ਝਬਾਲ, (ਹਰਬੰਸ ਲਾਲੂਘੁੰਮਣ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਗੰਡੀਵਿੰਡ ਵਾਸੀ ਦਲਿਤ ਵਿਧਵਾ ਤੇ ਗੂੰਗੀ-ਬੋਲ਼ੀ ਔਰਤ 'ਤੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਹਮਲਾ ਕਰ ਕੇ ਕੀਤੀ ਗਈ ਕਥਿਤ ਕੁੱਟਮਾਰ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਗੰਡੀਵਿੰਡ, ਸੂਬਾ ਮੀਤ ਪ੍ਰਧਾਨ ਜਗਬੀਰ ਸਿੰਘ ਬੱਬੂ ਤੇ ਕੈਪਟਨ ਸਿੰਘ ਬਘਿਆੜੀ ਨੇ ਥਾਣਾ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ 16 ਅਗਸਤ ਤੱਕ ਕਥਿਤ ਦੋਸ਼ੀ ਪੁਲਸ ਦੀ ਗ੍ਰਿਫਤ 'ਚ ਨਾ ਹੋਏ ਤਾਂ 17 ਅਗਸਤ ਨੂੰ ਝਬਾਲ ਚੌਕ 'ਚ ਅਣਮਿੱਥੇ ਸਮੇਂ ਲਈ ਜਥੇਬੰਦੀ ਵੱਲੋਂ ਧਰਨਾ-ਪ੍ਰਦਰਸ਼ਨ ਆਰੰਭ ਕਰ ਦਿੱਤਾ ਜਾਵੇਗਾ।
ਕਿਸਾਨ ਜਥੇਬੰਦੀਆਂ ਦੇ ਉਕਤ ਆਗੂਆਂ ਦੀ ਹਾਜ਼ਰੀ 'ਚ ਔਰਤ ਦੇ ਰਿਸ਼ਤੇਦਾਰਾਂ ਹਰਪ੍ਰੀਤ ਸਿੰਘ, ਪ੍ਰਕਾਸ਼ ਸਿੰਘ, ਕੈਪਟਨ ਸਿੰਘ, ਜਰਨੈਲ ਸਿੰਘ, ਗੁਰਸੇਵਕ ਸਿੰਘ ਆਦਿ ਨੇ ਦੱਸਿਆ ਕਿ ਬੀਤੀ 5 ਅਗਸਤ ਨੂੰ ਨਿੱਕਾ ਸਿੰਘ ਨਾਮੀ ਵਿਅਕਤੀ ਆਪਣੇ ਸਾਥੀਆਂ ਸਮੇਤ ਨਰਿੰਦਰ ਕੌਰ ਦੇ ਕੋਠੇ 'ਤੇ ਬੈਠ ਕੇ ਸਿਗਰਟ ਪੀ ਰਿਹਾ ਸੀ ਅਤੇ ਸਿਗਰਟ ਦੀ ਰਾਖ ਉਸ ਦੇ ਘਰ 'ਚ ਸੁੱਟਦਾ ਸੀ, ਨਰਿੰਦਰ ਕੌਰ ਨੇ ਜਦੋਂ ਉਕਤ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਨਿੱਕਾ ਸਿੰਘ ਨੇ ਉਸ ਦੇ ਘਰ 'ਚ ਜਬਰੀ ਦਾਖਲ ਹੋ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ।
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਨਿੱਕਾ ਸਿੰਘ ਤੇ ਉਸ ਦੇ ਸਾਥੀਆਂ ਵਿਰੁੱਧ ਇਕ ਹੋਰ ਔਰਤ ਦਰਸ਼ਨ ਕੌਰ ਪਤਨੀ ਲਖਵਿੰਦਰ ਸਿੰਘ ਨੂੰ ਸੱਟਾਂ ਮਾਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਰਿੰਦਰ ਕੌਰ ਦੀ ਕੁੱਟਮਾਰ ਸਬੰਧੀ ਉਨ੍ਹਾਂ ਦੋਸ਼ੀਆਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਕੀ ਕਹਿਣਾ ਹੈ ਥਾਣਾ ਮੁਖੀ ਦਾ : ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਕ੍ਰਿਪਾਲ ਸਿੰਘ ਨੇ ਕਿਹਾ ਕਿ ਦੋਸ਼ੀ ਵਿਰੁੱਧ ਪਹਿਲਾਂ ਵੀ ਕੇਸ ਦਰਜ ਹੈ। ਉਕਤ ਕੇਸ 'ਚ ਅਦਾਲਤ ਵੱਲੋਂ ਦੋਸ਼ੀ ਨੂੰ ਆਰਜ਼ੀ ਜ਼ਮਾਨਤ ਦਿੱਤੀ ਗਈ ਹੈ ਪਰ ਦੋਸ਼ੀ ਅਜੇ ਪੁਲਸ ਦੀ ਤਫਤੀਸ਼ 'ਚ ਸ਼ਾਮਿਲ ਹੋਣ ਨਹੀਂ ਪੁੱਜਾ। ਔਰਤ ਨਰਿੰਦਰ ਕੌਰ ਦੀ ਸ਼ਿਕਾਇਤ ਦੇ ਮਾਮਲੇ 'ਚ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਘਰੋਂ ਫਰਾਰ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਤਫਤੀਸ਼ 'ਚ ਸ਼ਾਮਿਲ ਨਾ ਹੋਣ ਦੀ ਸੂਰਤ 'ਚ ਦੋਸ਼ੀ ਦੀ ਜ਼ਮਾਨਤ ਰੱਦ ਕਰਵਾਉਣ ਲਈ ਮਾਣਯੋਗ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ।
ਸੁਲਤਾਨਪੁਰ ਲੋਧੀ ਦੇ ਸੁੰਦਰੀਕਰਨ ਨਾਲ ਹੋਵੇਗੀ 550ਵੇਂ ਗੁਰਪੁਰਬ ਸਮਾਗਮਾਂ ਦੀ ਤਿਆਰੀ : ਸਿੱਧੂ
NEXT STORY