਰਾ ਵਿਆਹ ਹਰਦੀਪ ਸਿੰਘ ਨਾਲ ਕਰਵਾਉਣ ਦੀ ਮੰਗ ਕੀਤੀ ਸੀ।
ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਆਪਣੀ ਹੈਸੀਅਤ ਤੋਂ ਵੱਧ ਕੇ ਹਰਦੀਪ ਸਿੰਘ ਬੱਧਨੀ ਕਲਾਂ ਨਾਲ ਕਰ ਦਿੱਤਾ। ਵਿਆਹ ਉਪਰੰਤ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਆਈਲੈਟਸ ਕਰਨ ਲਈ ਮੋਗਾ ਵਿਖੇ ਲਾ ਦਿੱਤਾ ਪਰ ਆਈਲੈਟਸ 'ਚ ਮੈਂ ਚਾਹੀਦੇ ਪੂਰੇ ਬੈਂਡ ਨਹੀਂ ਲੈ ਸਕੀ, ਜਿਸ 'ਤੇ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਮੇਰੇ ਪੇਕੇ ਘਰ ਮੈਨੂੰ ਇਹ ਕਹਿ ਕਿ ਛੱਡ ਆਏ ਕਿ ਇਕ ਹਫਤੇ ਬਾਅਦ ਤੈਨੂੰ ਲੈ ਜਾਵਾਂਗੇ ਪਰ ਉਸ ਤੋਂ ਬਾਅਦ ਉਹ ਮੈਨੂੰ ਲੈਣ ਨਹੀਂ ਆਏ ਤੇ ਹੁਣ ਮੈਨੂੰ ਆਪਣੇ ਪੇਕੇ ਘਰ ਪਤਾ ਲੱਗਾ ਕਿ ਹਰਦੀਪ ਸਿੰਘ, ਜੋ ਕਿ ਮੇਰਾ ਪਤੀ ਹੈ, ਉਸ ਨੇ ਪਹਿਲਾਂ ਵੀ ਆਪਣਾ ਵਿਆਹ ਕਰਵਾਇਆ ਹੋਇਆ ਹੈ ਅਤੇ ਉਸ ਨਾਲ ਤਲਾਕ ਲਏ ਬਿਨਾਂ ਹੀ ਮੇਰੇ ਨਾਲ ਵੀ ਦੂਜਾ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ, ਮੇਰੇ ਪਤੀ ਅਤੇ ਉਸ ਦੀ ਮਾਂ ਨੇ ਜਿੱਥੇ ਵਿਆਹ ਸਮੇਂ ਸਾਨੂੰ ਹਨੇਰੇ 'ਚ ਰੱਖਿਆ, ਉੱਥੇ ਹੀ ਕੋਰਟ ਮੈਰਿਜ ਦੌਰਾਨ ਵੀ ਝੂਠੇ ਬਿਆਨ ਲਾ ਦਿੱਤੇ।
ਇਸ ਸਬੰਧੀ ਐੱਸ. ਐੱਸ. ਪੀ. ਮੋਗਾ ਨੇ ਪੜਤਾਲ ਕਰਨ ਸਮੇਂ ਸ਼ਿਕਾਇਤਕਰਤਾ ਜਗਦੀਸ਼ ਕੌਰ ਦੀ ਸ਼ਿਕਾਇਤ 'ਚੇ ਮਾਮਲੇ ਦੀ ਜਾਂਚ ਕੀਤੀ ਅਤੇ ਜਾਂਚ ਦੌਰਾਨ ਇਹ ਗੱਲ ਸਾਫ ਹੋ ਗਈ ਕਿ ਹਰਦੀਪ ਸਿੰਘ ਨੇ ਇਸ ਤੋਂ ਪਹਿਲਾਂ ਛਿੰਦਰਪਾਲ ਕੌਰ ਪੁੱਤਰੀ ਮਲਕੀਤ ਸਿੰਘ ਵਾਸੀ ਹਸਨ ਭੱਟੀ ਜ਼ਿਲਾ ਫਰੀਦਕੋਟ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਬਿਨਾਂ ਤਲਾਕ ਲਏ ਉਸ ਨੇ ਜਗਦੀਸ਼ ਕੌਰ ਨਾਲ ਵੀ ਵਿਆਹ ਕਰਵਾ ਲਿਆ। ਡੀ. ਐੱਸ. ਪੀ ਨਿਹਾਲ ਸਿੰਘ ਵਾਲਾ ਵੱਲੋਂ ਇਸ ਮਾਮਲੇ 'ਚ ਉਕਤ ਲੜਕੇ ਅਤੇ ਉਸ ਦੀ ਮਾਂ ਖਿਲਾਫ ਮਾਮਲਾ ਦਰਜ ਕਰਨ ਦੀ ਕੀਤੀ ਗਈ ਸਿਫਾਰਿਸ਼ ਤੋਂ ਬਾਅਦ ਐੱਸ. ਐੱਸ. ਪੀ. ਮੋਗਾ ਦੇ ਨਿਰਦੇਸ਼ਾਂ 'ਤੇ ਥਾਣਾ ਬੱਧਨੀ ਕਲਾਂ ਵਿਖੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਪੁਲਸ ਵੱਲੋਂ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਸੇਵਾ ਕੇਂਦਰ ਬਣੇ ਲੋਕਾਂ ਦੀ ਖੱਜਲ-ਖੁਆਰੀ ਦੇ ਕੇਂਦਰ
NEXT STORY