ਲੁਧਿਆਣਾ, (ਵਿੱਕੀ)— ਲਾਕਡਾਊਨ 'ਚ ਠੱਗਾਂ ਨੇ ਵਿਦਿਆਰਥੀਆਂ ਨੂੰ ਠੱਗਣ ਦਾ ਨਵਾਂ ਫਾਰਮੂਲਾ ਵਰਤਿਆ ਹੈ ਤੇ ਬੱਚਿਆਂ ਤੋਂ ਬੋਰਡ ਪ੍ਰੀਖਿਆ 'ਚ ਪਾਸ ਕਰਵਾਉਣ ਤੋਂ ਇਲਾਵਾ ਜ਼ਿਆਦਾ ਅੰਕ ਲਗਵਾਉਣ ਲਈ ਪੈਸੇ ਮੰਗੇ ਜਾਣ ਲੱਗੇ ਹਨ।
ਮਾਮਲਾ ਧਿਆਨ 'ਚ ਆਉਂਦੇ ਹੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਜਾਣੂ ਕਰਵਾਇਆ ਕਿ ਇਸ ਤਰ੍ਹਾਂ ਦੀ ਕੋਈ ਫਰਜ਼ੀ ਕਾਲ ਆਉਣ 'ਤੇ ਸਬੰਧਤ ਪੁਲਸ ਨੂੰ ਸੂਚਨਾ ਦੇ ਕੇ ਸ਼ਿਕਾਇਤ ਕਰਵਾਉਣ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀਆਂ ਨੂੰ ਕਾਲ ਕਰਨ ਵਾਲੇ ਠੱਗ ਉਨ੍ਹਾਂ ਨੂੰ ਬਾਕਾਇਦਾ ਆਪਣਾ ਅਕਾਊਂਟ ਨੰਬਰ ਤੱਕ ਵੀ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਪੈਸੇ ਦੇਣ 'ਤੇ ਵਿਦਿਆਰਥੀ ਮਨ ਚਾਹੇ ਨੰਬਰ ਕਿਸੇ ਵੀ ਵਿਸ਼ੇ 'ਚ ਲਗਵਾ ਸਕਦੇ ਹਨ।
ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀ 10ਵੀਂ ਤੇ 12ਵੀਂ ਦੀ ਹੋ ਚੁੱਕੀ ਪ੍ਰੀਖਿਆ ਦੀ ਆਂਸਰਸ਼ੀਟ ਬਹੁਤ ਹੀ ਗੁਪਤ ਢੰਗ ਨਾਲ ਅਧਿਆਪਕਾਂ ਦੇ ਘਰਾਂ 'ਚ ਚੈੱਕ ਹੋ ਰਹੀ ਹੈ। ਬੋਰਡ ਨੇ ਉੱਤਰ ਆਂਸਰਸ਼ੀਟ ਦੇ ਮੁਲਾਂਕਣ ਵਿਚ ਲੱਗੇ ਅਧਿਆਪਕਾਂ ਨੂੰ ਪਹਿਲਾਂ ਹੀ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਪੇਪਰਾਂ ਦੀ ਚੈਕਿੰਗ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੋਣੀ ਚਾਹੀਦੀ।
ਫਰਜ਼ੀ ਫੋਨ ਕਾਲਸ ਨੇ ਵਧਾਈ ਟੈਂਸ਼ਨ
ਹੁਣ ਵਿਦਿਆਰਥੀਆਂ ਨੂੰ ਠੱਗਾਂ ਦੇ ਆਉਣ ਵਾਲੇ ਫਰਜ਼ੀ ਫੋਨ ਕਾਲਸ ਨੇ ਸੀ. ਬੀ. ਐੱਸ. ਈ. ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸੀ. ਬੀ. ਐੱਸ. ਈ. ਨੇ ਅਧਿਕਾਰਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਸੀ. ਬੀ. ਐੱਸ. ਈ. ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਲੋਕ ਖੁਦ ਨੂੰ ਸੀ. ਬੀ. ਐੱਸ. ਈ. ਦਾ ਅਧਿਕਾਰੀ ਦੱਸ ਕੇ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਇਸ ਤਰ੍ਹਾਂ ਦਾ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਵਿਦਿਆਰਥੀਆਂ ਦਾ ਡਾਟਾ ਦਾ ਅਕਸੈਸ ਹੈ। ਇਸ ਤਰ੍ਹਾਂ ਦੇ ਲੋਕ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਜ਼ਿਆਦਾ ਅੰਕ ਦੇਣ ਲਈ ਪੈਸੇ ਮੰਗ ਰਹੇ ਹਨ। ਇਸ ਲਈ ਬੱਚਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਸੀ. ਬੀ. ਐੱਸ. ਈ. ਨੇ ਇਹ ਵੀ ਕਿਹਾ ਹੈ ਕਿ ਉਹ ਕਿਸੇ ਵੀ ਧੋਖਾਦੇਹੀ ਜਾਂ ਲੈਣ-ਦੇਣ ਲਈ ਜ਼ਿੰਮੇਵਾਰ ਨਹੀਂ ਹੋਵੇਗਾ।
ਮਾਰੂਥਲੀ ਟਿੱਡੀਆਂ ਦੀ ਮਾਰ, ਸਰਹੱਦਾਂ ਤੋਂ ਪਾਰ
NEXT STORY