ਲੁਧਿਆਣਾ (ਵਿੱਕੀ) : ਸੀ. ਬੀ. ਐੱਸ. ਈ. ਦੀ ਪਹਿਲ ਜੇਕਰ ਸਹੀ ਸਮੇਂ 'ਤੇ ਲਾਗੂ ਹੋ ਗਈ ਤਾਂ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਮਾਰਕਸ਼ੀਟ 'ਚ ਇਸ ਵਾਰ ਬਦਲਾਅ ਦਿਖਾਈ ਦੇਵੇਗਾ। ਹਾਲਾਂਕਿ ਇਹ ਬਦਲਾਅ ਉਨ੍ਹਾਂ ਵਿਦਿਆਰਥੀਆਂ ਲਈ ਹੋਵੇਗਾ ਜੋ ਕਿਸੇ ਕਾਰਨ ਪ੍ਰੀਖਿਆ ਵਿਚ ਫੇਲ ਜਾਂ ਕੰਪਾਰਟਮੈਂਟ ਪ੍ਰਾਪਤ ਕਰਦੇ ਹਨ ਪਰ ਬੋਰਡ ਨੇ ਯੋਜਨਾ ਬਣਾਈ ਹੈ ਕਿ 10ਵੀਂ ਅਤੇ 12ਵੀਂ ਦੇ ਫੇਲ ਜਾਂ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਮਾਰਕਸ਼ੀਟ 'ਤੇ ਉਕਤ ਦੋਵੇਂ ਸ਼ਬਦ ਨਹੀਂ ਲਿਖੇ ਜਾਣਗੇ। ਇਸ ਦੇ ਸਥਾਨ 'ਤੇ ਕਿਨ੍ਹਾਂ ਸ਼ਬਦਾਂ ਦੀ ਵਰਤੋਂ ਕਰਨੀ ਹੈ, ਉਸ ਦੀ ਚੋਣ ਕਰਨ ਲਈ ਬੋਰਡ ਨੇ ਵੱਖ-ਵੱਖ ਸਕੂਲੀ ਪ੍ਰਿੰਸੀਪਲਾਂ ਤੋਂ ਸੁਝਾਅ ਵੀ ਮੰਗੇ ਹਨ। ਇਹੀ ਨਹੀਂ, ਮਾਰਕਸ਼ੀਟ 'ਤੇ ਕਿਹੜਾ ਸ਼ਬਦ ਲਿਖਿਆ ਜਾਣਾ ਹੈ, ਇਸ ਨੂੰ ਤੈਅ ਕਰਨ ਲਈ ਬਾਕਾਇਦਾ ਇਕ ਕਮੇਟੀ ਵੀ ਬਣਾਈ ਗਈ ਹੈ। ਬੋਰਡ ਵੱਲੋਂ ਸਕੂਲਾਂ ਨੂੰ ਭੇਜੇ ਗਏ ਪੱਤਰ ਵਿਚ ਸਾਰੇ ਪ੍ਰਿੰਸੀਪਲਾਂ ਤੋਂ ਫੇਲ ਜਾਂ ਕੰਪਾਰਟਮੈਂਟ ਦੇ ਸਥਾਨ 'ਤੇ 4 ਸ਼ਬਦ ਭੇਜਣ ਨੂੰ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ ਬੀਤੇ ਦਿਨ ਵੱਖ-ਵੱਖ ਸਕੂਲਾਂ ਦੇ ਪਿੰ੍ਰਸੀਪਲਾਂ ਨੂੰ ਪੱਤਰ ਭੇਜ ਕੇ ਜਾਣਕਾਰੀ ਮੰਗੀ ਹੈ ਕਿ ਫੇਲ ਜਾਂ ਕੰਪਾਰਟਮੈਂਟ ਦੀ ਜਗ੍ਹਾ ਕਿਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ, ਜਿਸ ਦਾ ਵਿਦਿਆਰਥੀਆਂ 'ਤੇ ਕੋਈ ਨੈਗੇਟਿਵ ਅਸਰ ਨਾ ਪਵੇ।
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਦੀ ਚੇਅਰਪਰਸਨ ਅਨੀਤਾ ਕਰਵਾਲ ਨੇ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਕਈ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਜੋ ਕਿ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਹਨ।
ਚੇਅਰਪਰਸਨ ਦੀ ਇਸੇ ਪਹਿਲ ਦਾ ਸਬੂਤ ਹੀ ਹੈ ਕਿ ਉਨ੍ਹਾਂ ਨੇ ਫੇਲ ਜਾਂ ਕੰਪਾਰਟਮੈਂਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਮਨ 'ਤੇ ਇਨ੍ਹਾਂ ਦੋਵੇਂ ਸ਼ਬਦਾਂ ਦਾ ਨੈਗੇਟਿਵ ਅਸਰ ਨਾ ਪੈਣ ਦੇਣ ਲਈ ਨਵਾਂ ਫਾਰਮੂਲਾ ਅਪਣਾਉਣ ਲਈ ਸੁਝਾਅ ਮੰਗੇ ਹਨ। ਸੀ. ਬੀ. ਐੱਸ. ਈ. ਦਾ ਮੰਨਣਾ ਹੈ ਕਿ ਫੇਲ ਜਾਂ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਮਾਰਕਸਸ਼ੀਟ 'ਤੇ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਕਿ ਅਸਫਲ ਹੋਣ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਮਨ ਵਿਚ ਸਫਲਤਾ ਹਾਸਲ ਕਰਨ ਦਾ ਉਤਸ਼ਾਹ ਬਣਿਆ ਰਹੇ।
ਸਾਲ 2009 ਤੋਂ 2018 ਤੱਕ ਸੀ ਗ੍ਰੇਡਿੰਗ ਸਿਸਟਮ
ਦੱਸ ਦੇਈਏ ਕਿ ਸੀ. ਸੀ. ਈ. ਸਿਸਟਮ ਦੇ ਤਹਿਤ ਸੀ. ਬੀ. ਐੱਸ. ਈ. ਵੱਲੋਂ 2009 ਤੋਂ ਬੋਰਡ ਦਾ ਨਤੀਜਾ ਗ੍ਰੇਡਿੰਗ ਵਿਚ ਦੇਣਾ ਸ਼ੁਰੂ ਕੀਤਾ ਗਿਆ ਸੀ ਪਰ ਇਸ ਵਿਚ 2018 ਤੋਂ ਬਦਲਾਅ ਕਰ ਦਿੱਤਾ ਗਿਆ ਅਤੇ ਨਤੀਜਾ ਅੰਕਾਂ ਵਿਚ ਦਿੱਤਾ ਜਾਣ ਲੱਗਾ। ਗ੍ਰੇਡਿੰਗ ਸਿਸਟਮ ਵਿਚ ਫੇਲ ਅਤੇ ਪਾਸ ਨਹੀਂ ਲਿਖਿਆ ਹੁੰਦਾ ਸੀ, ਸਿਰਫ ਏ ਤੋਂ ਲੈ ਕੇ ਈ ਤੱਕ ਦੀ ਗ੍ਰੇਡਿੰਗ ਦਿੱਤੀ ਜਾਂਦੀ ਸੀ।
ਫੇਲ ਦੀ ਜਗ੍ਹਾ ਹੋ ਸਕਦੈ ਨਾਟ ਕੁਆਲੀਫਾਈ
ਸੂਤਰ ਦੱਸਦੇ ਹਨ ਕਿ ਕੰਪਾਰਟਮੈਂਟ ਪ੍ਰੀਖਿਆ ਨੂੰ ਸਪਲੀਮੈਂਟਰੀ ਪ੍ਰੀਖਿਆ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕਿੰਡ ਐਗਜ਼ਾਮ ਜਾਂ ਵਿਸ਼ੇਸ਼ ਪ੍ਰੀਖਿਆ ਦਾ ਨਾਂ ਵੀ ਕੰਪਾਰਟਮੈਂਟ ਪ੍ਰੀਖਿਆ ਨੂੰ ਦਿੱਤਾ ਜਾ ਸਕਦਾ ਹੈ। ਨਾਲ ਹੀ ਫੇਲ ਸ਼ਬਦ ਦੀ ਜਗ੍ਹਾ ਨਾਟ ਕੁਆਲੀਫਾਈ ਵਰਗੇ ਸ਼ਬਦ ਲਿਖੇ ਜਾ ਸਕਦੇ ਹਨ। ਬੋਰਡ ਵੱਲੋਂ ਉਨ੍ਹਾਂ ਸ਼ਬਦਾਂ ਨੂੰ ਹੀ ਲਾਗੂ ਕੀਤਾ ਜਾਵੇਗਾ ਜਿਨ੍ਹਾਂ 'ਤੇ ਪ੍ਰਿੰਸੀਪਲਾਂ ਦੀ ਸਲਾਹ ਜ਼ਿਆਦਾ ਆਵੇਗੀ।
ਸਕੂਲਾਂ ਦੇ ਰਿਪੋਰਟ ਕਾਰਡ ਵਿਚ ਵੀ ਲਾਗੂ ਹੋਵੇਗਾ ਫਾਰਮੂਲਾ
ਬੋਰਡ ਨੇ ਪ੍ਰਿੰਸੀਪਲਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਜੇਕਰ ਇਕ ਵਾਰ ਬੱਚੇ ਨੂੰ ਫੇਲ ਹੋਣ ਦਾ ਅਹਿਸਾਸ ਹੋ ਜਾਂਦਾ ਹੈ ਤਾਂ ਉਸ ਵਿਚੋਂ ਬੱਚੇ ਦਾ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਕਈ ਵਾਰ ਤਾਂ ਬੱਚੇ ਡਿਪ੍ਰੈਸ਼ਨ ਵਿਚ ਚਲੇ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਉਹ ਅੱਗੇ ਭਵਿੱਖ ਵਿਚ ਕੁਝ ਨਹੀਂ ਕਰ ਸਕਣਗੇ। ਅਜਿਹੇ ਵਿਚ ਬੱਚਿਆਂ ਨੂੰ ਉਤਸ਼ਾਹ ਦੇਣ ਦੀ ਲੋੜ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਨੂੰ ਸਿਰਫ ਬੋਰਡ ਹੀ ਨਹੀਂ, ਸਗੋਂ ਸਕੂਲ ਦੀ ਸਾਲਾਨਾ ਪ੍ਰੀਖਿਆ ਵਿਚ ਵੀ ਲਾਗੂ ਕੀਤਾ ਜਾਵੇਗਾ। ਸਕੂਲ ਪੱਧਰ 'ਤੇ ਵੀ ਰਿਪੋਰਟ ਕਾਰਡ ਵਿਚ ਫੇਲ ਸ਼ਬਦ ਨੂੰ ਹਟਾਉਣ ਦੀ ਤਿਆਰੀ ਹੈ।
ਬਰਨਾਲਾ 'ਚ ਮਿਲਿਆ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼, ਲੋਕਾਂ 'ਚ ਦਹਿਸ਼ਤ
NEXT STORY