ਚੰਡੀਗੜ (ਬਿਊਰੋ): ਪੰਜਾਬ ਤੋਂ ਕੂਚ ਕਰ ਕੇ ਦਿੱਲੀ ਪਹੁੰਚੇ ਕਿਸਾਨ ਅੰਦੋਲਨ 'ਚ ਖ਼ਾਲਿਸਤਾਨੀ ਲਹਿਰ ਸਮਰਥਕਾਂ ਦੇ ਦਾਖ਼ਲੇ ਨੂੰ ਲੈ ਕੇ ਖ਼ੁਫ਼ੀਆ ਏਜੰਸੀਆਂ ਨੇ ਤਾਜ਼ਾ ਅਲਰਟ ਜਾਰੀ ਕੀਤਾ ਹੈ। ਖ਼ੁਫ਼ੀਆ ਏਜੰਸੀਆਂ ਨੇ ਪੁਲਸ ਬਲ ਨੂੰ ਚੌਕਸ ਕੀਤਾ ਹੈ ਕਿ ਇੰਡੀਆ ਗੇਟ ਅਤੇ ਵੀ. ਵੀ. ਆਈ. ਪੀ. ਇਲਾਕਿਆਂ 'ਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਏਜੰਸੀਆਂ ਨੇ ਕੁਝ ਸੰਦੇਸ਼ਾਂ ਨੂੰ ਫੜ੍ਹਦੇ ਹੋਏ ਪਾਇਆ ਹੈ ਕਿ ਕਿਸਾਨ ਅੰਦੋਲਨ ਦੀ ਆੜ 'ਚ ਖ਼ਾਲਿਸਤਾਨੀ ਸਮਰਥਕ ਇੰਡੀਆ ਗੇਟ ਜਾਂ ਵੀ. ਵੀ. ਆਈ. ਪੀ. ਇਲਾਕਿਆਂ 'ਚ ਖ਼ਾਲਿਸਤਾਨੀ ਝੰਡੇ ਲਹਿਰਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ
ਇਸ ਤੋਂ ਪਹਿਲਾਂ ਖ਼ੁਫ਼ੀਆ ਏਜੰਸੀਆਂ ਨੇ ਦਿੱਲੀ 'ਚ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ। ਦਰਅਸਲ, ਪਾਬੰਦੀਸ਼ੁਦਾ ਖ਼ਾਲਿਸਤਾਨ ਸਮਰਥਕ ਸੰਗਠਨ ਸਿੱਖ ਫ਼ਾਰ ਜਸਟਿਸ (ਐੱਸ. ਐੱਫ. ਜੇ.) ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਦਿੱਲੀ ਕੂਚ ਦੌਰਾਨ ਇੰਡੀਆ ਗੇਟ 'ਤੇ ਖ਼ਾਲਿਸਤਾਨ ਦਾ ਝੰਡਾ ਬੁਲੰਦ ਕਰਨ ਦਾ ਐਲਾਨ ਕੀਤਾ ਹੈ। ਐੱਸ. ਐੱਫ਼. ਜੇ. ਦੀ ਕੋਸ਼ਿਸ਼ ਕਿਸਾਨ ਅੰਦੋਲਨ ਨੂੰ ਮੌਕੇ ਦੇ ਤੌਰ 'ਤੇ ਭੁਨਾਉਣ ਦੀ ਹੈ। ਐੱਸ. ਐੱਫ਼. ਜੇ. ਦੇ ਜਨਰਲ ਕੌਂਸਲਰ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ ਸੰਦੇਸ਼ 'ਚ ਕਿਸਾਨਾਂ ਵਲੋਂ ਦਿੱਲੀ ਕੂਚ ਦੌਰਾਨ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਕਰਵਾਉਣ ਦੀ ਗੱਲ ਕਹੀ ਸੀ ਅਤੇ ਇਹ ਵੀ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਠਹਿਰਾਉਣ ਵਾਲੀ ਜਗ੍ਹਾ 'ਤੇ ਹੀ ਖ਼ਾਲਿਸਤਾਨ ਦੇ ਝੰਡੇ ਉਪਲੱਬਧ ਕਰਵਾਏ ਜਾਣਗੇ। ਪਨੂੰ ਨੇ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਖ਼ਿਲਾਫ਼ ਆਰਥਿਕ ਅੱਤਵਾਦ ਦੱਸਿਆ ਹੈ।
ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਰੈਫ਼ਰੈਂਂਡਮ 2020 ਦਾ ਨਵਾਂ ਪੈਂਤਰਾ
ਪਨੂੰ ਦਾ ਇਹ ਐਲਾਨ ਰੈਫ਼ਰੈਂਡਮ 2020 ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਪਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਰੈਫਰੈਂਡਮ ਦੀ ਆਵਾਜ਼ ਬੁਲੰਦ ਕਰ ਚੁੱਕਾ ਹੈ। ਸ਼ੁੱਕਰਵਾਰ ਨੂੰ ਵੀ ਸਿੱਖ ਫਾਰ ਜਸਟਿਸ ਵਲੋਂ ਇਕ ਨਵਾਂ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵਿਚ 30 ਨਵੰਬਰ ਨੂੰ 24 ਘੰਟਿਆਂ ਵਿਚ ਪੰਜਾਬ ਰੈਫਰੈਂਡਮ ਦੀ 100,000 ਵੋਟ ਰਜਿਸਟਰ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਨਵੇਂ ਵੀਡੀਓ ਵਿਚ ਪਨੂੰ ਨੇ ਰੈਫਰੈਂਡਮ ਲਈ ਕਾਲਿੰਗ ਸੈਂਟਰ 'ਤੇ ਕਾਲ ਕਰਨ ਦਾ ਐਲਾਨ ਕੀਤਾ ਹੈ ਤਾਂਕਿ ਵੋਟ ਰਜਿਸਟਰ ਹੋ ਸਕਣ। ਪਨੂੰ ਦਾ ਕਹਿਣਾ ਹੈ ਕਿ ਭਾਰਤ ਵਿਚ ਸਿੱਖ ਵਿਰੋਧੀ ਮਾਨਸਿਕਤਾ ਦਬਾਉਣ ਵਾਲੀ ਹੈ। ਪਨੂੰ ਨੇ ਕਿਹਾ ਹੈ ਕਿ ਪੰਜਾਬ ਰੈਫਰੈਂਡਮ ਕਮਿਸ਼ਨ ਵਲੋਂ 15 ਅਗਸਤ 2021 ਨੂੰ ਲੰਡਨ ਵਿਚ ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਪੰਜਾਬ/ਹਿਮਾਚਲ 'ਚ ਆਮ ਵਾਂਗ ਹੋਇਆ ਬੱਸਾਂ ਦਾ ਸੰਚਾਲਨ, ਦਿੱਲੀ ਰੂਟ 'ਤੇ ਅੱਜ ਹੋਵੇਗਾ ਟਰਾਇਲ
NEXT STORY