ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਬੀਤੇ ਵੀਰਵਾਰ ਨੂੰ ਦੇਰ ਸ਼ਾਮ ਬੀ. ਡੀ. ਪੀ. ਓ. ਦਫ਼ਤਰ ਦੇ ਨਜ਼ਦੀਕ ਸਥਿਤ ਇਕ ਕੋਲਡ ਡਰਿੰਕ, ਟੀ-ਸਟਾਲ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਸ਼ਰੇਆਮ ਕਥਿਤ ਤੌਰ 'ਤੇ ਗੁੰਡਾਗਰਦੀ ਤੇ ਦੁਕਾਨ ਦੀ ਕੀਤੀ ਭੰਨਤੋੜ, ਨਕਦੀ, ਮੋਬਾਇਲ ਖੋਹਣ ਦੇ ਦੋਸ਼ 'ਚ 7 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਇਸ ਕਾਂਡ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਵੀਰਵਾਰ ਨੂੰ ਬੀ. ਡੀ. ਪੀ. ਚੌਕ ਵਿਖੇ ਸਥਿਤ ਰਮਨ ਕੋਲਡ ਡਰਿੰਕ ਸਟਾਲ ਤੇ ਕੁਝ ਮੁਲਜ਼ਮਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਭੰਨਤੋੜ ਕੀਤੀ ਸੀ ਤੇ ਦੁਕਾਨ 'ਚ ਪਿਆ ਸਾਮਾਨ ਅੰਡੇ, ਕੋਲਡ ਡਰਿੰਕ ਤੇ ਹੋਰ ਸਾਮਾਨ ਨੂੰ ਤਹਿਸ-ਨਹਿਸ ਕਰਦੇ ਹੋਏ ਦੁਕਾਨ ਦੇ ਗੱਲੇ 'ਚ ਪਏ 18-20 ਹਜ਼ਾਰ ਤੇ ਸੈਮਸੰਗ ਕੰਪਨੀ ਦਾ ਇਕ ਮੋਬਾਇਲ ਵੀ ਖੋਹ ਕੇ ਲੈ ਗਏ ਸਨ, ਜਿਸ 'ਤੇ ਦੁਕਾਨ ਮਾਲਕ ਰਮਨ ਕੁਮਾਰ ਵੱਲੋਂ ਦਿੱਤੀ ਲਿਖਤ ਸ਼ਿਕਾਇਤ 'ਚ ਦੱਸਿਆ ਕਿ ਇਸ ਕਾਂਡ 'ਚ ਮੁੱਖ ਮੁਲਜ਼ਮ ਮੁਨੀਸ਼ ਕੋਹਲੀ ਪੁੱਤਰ ਜੁਗਲ ਕਿਸ਼ੋਰ ਕੋਹਲੀ ਕੌਂਸਲਰ ਦਾ ਬੇਟਾ ਹੈ। ਉਸ ਨੇ ਆਪਣੇ ਨਾਲ ਕਥਿਤ ਤੌਰ ਤੇ 14-15 ਹਮਲਾਵਾਰਾਂ ਨਾਲ ਉਸ 'ਤੇ ਤੇਜ਼ਧਾਰ ਹਥਿਆਰਾਂ ਤੇ ਕਿਰਪਾਨਾਂ ਨਾਲ ਹਮਲਾ ਕੀਤਾ ਹੈ, ਜਿਸ ਦੀ ਜਾਂਚ ਏ. ਐੱਸ. ਆਈ. ਜਸਵਿੰਦਰ ਸਿੰਘ ਨੂੰ ਸੌਂਪੀ ਗਈ, ਜਿਨ੍ਹਾਂ ਦੇ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਗੁੰਡਾਗਰਦੀ ਦੇ ਦੋਸ਼ 'ਚ ਮੁੱਖ ਮੁਲਜ਼ਮ ਮੁਨੀਸ਼ ਕੋਹਲੀ ਪੁੱਤਰ ਜੁਗਲ ਕਿਸ਼ੋਰ ਕੋਹਲੀ ਐੱਮ. ਸੀ., ਡਿੰਪਲ ਕੋਹਲੀ ਪੁੱਤਰ ਗੁਲਸ਼ਨ ਕੋਹਲੀ, ਸੋਨੂੰ ਸ਼ਾਹ ਪੁੱਤਰ ਸਤੀਸ਼ ਕੁਮਾਰ, ਦੀਪੂ ਪੰਡਿਤ ਵਾਸੀ ਮੁਹੱਲਾ ਖਿਦੜੀਆਂ, ਗੋਲੀ ਵਾਸੀ ਮੰਡੀ ਰੋਡ, ਕਰਨ ਪੁੱਤਰ ਮਦਨ ਲਾਲ, ਰਿੱਕੀ ਭੱਲਾ ਸਾਰੇ ਵਾਸੀ ਸੁਲਤਾਨਪੁਰ ਲੋਧੀ ਤੇ 7-8 ਅਣਪਛਾਤੇ ਵਿਅਕਤੀਆਂ ਨੇ ਰਮਨ ਕੁਮਾਰ ਦੀ ਦੁਕਾਨ 'ਚ ਪਏ ਸਾਮਾਨ ਦੀ ਭੰਨਤੋੜ ਕੀਤੀ, ਗਾਲ੍ਹਾਂ ਕੱਢੀਆਂ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਦੇ ਦੋਸ਼ 'ਚ ਪੁਲਸ ਨੇ ਕੇਸ ਦਰਜ ਕਰ ਕੇ ਮੁੱਖ ਮੁਲਜ਼ਮ ਮੁਨੀਸ਼ ਕੋਹਲੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਹੋਰ ਨਾਮਜ਼ਦ ਮੁਲਜ਼ਮਾਂ ਖਿਲਾਫ ਵੀ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਕਿਸੇ ਵੀ ਗੁੰਡਾ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਕੌਂਸਲਰ ਦੇ ਬੇਟੇ ਮੁਨੀਸ਼ ਕੋਹਲੀ ਤੇ ਉਸ ਦੇ ਨਾਲ ਹੋਰ 14-15 ਨੌਜਵਾਨਾਂ ਨੇ ਰਾਜਨੀਤਕ ਤੌਰ 'ਤੇ ਕਥਿਤ ਸ਼ਹਿ 'ਤੇ ਰਮਨ ਕੁਮਾਰ ਦੀ ਪਹਿਲਾਂ ਦੁਕਾਨ ਦੀ ਭੰਨਤੋੜ ਕੀਤੀ ਸੀ ਤੇ ਫਿਰ ਉਸ ਦੇ ਮੁਹੱਲੇ 'ਚ ਜਾ ਕੇ ਵੀ ਕਥਿਤ ਤੌਰ ਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸੀ, ਜਿਸ ਦੀ ਪੁਲਸ ਨੂੰ ਇਤਲਾਹ ਦੇਣ ਤੇ ਮੌਕੇ 'ਤੇ ਪੁੱਜੀ ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਉਥੋਂ ਭਜਾ ਦਿੱਤਾ ਸੀ, ਜਿਸ ਕਾਰਨ ਪੂਰੇ ਸ਼ਹਿਰ 'ਚ ਰੋਸ ਪਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਪੁਲਸ 'ਤੇ ਮਾਮਲੇ ਨੂੰ ਰਫਾ-ਦਫਾ ਕਰਨ ਲਈ ਰਾਜਨੀਤਕ ਤੌਰ 'ਤੇ ਵੀ ਦਬਾਅ ਪਾਇਆ ਜਾ ਰਿਹਾ ਹੈ।
ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲ ਰਿਹਾ ਪੀਣ ਲਈ ਸਾਫ ਪਾਣੀ
NEXT STORY