ਮਾਛੀਵਾੜਾ ਸਾਹਿਬ (ਟੱਕਰ) : ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਏ ਪੰਜਾਬ ਦੇ ਕਈ ਉੱਘੇ ਆਗੂਆਂ ਦੀ ਮੁੜ ਘਰ ਵਾਪਸੀ ਦੀਆਂ ਕੰਨਸੋਆਂ ਛਿੜ ਪਈਆਂ ਹਨ ਜਿਸ ਤਹਿਤ ਹਲਕਾ ਸਮਰਾਲਾ ਦੀ ਸਿਆਸਤ ਵਿਚ ਵੱਡਾ ਧਮਾਕਾ ਦੇਖਣ ਨੂੰ ਮਿਲ ਸਕਦਾ ਹੈ। ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਅਤੇ 4 ਵਾਰ ਹਲਕਾ ਸਮਰਾਲਾ ਤੋਂ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਜੋ ਕਿ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਟਿਕਟ ਨਾ ਮਿਲਣ ਕਾਰਨ ਭਾਜਪਾ ਵਿਚ ਚਲੇ ਗਏ ਅਤੇ ਉਨ੍ਹਾਂ ਦਾ ਪੋਤਰਾ ਕਰਨਵੀਰ ਸਿੰਘ ਢਿੱਲੋਂ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਹੈ। ਅੱਜ ਸਵੇਰ ਤੋਂ ਹੀ ਢਿੱਲੋਂ ਪਰਿਵਾਰ ਦੀਆਂ ਭਾਜਪਾ ਨੂੰ ਛੱਡ ਮੁੜ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਕਾਰਨ ਹਲਕਾ ਸਮਰਾਲਾ ਦੀ ਸਿਆਸਤ ਵਿਚ ਕਾਫ਼ੀ ਉੱਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਜੇਕਰ ਢਿੱਲੋਂ ਪਰਿਵਾਰ ਭਾਜਪਾ ਛੱਡ ਮੁੜ ਕਾਂਗਰਸ ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਲੋਕਾਂ ਵਿਚ ਹੁਣ ਚਰਚਾ ਸੀ ਕਿ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੀ ਵਾਗਡੋਰ ਇੱਥੋਂ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਹੱਥ ਰਹੇਗੀ ਜਾਂ ਮੁੜ ਢਿੱਲੋਂ ਪਰਿਵਾਰ ਦੇ ਹੱਥ ਆਵੇਗੀ।
ਜਿੱਥੇ ਇੱਕ ਪਾਸੇ ਢਿੱਲੋਂ ਪਰਿਵਾਰ ਦਾ ਹਲਕਾ ਸਮਰਾਲਾ ਵਿਚ ਕਾਫ਼ੀ ਆਧਾਰ ਹੈ ਉੱਥੇ ਦੂਸਰੇ ਪਾਸੇ ਮੌਜੂਦਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਪਿਛਲੇ ਡੇਢ ਸਾਲ ਦੇ ਸਮੇਂ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਨੂੰ ਸਤਿਕਾਰ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਵੀ ਚਰਚਾ ਹੈ ਕਿ ਜੇਕਰ ਢਿੱਲੋਂ ਪਰਿਵਾਰ ਕਾਂਗਰਸ ਵਿਚ ਮੁੜ ਵਾਪਸੀ ਕਰਦਾ ਹੈ ਤਾਂ ਇਕ ਮਿਆਨ ਵਿਚ 2 ਤਲਵਾਰਾਂ ਰਹਿਣੀਆਂ ਮੁਸ਼ਕਿਲ ਹਨ, ਜਿਨ੍ਹਾਂ ’ਚੋਂ ਕਿਸੇ ਇੱਕ ਨੂੰ ਨਾਲ ਲੱਗਦੇ ਵਿਧਾਨ ਸਭਾ ਹਲਕੇ ਵਿਚ ਜਾਣਾ ਪਵੇਗਾ। ਅੱਜ ਛਿੜੀਆਂ ਚਰਚਾਵਾਂ ਸਬੰਧੀ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਕੁਝ ਆਗੂਆਂ ਵਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਕਿ ਉਹ ਮੁੜ ਕਾਂਗਰਸ ਵਿਚ ਸ਼ਾਮਲ ਹੋ ਜਾਣ ਪਰ ਇਸ ਸਬੰਧੀ ਉਨ੍ਹਾਂ ਸਪੱਸ਼ਟ ਨਹੀਂ ਕੀਤਾ ਕਿ ਉਹ ਭਾਜਪਾ ਵਿਚ ਰਹਿਣਗੇ ਜਾਂ ਕਾਂਗਰਸ ਵਿਚ ਸ਼ਾਮਲ ਹੋਣਗੇ।
ਅੱਲ੍ਹੜ ਉਮਰ ਦੀ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
NEXT STORY