ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ)-ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਵਿਖੇ ਦਰਜ ਜਬਰ-ਜ਼ਿਨਾਹ ਦੇ ਇਕ ਮਾਮਲੇ ’ਚ ਜਿਥੇ ਪੀੜਤਾ ਵੱਲੋਂ ਮੀਡੀਆ ਸਾਹਮਣੇ ਆ ਕੇ ਕਥਿਤ ਦੋਸ਼ੀ ਨੂੰ ਤਕਰੀਬਨ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਗ੍ਰਿਫ਼ਤਾਰ ਨਾ ਕਰਨ ’ਤੇ ਪਲਸ ਅਤੇ ਸਰਕਾਰ ’ਤੇ ਸਵਾਲ ਚੁੱਕੇ ਹਨ, ਉੱਥੇ ਹੀ ਪੀੜਤਾ ਦੀ ਸਹੇਲੀ, ਜੋ ਇਸ ਮਾਮਲੇ ਵਿਚ ਗਵਾਹ ਹੈ, ਨੇ ਵੱਖਰੇ ਤੌਰ ’ਤੇ ਮੀਡੀਆ ਸਾਹਮਣੇ ਆਉਂਦਿਆਂ ਇਸ ਪੂਰੇ ਮਾਮਲੇ ਨੂੰ ਕਥਿਤ ਤੌਰ ’ਤੇ ਝੂਠਾ ਦੱਸਿਆ ਹੈ। ਉਸ ਨੇ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਤੱਕ ਦੇ ਦਿੱਤੀ ਹੈ। ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕੁਨੈਕਸ਼ਨ ਇਨ੍ਹਾਂ ਦੋਹਾਂ ਧਿਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਧੇ-ਅਸਿੱਧੇ ਰੂਪ ’ਚ ਇਸ ਮਾਮਲੇ ਨਾਲ ਜੁੜ ਰਿਹਾ।
ਇਹ ਖ਼ਬਰ ਵੀ ਪੜ੍ਹੋ : Big Breaking : ਅਮੂਲ ਤੋਂ ਬਾਅਦ ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ
ਉਧਰ ਪੁਲਸ ਇਨ੍ਹਾਂ ਦੋਹਾਂ ਪੱਖਾਂ ਤੋਂ ਜਾਂਚ ਦੀ ਗੱਲ ਆਖ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਵਿਖੇ ਬੀਤੇ ਨਵੰਬਰ ਮਹੀਨੇ ’ਚ 267 ਨੰਬਰ ’ਤੇ ਦਰਜ ਹੋਇਆ ਇਕ ਜਬਰ-ਜ਼ਿਨਾਹ ਦਾ ਮਾਮਲਾ ਇਨ੍ਹਾਂ ਦਿਨੀਂ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਪ੍ਰਾਪਰਟੀ ਕਾਰੋਬਾਰੀ ’ਤੇ ਦਰਜ ਹੋਏ ਇਸ ਮਾਮਲੇ ’ਚ ਜਿੱਥੇ ਪੀੜਤਾ ਵੱਲੋਂ ਪ੍ਰੈੱਸ ਦੇ ਸਾਹਮਣੇ ਵਾਰ-ਵਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਇਸ ਜਬਰ-ਜ਼ਿਨਾਹ ਦੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉੱਥੇ ਇਸ ਸਬੰਧੀ ਪੀੜਤਾ ਦੇ ਮੈਡੀਕਲ ’ਚ ਗਵਾਹੀ ਪਾਉਣ ਵਾਲੀ ਉਸ ਦੀ ਸਹੇਲੀ ਨੇ ਹੁਣ ਪ੍ਰੈੱਸ ਦੇ ਸਾਹਮਣੇ ਆ ਕੇ ਇਹ ਖ਼ੁਲਾਸਾ ਕੀਤਾ ਹੈ ਕਿ ਇਹ ਮਾਮਲਾ ਉਨ੍ਹਾਂ ਵੱਲੋਂ ਕਥਿਤ ਤੌਰ ’ਤੇ ਕੁਝ ਸਿਆਸੀ ਅਤੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਕਹਿਣ ’ਤੇ ਝੂਠਾ ਦਰਜ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ, ਚੁੱਕੇ ਵੱਡੇ ਸਵਾਲ
ਉਸ ਨੇ ਇਸ ਸਬੰਧੀ ਪੱਤਰਕਾਰਾਂ ਦੇ ਸਾਹਮਣੇ ਮੋਬਾਇਲ ਕਾਲ ਡਿਟੇਲਜ਼ ਅਤੇ ਹੋਰ ਦਸਤਾਵੇਜ਼ ਪੇਸ਼ ਕਰਨ ਤੋਂ ਇਲਾਵਾ ਇਕ ਅਰਜ਼ੀ ਪੁਲਸ ਨੂੰ ਦੇ ਕੇ ਵੀ ਇਸ ਮਾਮਲੇ ਸਬੰਧੀ ਜਾਂਚ ਤੱਕ ਦੀ ਮੰਗ ਕੀਤੀ ਹੈ, ਜਦਕਿ ਇਸ ਮਹਿਲਾ ਦੇ ਸਾਹਮਣੇ ਆਉਣ ਤੋਂ ਬਾਅਦ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਇਹ ਔਰਤ ਉਸ ਦੀ ਸਹੇਲੀ ਹੈ ਪਰ ਇਹ ਔਰਤ ਉਸ ’ਤੇ ਪੈਸੇ ਲੈ ਕੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਸੀ, ਜਦਕਿ ਉਸ ਨੇ ਰਾਜ਼ੀਨਾਮਾ ਨਹੀਂ ਕੀਤਾ ਤਾਂ ਉਸ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ। ਪੂਰੇ ਮਾਮਲੇ ’ਚ ਡੀ. ਐੱਸ. ਪੀ. ਜਗਦੀਸ਼ ਕੰਬੋਜ ਹੋਰਾਂ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਦੇ ਬਿਆਨਾਂ ’ਤੇ ਥਾਣਾ ਸਿਟੀ ’ਚ 267 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ, ਜਿਸ ਦੀ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਹੁਣ ਮੀਡੀਆ ਸਾਹਮਣੇ ਆਈ ਪੀੜਤ ਦੀ ਸਹੇਲੀ ਦੇ ਖ਼ੁਲਾਸਿਆਂ ਦੇ ਸਬੰਧ ’ਚ ਡੀ. ਐੱਸ. ਪੀ. ਜਗਦੀਸ਼ ਕੁਮਾਰ ਕਹਿੰਦੇ ਹਨ ਕਿ ਇਕ ਔਰਤ ਵੱਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਦਿੱਤੀ ਗਈ ਹੈ ਅਤੇ ਉਸ ਪੱਖ ਤੋਂ ਵੀ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਉਪਰੰਤ ਹੀ ਇਸ ਸਬੰਧੀ ਖ਼ੁਲਾਸਾ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੀ ਮਿੰਨੀ ਬੱਸ ਤੇ ਕਾਰ ਵਿਚਾਲੇ ਵਾਪਰਿਆ ਭਿਆਨਕ ਹਾਦਸਾ
ਨਵੀਂ ਉਦਯੋਗਿਕ ਨੀਤੀ ’ਤੇ ਸੁਖਬੀਰ ਬਾਦਲ ਨੇ ਚੁੱਕੇ ਸਵਾਲ
NEXT STORY