ਤਰਨਤਾਰਨ (ਰਮਨ) : ਜ਼ਿਲ੍ਹੇ ਵਿਚ ਕੁਝ ਸਾਲ ਪਹਿਲਾਂ ਵਾਪਰੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਸਬੰਧ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਉਸ ਸਮੇਂ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਧਰਨਾਂ ਦਿੱਤਾ ਗਿਆ ਸੀ। ਜਿਸ ਬਾਬਤ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦੋ ਮਾਮਲੇ ਦਰਜ ਕੀਤੇ ਸਨ। ਮਾਣਯੋਗ ਅਦਾਲਤ 'ਚ ਚੱਲ ਰਹੇ ਕੇਸ ਦੌਰਾਨ ਗੈਰਹਾਜ਼ਰ ਹੋਣ ਦੇ ਸਬੰਧੀ 'ਚ ਭਗੌੜਾ ਕਰਾਰ ਦਿੱਤੇ ਹਲਕਾ ਬਾਬਾ ਬਕਾਲਾ ਦੇ 'ਆਪ' ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਧਾਰਾ 174-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਫਰੀਦਕੋਟ ਦਾ ਅਗਾਂਹ ਵਧੂ ਕਿਸਾਨ : 10 ਸਾਲ ਤੋਂ ਨਹੀਂ ਲਾਈ ਪਰਾਲੀ ਨੂੰ ਅੱਗ, ਨਵੇਕਲੀ ਤਕਨੀਕ ਨਾਲ ਬੀਜ ਰਿਹਾ ਕਣਕ
ਦੱਸ ਦੇਈਏ ਕਿ ਜਜ ਬਗੀਚਾ ਸਿੰਘ ਦੀ ਅਦਾਲਤ ਵਿਚ ਚੱਲ ਰਹੇ ਉਕਤ ਕੇਸਾਂ ਦੀ ਸੁਣਵਾਈ ਦੌਰਾਨ ਬੀਤੀ 26 ਅਗਸਤ ਤੋਂ ਲਗਾਤਾਰ ਵਿਧਾਇਕ ਦਲਬੀਰ ਸਿੰਘ ਗੈਰਹਾਜ਼ਰ ਚੱਲ ਰਹੇ ਸਨ। ਜਿਸ ਦੌਰਾਨ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਜਿੱਥੇ ਭਗੋੜਾ ਕਰਾਰ ਦਿੱਤਾ ਗਿਆ ਸੀ ਉੱਥੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਤੁਰੰਤ ਧਾਰਾ 174-ਏ ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਬੀਤੀ 2 ਨਵੰਬਰ ਨੂੰ ਅਦਾਲਤ ਨੇ ਵਿਧਾਇਕ ਟੌਂਗ ਨੂੰ ਭਗੌੜਾ ਕਰਾਰ ਦੇਣ ਦੇ ਨਾਲ ਉਸ ਦੀ ਜਾਇਦਾਦ ਨੂੰ ਵੀ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਦੀ ਚੋਣ ਜਿੱਤਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
ਦੱਸਣਯੋਗ ਹੈ ਕਿ ਸੁਣਵਾਈ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਉ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਵਰਕਰਾਂ ਵੱਲੋਂ ਮਾਣਯੋਗ ਅਦਾਲਤ ਵਿਚ ਹਾਜ਼ਰੀ ਲਗਵਾਈ ਸੀ। ਗੱਲਬਾਤ ਕਰਦਿਆਂ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮਾਨਯੋਗ ਜੱਜ ਬਗੀਚਾ ਸਿੰਘ ਦੇ ਹੁਕਮਾਂ 'ਤੇ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਅਦਾਲਤ ਵਿੱਚ ਗੈਰਹਾਜ਼ਰ ਰਹਿਣ ਕਾਰਨ ਧਾਰਾ 174-ਏ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਏ. ਐੱਸ. ਆਈ ਗੁਰਦਾਸ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਐੱਸ. ਜੀ. ਪੀ. ਸੀ. ਦੀ ਪ੍ਰਧਾਨਗੀ ਦੀ ਚੋਣ ਜਿੱਤਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
NEXT STORY