ਜਲੰਧਰ (ਰਮਨਦੀਪ ਸਿੰਘ ਸੋਢੀ): ਪੰਜਾਬ ਵਿਚ ਭਾਜਪਾ ਵੱਲੋਂ ਚਲਾਈ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਚੁੱਕੀ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵੀ ਨਜ਼ਦੀਕ ਆ ਚੁੱਕੀਆਂ ਹਨ। ਅਜਿਹੇ ’ਚ ਭਾਜਪਾ ਦੀ ਕੀ ਤਿਆਰੀ ਹੈ, ਇਸ ਬਾਰੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
• ਤੁਸੀਂ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੌਰਾਨ ਕੀ ਮਹਿਸੂਸ ਕੀਤਾ?
ਨਸ਼ਾ ਪੰਜਾਬ ਲਈ ਬਹੁਤ ਵੱਡਾ ਕੋਹੜ ਹੈ। ਉਂਝ ਤਾਂ ਪੰਜਾਬ ਵਿਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮੁਲਾਜ਼ਮਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਮੇਤ ਬਹੁਤ ਸਾਰੇ ਮੁੱਦੇ ਹਨ, ਪਰ ਸਭ ਤੋਂ ਵੱਡੀ ਸਮੱਸਿਆ ਨਸ਼ਿਆਂ ਦੀ ਹੈ, ਜੋ ਪੰਜਾਬ ਨੂੰ ਖਾ ਗਿਆ। ਪੰਜਾਬ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਫ਼ੇਲ ਹੋ ਚੁੱਕੀ ਹੈ। ਇਸ ਕਾਰਨ ਅਸੀਂ ਪੰਜਾਬ ਵਿਚ ਚਾਰੇ ਪਾਸਿਓਂ ਯਾਤਰਾ ਕੱਢੀ। ਇਸ ਦੌਰਾਨ ਅਸੀਂ ਤਕਰੀਬਨ 4,910 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, 171 ਤੋਂ ਵੱਧ ਰੈਲੀਆਂ ਕੀਤੀਆਂ ਤੇ ਇਸ ਦੌਰਾਨ 3 ਕਰੋੜ ਲੋਕਾਂ ਤੱਕ ਪਹੁੰਚ ਕੀਤੀ, ਪੀੜਤ ਪਰਿਵਾਰਾਂ ਨਾਲ ਮੁਲਾਕਾਤਾਂ ਵੀ ਕੀਤੀਆਂ। ਮਾਵਾਂ-ਭੈਣਾਂ ਨੂੰ ਰੋਂਦਿਆਂ ਵੇਖ ਕੇ ਉਨ੍ਹਾਂ ਦਾ ਦਰਦ ਝੱਲਿਆ ਨਹੀਂ ਜਾਂਦਾ।
ਜਗਰਾਓਂ ਵਿਚ ਇਕ ਮਾਂ ਦੇ 6 ਪੁੱਤ ਨਸ਼ੇ ਦੀ ਭੇਟ ਚੜ੍ਹ ਗਏ, ਸੁਲਤਾਨਪੁਰ ਲੋਧੀ ਵਿਚ ਇਕ ਇਕ ਮਹਿਲਾ ਦਾ ਘਰਵਾਲਾ ਤੇ 6 ਪੁੱਤ ਨਸ਼ੇ ਦੀ ਭੇਟ ਚੜ੍ਹ ਗਏ, ਕਿਤੇ ਕਿਸੇ ਮਾਂ ਦੇ ਦੋਵੇਂ ਪੁੱਤ ਨਸ਼ੇ ਨਾਲ ਮਰ ਗਏ, ਕਿਸੇ ਦਾ ਪਤੀ ਸ਼ਰਾਬ ਪੀਣ ਦੀ ਆਦਤ ਤੋਂ ਸ਼ਰਾਬ ਵੇਚਣ ਦੇ ਕੰਮ ਤਕ ਪਹੁੰਚ ਗਿਆ। ਫ਼ਰੀਦਕੋਟ ਵਿਚ ਲੋਕ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਘਰ ਵੇਚ ਕੇ ਕਿਧਰੇ ਹੋਰ ਜਾਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਘਰਾਂ ਦੇ ਬਾਹਰ ਪੋਸਟਰ ਤਕ ਲਿਖ ਕੇ ਲਗਾਏ ਹਨ ਕਿ ‘ਮੇਰਾ ਮਕਾਨ ਵਿਕਾਊ ਹੈ’। ਸਾਨੂੰ ਲੋਕਾਂ ਨੇ ਪਿੰਡਾਂ ਦੀਆਂ ਸੱਥਾਂ ਵਿਚ ਰੋਕ-ਰੋਕ ਕੇ ਨਸ਼ੇ ਦਾ ਖ਼ਾਤਮਾ ਕਰਨ ਦੀ ਅਪੀਲ ਕੀਤੀ।
• ਸਰਕਾਰ ਦਾ ਕਹਿਣਾ ਹੈ ਕਿ ਭਾਜਪਾ ਸਿਰਫ਼ ਆਪਣਾ ਵਜੂਦ ਬਚਾਉਣ ਲਈ ਇਹ ਯਾਤਰਾ ਕੱਢ ਰਹੀ ਹੈ। ਕੀ ਕਹੋਗੇ?
ਸਾਡਾ ਇਸ ਵਿਚ ਕੋਈ ਸਿਆਸੀ ਲਾਹਾ ਨਹੀਂ। ਅਸੀਂ ਇਕ ਜਨ-ਅੰਦੋਲਨ ਵਾਂਗ ਪੰਜਾਬ ਦੇ ਲੋਕਾਂ ਦਾ ਦਰਦ ਲੋਕਾਂ ਵਿਚ ਲੈ ਕੇ ਗਏ ਹਾਂ। ਤੁਸੀਂ ਵੇਖੋ ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਚੰਬਲ ਦੇ ਡਾਕੂਆਂ ਦਾ ਆਤੰਕ ਖ਼ਤਮ ਕੀਤਾ ਗਿਆ ਅਤੇ ਉੱਤਰ ਪ੍ਰਦੇਸ਼ ਵਿਚ ਕਾਨੂੰਨ-ਵਿਵਸਥਾ ਬਹਾਲ ਕਰਨ ਵਿਚ ਯੋਗੀ ਜੀ ਦਾ ਕਿੰਨਾ ਵੱਡਾ ਰੋਲ ਹੈ। ਸਾਰੀ ਗੱਲ ਇੱਛਾ-ਸ਼ਕਤੀ ਦੀ ਹੁੰਦੀ ਹੈ।
• ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਗੁਜਰਾਤ ਦੇ ਪੋਰਟਾਂ ਤੋਂ ਨਸ਼ੇ ਦੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ।
ਸਮੱਗਲਿੰਗ ਦੁਨੀਆ ਵਿਚ ਹਰ ਜਗ੍ਹਾ ਹੁੰਦੀ ਹੈ। ਜੇਕਰ ਪੋਰਟ ’ਤੇ ਸਮੱਗਲਿੰਗ ਹੁੰਦੀ ਹੈ ਤਾਂ ਡੀ. ਆਰ. ਆਈ. ਉਸ ਨੂੰ ਫੜ ਵੀ ਲੈਂਦੀ ਹੈ। ਗੁਜਰਾਤ ਵਿਚ ਚਿੱਟਾ ਪੁੜੀਆਂ ਵਾਂਗ ਘਰ-ਘਰ ਨਹੀਂ ਵਿਕਦਾ, ਅੱਜ ਪੰਜਾਬ ਵਿਚ ਨਸ਼ੇ ਦੀ ਹੋਮ ਡਿਲਿਵਰੀ ਹੋ ਰਹੀ ਹੈ। ਇੱਥੇ ਨਸ਼ਾ ਵੇਚਣ ਵਾਲੇ ਕੋਠੇ ’ਤੇ ਚੜ੍ਹ ਕੇ ਸ਼ਰੇਆਮ ਆਖ਼ਦੇ ਹਨ ਕਿ ‘ਚਿੱਟਾ ਚਾਹੀਦਾ ਹੈ ਤਾਂ ਸਾਡੇ ਤੋਂ ਲੈ ਲਓ’। ‘ਆਪ’ ਨੇ ਤਿੰਨ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਣੀ ਨੂੰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਨਸ਼ਾ ਘਰ-ਘਰ ਵੜਿਆ ਹੋਇਆ ਹੈ।
• ਪੰਜਾਬ ਦੇ ਲੋਕ ਕਿਵੇਂ ਭਰੋਸਾ ਕਰ ਲੈਣ ਕਿ ਭਾਜਪਾ ਨਸ਼ਾ ਖ਼ਤਮ ਕਰ ਦੇਵੇਗੀ?
ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ’ਤੇ ਭਰੋਸਾ ਕਰਨਾ ਪਵੇਗਾ। ਇਹ ਜੋ ਕਹਿੰਦੇ ਹਨ, ਉਹ ਕਰਦੇ ਹਨ। ਜੇਕਰ ਉੱਤਰ ਪ੍ਰਦੇਸ਼ ਵਿਚ ਗੈਂਗਸਟਰਵਾਦ ਖ਼ਤਮ ਹੋ ਗਿਆ, ਜੇ ਚੰਬਲ ਦੀ ਘਾਟੀ ਤੋਂ ਡਾਕੂ ਖ਼ਤਮ ਹੋ ਗਏ, ਜੇ ਸਾਡਾ ਗੁਆਂਢੀ ਸੂਬਾ (ਹਰਿਆਣਾ) 24 ਫ਼ਸਲਾਂ ’ਤੇ ਐੱਮ. ਐੱਸ. ਪੀ. ਦੇ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ? ਸਰਕਾਰਾਂ ਡਬਲ ਇੰਜਣ ਨਾਲ ਚੱਲਦੀਆਂ ਹਨ। ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤਕ 14 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਪੰਜਾਬ ਨੂੰ ਦਿੱਤੇ ਹਨ, ਪਰ ਇਹ ਪੈਸਾ ਕਿਤੇ ਲੱਗਿਆ ਨਹੀਂ ਲੱਭਦਾ। ਇਨ੍ਹਾਂ ਨੇ ਕੇਂਦਰ ਦੀਆਂ ਸਕੀਮਾਂ ਨੂੰ ਵੀ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।
• ਕੀ ਕ੍ਰੈਡਿਟ ਦੇ ਇਸ ਰੌਲ਼ੇ ਵਿਚ ਕੇਂਦਰ ਸਰਕਾਰ ਪੰਜਾਬ ਨੂੰ ਨਜ਼ਰਅੰਦਾਜ਼ ਕਰ ਰਹੀ ਹੈ?
ਇਹ ਬਹੁਤ ਵੱਡੀ ਗਲਤਫ਼ਹਿਮੀ ਹੈ। 2014 ਤੋਂ ਲੈ ਕੇ ਹੁਣ ਤਕ ਪੰਜਾਬ ਨੂੰ ਵੱਖ-ਵੱਖ ਸਕੀਮਾਂ ਲਈ 14 ਲੱਖ ਕਰੋੜ ਰੁਪਏ ਤੋਂ ਵੱਧ ਫੰਡ ਆ ਚੁੱਕਿਆ ਹੈ। ਸੂਬਾ ਸਰਕਾਰ ਨੇ ਇਹ ਪੈਸਾ ਸਬੰਧਤ ਸਕੀਮ ਵਿਚ ਵਰਤ ਕੇ ਇਕ ਯੂਟੀਲਾਈਜ਼ੇਸ਼ਨ ਸਰਟੀਫ਼ਿਕੇਟ ਦੇਣਾ ਹੁੰਦਾ ਹੈ, ਪਰ ਮੌਜੂਦਾ ਸਰਕਾਰ ਨੇ ਅੱਜ ਤਕ ਕੋਈ ਵੀ ਅਜਿਹਾ ਸਰਟੀਫ਼ਿਕੇਟ ਨਹੀਂ ਦਿੱਤਾ। ਜਿੰਨੀ ਦੇਰ ਸਰਟੀਫ਼ਿਕੇਟ ਨਹੀਂ ਦਿੰਦੇ, ਓਨੀ ਦੇਰ ਅਗਲੀ ਕਿਸ਼ਤ ਰੁਕੀ ਰਹਿੰਦੀ ਹੈ। ਕੇਂਦਰ ਦੀਆਂ ਸਕੀਮਾਂ ਨੂੰ ਵੀ ਸੂਬਾ ਸਰਕਾਰ ਨੇ ਹੀ ਲਾਗੂ ਕਰਨਾ ਹੁੰਦਾ ਹੈ।
• ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਤੁਹਾਡੀ ਪੰਜਾਬ ਬਾਰੇ ਕੀ ਗੱਲਬਾਤ ਹੋਈ?
ਮੈਂ ਪੰਜਾਬ ਭਾਜਪਾ ਪ੍ਰਧਾਨ ਬਣਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਤਾਂ ਇਹੋ ਕਿਹਾ ਸੀ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਅਜਿਹਾ ਬਿਲਕੁੱਲ ਨਹੀਂ ਹੋਣਾ ਚਾਹੀਦਾ। ਮੈਂ ਉਨ੍ਹਾਂ ਨੂੰ ਕਿਹਾ ਕਿ ਜਿਵੇਂ ਤੁਸੀਂ ਪਹਿਲਾਂ ਗੁਜਰਾਤ ਤੇ ਫ਼ਿਰ ਦੇਸ਼ ਨੂੰ ਤਰੱਕੀ ਦੇ ਰਾਹ ਤੋਰਿਆ, ਇਸੇ ਤਰ੍ਹਾਂ ਪੰਜਾਬ ਨੂੰ ਵੀ ਆਪ ਆ ਕੇ ਵੇਖਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਨਹੀਂ 10 ਵਾਰ ਆਉਣ ਲਈ ਤਿਆਰ ਹਾਂ। ਪੰਜਾਬ ਭਾਰਤੀ ਜਨਤਾ ਪਾਰਟੀ ਦੀ ਤਰਜੀਹ ਹੈ। ਪੰਜਾਬ ਨੰਬਰ 1 ’ਤੇ ਹੁੰਦਾ ਸੀ, ਪਰ ਅੱਜ ਅਸੀਂ ਨੀਤੀ ਆਯੋਗ ਦੀ ਲਿਸਟ ਵਿਚ 22ਵੇਂ ਨੰਬਰ ’ਤੇ ਜਾ ਪਹੁੰਚੇ ਹਾਂ।
• ਆਮ ਆਦਮੀ ਪਾਰਟੀ ਵੱਲੋਂ ਕੇਂਦਰ ’ਤੇ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਜਾਂਦੇ ਹਨ। ਕੀ ਕਹੋਗੇ?
ਇਨਫ਼ੋਰਸਮੈਂਟ ਡਾਇਰੈਕਟੋਰੇਟ ਇਕ ਸੰਵਿਧਾਨਕ ਸੰਸਥਾ ਹੈ। ਜੇਕਰ ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਈ. ਡੀ. ਤੋਂ ਡਰ ਕਿਸ ਚੀਜ਼ ਦਾ ਹੈ? ਇਨ੍ਹਾਂ ਨੇ ਲੈਂਡ ਪੂਲਿੰਗ ਰਾਹੀਂ ਕਿਸਾਨਾਂ ਨਾਲ ਧੋਖਾ ਕੀਤਾ, ਉਸੇ ਘਪਲੇ ਕਾਰਨ ਇਨ੍ਹਾਂ ਨੂੰ ਈ. ਡੀ. ਤੋਂ ਡਰ ਲੱਗਦਾ ਹੈ। ਸੰਵਿਧਾਨਕ ਏਜੰਸੀ ਨੇ ਤਾਂ ਹਰ ਸੂਬੇ ਵਿਚ ਹੀ ਮੁਲਕ ਦੀਆਂ ਚੀਜ਼ਾਂ ਨੂੰ ਚੈੱਕ ਕਰਨਾ ਹੈ। ਉਹ ਆਪਣੀ ਡਿਊਟੀ ਨਿਭਾਉਂਦੇ ਹਨ, ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗੁੰਡਾਗਰਦੀ ਕਰਦਿਆਂ ਉਨ੍ਹਾਂ ਦੀਆਂ ਕਾਰਾਂ ਤਕ ਭੰਨ ਦਿੱਤੀਆਂ। ਜੇਕਰ ਤੁਹਾਨੂੰ ਕੋਈ ਡਰ ਨਹੀਂ ਤਾਂ ਸਾਰੇ ਕਾਗਜ਼ ਏਜੰਸੀ ਨੂੰ ਦੇ ਦਿਓ। ਦਿੱਲੀ ਵਾਲੇ ਪੰਜਾਬ ਨੂੰ ਚਲਾ ਰਹੇ ਹਨ ਤੇ ਅਹਿਮਦ ਸ਼ਾਹ ਅਬਦਾਲੀ ਵਾਂਗ ਲੁੱਟ ਰਹੇ ਹਨ। ਇਨ੍ਹਾਂ ਨੇ ਸਾਡੇ ਮੰਤਰੀਆਂ ਤੇ ਅਫ਼ਸਰਾਂ ਦੀਆਂ ਸਰਕਾਰੀ ਕੋਠੀਆਂ ਦਿੱਲੀ ਵਾਲਿਆਂ ਨੂੰ ਦਿੱਤੀਆਂ ਹੋਈਆਂ ਹਨ। ਸਾਡੇ ਚੁਣੇ ਹੋਏ ਵਿਧਾਇਕ ਜਾਂ ਮੁੱਖ ਮੰਤਰੀ ਨਹੀਂ ਸਗੋਂ ਦਿੱਲੀ ਤੋਂ ਹਾਰੀ ਹੋਈ ਪਾਰਟੀ ਦੇ ਲੋਕ ਪੰਜਾਬ ਨੂੰ ਚਲਾ ਰਹੇ ਹਨ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਇਨ੍ਹਾਂ ਨੂੰ ਪਿੰਡਾਂ ਵਿਚ ਵੜਨ ਵੀ ਨਹੀਂ ਦੇਣਗੇ।
• 5 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਵੇਂ ਉਤਾਰੋਗੇ?
ਮੌਜੂਦਾ ਸਰਕਾਰ ਨੂੰ ਪੰਜਾਬ ਚਲਾਉਣਾ ਹੀ ਨਹੀਂ ਆਇਆ। ਪੰਜਾਬ ਬੜਾ ਖੁਸ਼ਹਾਲ ਸੂਬਾ ਹੈ ਤੇ ਪੰਜਾਬੀ ਬੜੇ ਮਿਹਨਤੀ ਲੋਕ ਹਨ। ਖੇਤੀਬਾੜੀ ਵਿਚ ਵੰਨ-ਸੁਵੰਨਤਾ ਲਿਆਂਦੀ ਜਾਵੇ, ਕਾਰਗੋ ਟਰਮੀਨਲ ਲਿਆਂਦੇ ਜਾਣ ਤੇ ਸਾਡੀਆਂ ਸਬਜ਼ੀਆਂ ਨਾਲ ਲੱਗਦੇ ਮੁਲਕਾਂ ਵਿਚ ਮਹਿੰਗੇ ਭਾਅ ’ਤੇ ਵਿਕਣ। ਹਰਿਆਣਾ ਪੰਜਾਬ ਤੋਂ ਹੀ ਵੱਖ ਹੋਇਆ ਸੀ ਪਰ ਅੱਜ ਆਰਥਿਕ ਤੌਰ ’ਤੇ ਪੰਜਾਬ ਤੋਂ ਕਾਫ਼ੀ ਅੱਗੇ ਨਿਕਲ ਗਿਆ ਹੈ। ਹਰਿਆਣਾ ਦੇ ਇਕੱਲੇ ਸ਼ਹਿਰ ਗੁੜਗਾਓਂ ਦੀ ਜੀ. ਐੱਸ. ਟੀ. ਕੁਲੈਕਸ਼ਨ ਸਾਰੇ ਪੰਜਾਬ ਦੇ ਬਰਾਬਰ ਹੈ। ਅੱਜ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਡੀ. ਏ. ਤਕ ਨਹੀਂ ਦੇ ਪਾ ਰਹੀ। ਪੰਜਾਬ ਨੂੰ ਇਕ ਵਿਜ਼ਨ ਵਾਲੀ ਸਰਕਾਰ ਤੇ ਲੀਡਰ ਦੀ ਜ਼ਰੂਰਤ ਹੈ, ਜੇਕਰ ਉਹ ਸਰਕਾਰ ਆ ਜਾਵੇ ਤਾਂ ਪੰਜਾਬ ਮੁੜ ਤੋਂ ਨੰਬਰ 1 ਸੂਬਾ ਬਣ ਜਾਵੇਗਾ।
ਅਕਾਲੀ ਦਲ ਨਾਲ ਗੱਠਜੋੜ ਹੋਵੇਗਾ ਜਾਂ ਨਹੀਂ?
ਮੈਂ ਪੰਜਾਬ ਦੀ ਖੇਤਰੀ ਪਾਰਟੀ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਬਹੁਤ ਇੱਜ਼ਤ ਕਰਦਾ ਹਾਂ। ਪੰਜਾਬ ਦੀ ਤਰੱਕੀ ਪਿੱਛੇ ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਬਹੁਤ ਵੱਡਾ ਯੋਗਦਾਨ ਸੀ। ਸੁਖਬੀਰ ਨੇ ਕੇਂਦਰ ਨਾਲ ਸੰਪਰਕ ਕਰ ਕੇ ਨਵਾਂ ਚੰਡੀਗੜ੍ਹ, ਹਾਈਵੇਅਜ਼ ਆਦਿ ਬਹੁਤ ਕੁਝ ਬਣਵਾਇਆ। ਮੈਂ ਖੇਤਰੀ ਪਾਰਟੀ ਦੇ ਵੀ ਹੱਕ ਵਿਚ ਹਾਂ ਪਰ ਪੰਜਾਬ ਦੇ ਜੋ ਮੌਜੂਦਾ ਹਾਲਾਤ ਹਨ, ਉਨ੍ਹਾਂ ਨੂੰ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਸੁਧਾਰ ਸਕਦੀ ਹੈ। ਪੰਜਾਬ ਭਾਜਪਾ ਦਾ ਇਹੋ ਮੰਨਣਾ ਹੈ ਕਿ ਅਸੀਂ 117 ਸੀਟਾਂ ’ਤੇ ਇਕੱਲਿਆਂ ਲੜਾਂਗੇ। ਬਾਕੀ ਸਾਰੀਆਂ ਗੱਲਾਂ ਹਾਈਕਮਾਂਡ ਨੇ ਦੇਖਣੀਆਂ ਹੁੰਦੀਆਂ ਹਨ ਤੇ ਜੋ ਸਾਨੂੰ ਹਾਈਕਮਾਂਡ ਕਹੇਗੀ, ਅਸੀਂ ਉਸ ਮੁਤਾਬਕ ਹੀ ਚੱਲਾਂਗੇ। ਸਾਨੂੰ ਇਹ ਵੀ ਭਰੋਸਾ ਹੈ ਕਿ ਪੰਜਾਬ ਦੇ ਲੋਕ ਸਾਡੇ ਨਾਲ ਜੁੜਨਗੇ। ਜਿਹੜੇ ਵੀ ਸੂਬੇ ਵਿਚ ਭਾਜਪਾ ਦੀ ਸਰਕਾਰ ਹੈ, ਉੱਥੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵੇਗੀ ਭਾਜਪਾ
ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ, ਦੁਨੀਆ ਦੇ ਹਰ ਹਿੱਸੇ ਵਿਚ ਪੰਜਾਬੀ ਵੱਡੇ ਮੁਕਾਮ ਹਾਸਲ ਕਰ ਚੁੱਕੇ ਹਨ। ਸਿੱਖ ਕੌਮ ਬਹੁਤ ਮਹਾਨ ਕੌਮ ਹੈ। ਸਾਡਾ ਸਭ ਤੋਂ ਵਧੀਆ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਇਆ ਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਖ਼ਾਲਸਾ ਰਾਜ ਲੈ ਕੇ ਆਵਾਂਗੇ, ਜਿਸ ਵਿਚ ਕੋਈ ਜਾਤ-ਪਾਤ ਨਹੀਂ ਹੋਵੇਗੀ, ਕੋਈ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਤੇ ਲੋਕ ਖ਼ੁਸ਼ਹਾਲ ਹੋਣਗੇ।
ਸਰਪੰਚਣੀ ਨਾਲ ਲੁੱਟ! ਕੰਨਾਂ 'ਚੋਂ ਲਾਹ ਕੇ ਲੈ ਗਏ ਸੋਨੇ ਦੀਆਂ ਵਾਲੀਆਂ, ਖੋਹਬਾਜ਼ਾਂ ਦੇ ਨਾਲ-ਨਾਲ ਸੁਨਿਆਰਾ ਵੀ ਕਾਬੂ
NEXT STORY