ਭੋਗਪੁਰ,(ਸੂਰੀ) : ਥਾਣਾ ਭੋਗਪੁਰ ਦੇ ਪਿੰਡ ਜੰਡੀਰਾਂ 'ਚ ਅੱਜ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਪਿੰਡ ਦੇ ਇਕ ਨੌਜਵਾਨ ਨੇ ਉਸ ਦੇ ਖਿਲਾਫ ਛੇੜਖਾਨੀ ਦਾ ਮਾਮਲਾ ਦਰਜ਼ ਕਰਵਾਉਣ ਵਾਲੀ ਲੜਕੀ ਦੇ ਘਰ 'ਤੇ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਅੱਗ ਦੇ ਹਵਾਲੇ ਕਰ ਦਿੱਤਾ। ਸੁਖਵਿੰਦਰ ਕੌਰ ਪਤਨੀ ਜਸਵਿੰਦਰ ਵਾਸੀ ਜੰਡੀਰਾਂ ਨੇ ਦੱਸਿਆ ਕਿ ਉਹ ਘਰ ਦੇ ਇਕ ਕਮਰੇ 'ਚ ਆਪਣੇ ਬੱਚਿਆਂ ਨਾਲ ਸੁੱਤੀ ਪਈ ਸੀ। ਇਸੇ ਦੌਰਾਨ ਘਰ ਦੇ ਬਾਹਰ ਲਲਕਾਰੇ ਮਾਰਨ ਤੇ ਗਾਲੀ ਗਲੋਚ ਕਰਨ ਦੀਆਂ ਅਵਾਜ਼ਾਂ ਆਉਣ ਲੱਗੀਆਂ ਹਮਲਾਵਰ ਨੌਜਵਾਨ ਨੇ ਸੁਖਵਿੰਦਰ ਕੌਰ ਤੇ ਉਸ ਦੀ ਬੇਟੀ ਨੂੰ ਲਲਕਾਰਦਿਆਂ ਕਿਹਾ ਕਿ ਮੈਂ ਮਨੀ ਆ ਨਿਕਲੋ ਬਾਹਰ। ਸੁਖਵਿੰਦਰ ਕੌਰ ਘਰ ਦੇ ਅੰਦਰ ਇਕ ਹਨੇਰੇ ਕਮਰੇ 'ਚ ਬੱਚਿਆਂ ਨੂੰ ਨਾਲ ਲੈ ਕੇ ਲੁੱਕ ਗਈ ਤੇ ਆਪਣੇ ਮੋਬਾਇਲ ਫੋਨ ਸਾਇਲੈਂਸ ਕਰ ਦਿੱਤੇ। ਹਮਲਾਵਰਾਂ ਨੇ ਘਰ ਦਾ ਗੇਟ ਪੱਥਰ ਮਾਰ-ਮਾਰ ਤੋੜ ਦਿੱਤਾ ਤੇ ਫਿਰ ਅੰਦਰ ਦਾਖਲ ਹੋ ਗਏ ਤੇ ਘਰ ਅੰਦਰ ਖੜੀ ਐਕਟਿਵਾ, ਦੋ ਸਾਇਕਲ, ਵਾਸ਼ਿੰਗ ਮਸ਼ੀਨ, ਬੈਡ ਤੇ ਹੋਰ ਸਮਾਨ ਘਰ ਦੇ ਬਾਹਰ ਗਲੀ 'ਚ ਕੱਢ ਕੇ ਅੱਗ ਲਗਾ ਦਿੱਤੀ। ਹਮਲਾਵਰਾਂ ਨੇ ਘਰ ਦੇ ਅੰਦਰ ਪਏ ਸਮਾਨ ਦੀ ਵੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ। ਹਮਲਾਵਰ ਹਮਲਾ ਕਰਨ ਤੋਂ ਬਾਅਦ ਲੰਮਾ ਸਮਾਂ ਘਰ ਦੇ ਬਾਹਰ ਖੜੇ ਰਹੇ ਤੇ ਲਲਕਾਰੇ ਮਾਰਦੇ ਰਹੇ। ਪਿੰਡ ਦਾ ਕੋਈ ਵੀ ਬੰਦਾ ਪੀੜਤਾਂ ਨੂੰ ਬਚਾਉਣ ਲਈ ਅੱਗੇ ਨਾ ਆਇਆ। ਪੀੜਤ ਪਰਿਵਾਰ ਵੱਲੋਂ ਆਪਣੇ 'ਤੇ ਹੋਏ ਹਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਦੇ ਪੁੱਜਣ ਤੱਕ ਹਮਲਾਵਰ ਨੌਜਵਾਨ ਘਰ ਦੇ ਬਾਹਰ ਖੜੇ ਗਾਲੀ ਗਲੋਚ ਕਰਦੇ ਰਹੇ। ਜਦੋਂ ਪੁਲਸ ਪਿੰਡ 'ਚ ਪੁੱਜੀ ਤਾਂ ਪੁਲਸ ਦੇ ਸਾਹਮਣੇ ਹੀ ਨੌਜਵਾਨ ਫਰਾਰ ਹੋ ਗਏ, ਜਿਸ ਕਾਰਨ ਪਿੰਡ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੌਕੇ 'ਤੇ ਪੁੱਜੇ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਹੈ।
ਲੜਕੀ ਵੱਲੋਂ ਪਿੰਡ ਦੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਹੋਇਆ ਪੀੜਤਾ ਦੇ ਘਰ 'ਤੇ ਹਮਲਾ
ਪਿੰਡ ਜੰਡੀਰ ਵਾਸੀ ਮਨਪ੍ਰੀਤ ਪੁੱਤਰੀ ਜਸਵਿੰਦਰ ਨੇ ਬੀਤੀ 18 ਸਤੰਬਰ ਨੂੰ ਥਾਣਾ ਭੋਗਪੁਰ 'ਚ ਮਨੀ ਪੁੱਤਰ ਗੁਰਮੀਤ ਸਿੰਘ ਤੇ ਦੇਵੀ ਦਿਆਲ ਪੁੱਤਰ ਸੂਰਤ ਲਾਲ ਦੇ ਖਿਲਾਫ ਜ਼ਬਰਦਸਤੀ ਘਰ 'ਚ ਦਾਖਲ ਹੋਣ, ਲੜਕੀ ਦੀ ਇੱਜ਼ਤ ਨੂੰ ਹੱਥ ਪਾਉਣ ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ਼ ਕਰਵਾਇਆ ਸੀ। ਲੜਕੀ ਦੇ ਪਰਿਵਾਰ ਨੂੰ ਪਿਛਲੇ ਕਈ ਦਿਨਾਂ ਤੋਂ ਦਰਜ਼ ਮਾਮਲੇ ਨੂੰ ਵਾਪਸ ਲੈਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੀੜਤ ਪਰਿਵਾਰ ਵੱਲੋਂ ਕਈ ਵਾਰ ਥਾਣਾ ਭੋਗਪੁਰ ਪੁਲਸ ਨੂੰ ਮਿਲ ਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਜਾ ਰਹੀ ਸੀ। ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਸਨ ਪਰ ਮੁਲਜ਼ਮਾਂ ਦੇ ਘਰ ਤਾਲੇ ਲੱਗੇ ਹੋਏ ਸਨ।
'ਸਰਬਤ ਦਾ ਭਲਾ' ਐਕਸਪ੍ਰੈਸ ਨਾਲ ਗੁਰੂ ਸਾਹਿਬਾਨ ਦਾ ਸੰਦੇਸ਼ ਦੂਰ-ਦੁਰਾਡੇ ਪਹੁੰਚੇਗਾ : ਹਰਸਿਮਰਤ
NEXT STORY