ਲੁਧਿਆਣਾ (ਰਿਸ਼ੀ)-ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਕ੍ਰਾਇਮ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਸਿਸਟਮ (ਸੀ. ਸੀ. ਟੀ. ਐੱਨ. ਐੱਸ.) ਪ੍ਰੋਜੈਕਟ ਕਾਰਨ ਮਹਾਨਗਰ ਦੇ ਪੁਲਸ ਸਟੇਸ਼ਨ ਹੁਣ ਦੇਸ਼ ਭਰ ਦੇ 14 ਹਜ਼ਾਰ ਪੁਲਸ ਸਟੇਸ਼ਨਾਂ ਅਤੇ 6 ਹਜ਼ਾਰ ਅਫਸਰਾਂ ਦੇ ਦਫਤਰਾਂ ਦੇ ਨਾਲ ਅਟੈਚ ਹੋ ਰਹੇ ਹਨ। ਹੁਣ ਦੇਸ਼ ਦੇ ਕਿਸੇ ਵੀ ਕੋਨੇ ਵਿਚ ਬੈਠੇ ਕ੍ਰਿਮੀਨਲ ਦੀ ਜਾਣਕਾਰੀ ਲੈਣ ਲਈ ਪੁਲਸ ਨੂੰ ਸਿਰਫ ਸਾਈਟ 'ਤੇ ਜਾ ਕੇ ਇਕ ਕਲਿੱਕ ਕਰਨਾ ਪਵੇਗਾ ਜਿਸ ਤੋਂ ਬਾਅਦ ਸਾਰੀ ਜਾਣਕਾਰੀ ਆਪਣੇ ਆਪ ਸਾਹਮਣੇ ਆ ਜਾਵੇਗੀ।
ਜਗ ਬਾਣੀ ਨਾਲ ਗੱਲਬਾਤ ਦੌਰਾਨ ਡੀ. ਸੀ. ਪੀ. ਧਰੁਮਣ ਨਿੰਬਲੇ ਨੇ ਦੱਸਿਆ ਕਿ ਮਹਾਨਗਰ ਵਿਚ 28 ਪੁਲਸ ਸਟੇਸ਼ਨ ਹਨ। ਹਰ ਸਟੇਸ਼ਨ ਵਿਚ 2 ਮੁਲਾਜ਼ਮਾਂ ਨੂੰ ਸਿਖਲਾਈ ਤੋਂ ਬਾਅਦ ਰੱਖਿਆ ਗਿਆ ਹੈ ਜੋ ਦੋ ਸ਼ਿਫਟਾਂ ਵਿਚ ਕੰਮ ਕਰਨਗੇ, ਜਿਨ੍ਹਾਂ ਦਾ ਕੰਮ ਕੰਪਿਊਟਰ 'ਤੇ ਬੈਠ ਕੇ ਸਾਰੇ ਦਿਨ ਦਾ ਕ੍ਰਾਇਮ ਡਾਟਾ (ਐੱਫ.ਆਈ.ਆਰ.ਅਤੇ ਡੀ.ਡੀ.ਆਰ ਅਤੇ ਮੁਨਸ਼ੀ ਰਜਿਸਟਰ) ਸਾਈਟ 'ਤੇ ਸਮੇਂ ਸਮੇਂ 'ਤੇ ਅਪਡੇਟ ਕਰਨਾ ਹੋਵੇਗਾ ਤਾਂਕਿ ਜੇਕਰ ਕਿਸੇ ਨੇ ਕੋਈ ਜਾਣਕਾਰੀ ਹਾਸਲ ਕਰਨੀ ਹੈ ਤਾਂ ਉਹ ਕੁਝ ਸੈਕਿੰਡ ਵਿਚ ਹਾਸਲ ਕਰ ਸਕੇ। 15 ਜੁਲਾਈ ਤੋਂ ਇਹ ਪ੍ਰੋਜੈਕਟ ਪੂਰਨ ਰੂਪ ਵਿਚ ਕੰਮ ਕਰਨ ਲੱਗ ਪਵੇਗਾ ਜਿਸ ਤੋਂ ਬਾਅਦ ਕ੍ਰਿਮੀਨਲ ਫੜਨ ਅਤੇ ਰਿਕਾਰਡ ਇਕੱਠਾ ਕਰਨ ਵਿਚ ਕਾਫੀ ਮਦਦ ਮਿਲੇਗੀ।
10 ਸਾਲਾਂ ਦੀ ਐੱਫ. ਆਈ. ਆਰ. ਅਪਡੇਟ ਕੀਤੀ
ਕਮਿਸ਼ਨਰੇਟ ਪੁਲਸ ਵੱਲੋਂ ਇਸ ਪ੍ਰੋਜੈਕਟ 'ਤੇ ਕੰਮ ਕਰਦੇ ਹੋਏ 10 ਸਾਲਾਂ ਦੀ ਐੱਫ.ਆਈ.ਆਰ. ਅਪਡੇਟ ਕਰ ਦਿੱਤੀ ਗਈ ਹੈ। ਜਦੋਂਕਿ ਆਉਣ ਵਾਲੇ ਦਿਨਾਂ ਵਿਚ ਹੋਰ ਕੰਮ ਵੀ ਪੂਰੇ ਹੋ ਜਾਣਗੇ। ਇਸ ਦੇ ਨਾਲ ਨਾਲ ਡੀ. ਡੀ. ਆਰ. ਅਤੇ ਮੁਨਸ਼ੀ ਰਜਿਸਟਰ ਵੀ ਅਪਡੇਟ ਕੀਤਾ ਜਾ ਰਿਹਾ ਹੈ।
ਲੋਕਾਂ ਨੂੰ ਇਨਸਾਫ ਲਈ ਨਹੀਂ ਪਵੇਗਾ ਭਟਕਣਾ
ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਇਨਸਾਫ ਲਈ ਭਟਕਣਾ ਨਹੀਂ ਪਵੇਗਾ ਕਿਉਂਕਿ ਥਾਣਾ ਪੱਧਰ ਦੇ ਕੰਮ ਵਿਚ ਪਾਰਦਰਸ਼ਤਾ ਆ ਜਾਵੇਗੀ। ਥਾਣਾ ਮੁਨਸ਼ੀ ਨੂੰ ਹਰ ਜਾਣਕਾਰੀ ਨਾਲੋ-ਨਾਲ ਆਨਲਾਈਨ ਅਪਡੇਟ ਕਰਨੀ ਪਵੇਗੀ। ਸੁਣਵਾਈ ਨਾ ਹੋਣ 'ਤੇ ਜੇਕਰ ਕੋਈ ਅਧਿਕਾਰੀਆਂ ਕੋਲ ਸ਼ਿਕਾਇਤ ਲੈ ਕੇ ਜਾਵੇਗਾ ਤਾਂ ਉਹ ਬੈਠੇ ਬੈਠੇ ਸ਼ਿਕਾਇਤ ਦਾ ਸਟੇਟਸ ਜਾਣ ਸਕੇਗਾ ਅਤੇ ਗਲਤੀ ਕਰਨ ਵਾਲੇ ਨੂੰ ਸਜ਼ਾ ਦੇ ਸਕਣਗੇ।
ਰਿਕਾਰਡ ਮੇਨਟੇਨ ਕਰਨ ਦੀ ਘਟੇਗੀ ਜ਼ਿੰਮੇਵਾਰੀ
ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਪੁਰਾਣਾ ਰਿਕਾਰਡ ਮੇਨਟੇਨ ਕਰਨ ਦੀ ਜ਼ਿੰਮੇਦਾਰੀ ਘਟੇਗੀ ਕਿਉਂਕਿ ਸਾਰਾ ਕੁਝ ਆਨਲਾਈਨ ਸੇਵ ਹੋ ਜਾਵੇਗਾ। ਕਈ ਮਹੱਤਵਪੂਰਨ ਫਾਈਲਾਂ ਕਈ ਵਾਰ ਨਹੀਂ ਮਿਲ ਪਾਉਂਦੀਆਂ ਪਰ ਹੁਣ ਕੋਈ ਵੀ ਫਾਈਲ ਇਧਰੋਂ ਉਧਰ ਨਹੀਂ ਹੋ ਸਕੇਗੀ।
ਰਾਜਨੀਤਕ ਅਤੇ ਉੱਚੀ ਪਹੁੰਚ ਰੱਖਣ ਵਾਲੇ ਹੋਣਗੇ ਬੇਵੱਸ
ਰਾਜਨੀਤਕ ਅਤੇ ਉੱਚੀ ਪਹੁੰਚ ਰਾਹੀਂ ਪੁਲਸ ਕਾਰਵਾਈ ਨੂੰ ਪ੍ਰਭਾਵਿਤ ਕਰਨ ਵਾਲੇ ਹੁਣ ਬੇਵੱਸ ਨਜ਼ਰ ਆਉਣਗੇ, ਨਾਲ ਹੀ ਆਮ ਜਨਤਾ ਨੂੰ ਇਨਸਾਫ ਲੈਣ ਵਿਚ ਫਾਇਦਾ ਹੋਵੇਗਾ ਕਿਉਂਕਿ ਸ਼ਿਕਾਇਤ ਦੇਣ ਤੋਂ ਲੈ ਕੇ ਐੱਫ.ਆਈ.ਆਰ. ਤੱਕ ਸਭ ਕੁਝ ਆਨਲਾਈਨ ਅਪਡੇਟ ਕਰਨਾ ਪਵੇਗਾ। ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ
ਉਸ ਨੂੰ ਲੇਟ ਕਰਦਾ ਹੈ ਤਾਂ ਉਸ ਨੂੰ ਲਿਖਤੀ ਵਿਚ ਜਵਾਬ ਦੇਣਾ ਪਵੇਗਾ।
ਕੁਰਸੀ 'ਤੇ ਬੈਠ ਕੇ ਰੱਖਣਗੇ ਪੂਰੇ ਸ਼ਹਿਰ 'ਤੇ ਨਜ਼ਰ
ਇਸ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਸੀ.ਪੀ. ਅਤੇ ਡੀ.ਸੀ.ਪੀ. ਆਪਣੀ ਕੁਰਸੀ 'ਤੇ ਬੈਠ ਕੇ ਪੂਰੇ ਸ਼ਹਿਰ ਦੇ ਥਾਣਿਆਂ ਵਿਚ ਚੱਲ ਰਹੇ ਕੰਮ 'ਤੇ ਨਜ਼ਰ ਰੱਖ ਸਕਣਗੇ। ਉਨ੍ਹਾਂ ਦੇ ਕੋਲ ਹਰ ਐੱਫ.ਆਈ.ਆਰ. ਅਤੇ ਥਾਣੇ ਦੀ ਰਿਪੋਰਟ ਅਪਡੇਟ ਹੁੰਦੀ ਰਹੇਗੀ। ਜਦੋਂ ਕਿ ਏ.ਸੀ.ਪੀ. ਅਤੇ ਏ.ਡੀ.ਸੀ.ਪੀ. ਵੀ ਆਨ ਲਾਈਨ ਥਾਣਿਆਂ ਦੀ ਰੁਟੀਨ ਦੇਖ ਸਕਣਗੇ।
ਅਧਿਕਾਰੀਆਂ ਦੇ ਨਾਲ ਮੀਟਿੰਗ
ਡੀ. ਸੀ. ਪੀ. ਵੱਲੋਂ ਸਾਰੇ ਏ. ਡੀ. ਸੀ. ਪੀ., ਏ. ਸੀ. ਪੀ., ਥਾਣਾ ਮੁਖੀ ਅਤੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਨਾਲ ਸਿੰਗਲ ਵਿੰਡੋ 'ਤੇ ਮੀਟਿੰਗ ਕੀਤੀ ਗਈ ਅਤੇ ਸਿਸਟਮ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਦੇ ਨਾਲ-ਨਾਲ ਚਲਾਉਣ ਦਾ ਤਰੀਕਾ ਸਮਝਾਇਆ ਗਿਆ।
ਅਣਪਛਾਤੀਆਂ ਲਾਸ਼ਾਂ ਦੀ ਪਛਾਣ ਵਿਚ ਮਿਲੇਗੀ ਮਦਦ
ਪੁਲਸ ਦੇ ਮੁਤਾਬਕ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਪੁਲਸ ਨੂੰ ਜਦੋਂ ਕੋਈ ਅਣਪਛਾਤੀ ਲਾਸ਼ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਹਾਸਲ ਕਰਨ ਵਿਚ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ। ਲੁਧਿਆਣਾ ਜਾਂ ਪੰਜਾਬ ਦੇ ਬਾਹਰ ਦੇ ਵਿਅਕਤੀ ਦੀ ਲਾਸ਼ ਹੋਵੇ ਤਾਂ ਕਈ ਦਿਨਾਂ ਤੱਕ ਜਾਣਕਾਰੀ ਨਹੀਂ ਮਿਲ ਪਾਉਂਦੀ ਪਰ ਇਸ ਸਿਸਟਮ ਵਿਚ ਇਕ ਵੱਖਰਾ ਕਾਲਮ ਬਣਾਇਆ ਗਿਆ ਹੈ, ਜਿਥੇ ਅਣਪਛਾਤੀ ਲਾਸ਼ ਦੀ ਫੋਟੋ ਅਪਡੇਟ ਕਰਨ 'ਤੇ ਤੁਰੰਤ ਪਤਾ ਲੱਗ ਜਾਵੇਗਾ ਕਿ ਇਸ ਵਿਅਕਤੀ ਸਬੰਧੀ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਹੈ ਜਾਂ ਨਹੀਂ।
ਨੀਟ ਪ੍ਰੀਖਿਆ 'ਚ ਟਾਪ ਕਰਨ ਵਾਲੇ ਨਵਦੀਪ ਸਿੰਘ ਨੂੰ SGPC ਨੇ ਕੀਤਾ ਸਨਮਾਨਤ (ਤਸਵੀਰਾਂ)
NEXT STORY