ਚੰਡੀਗੜ੍ਹ (ਰਮਨਜੀਤ) : ਕੋਵਿਡ ਬਾਰੇ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਹੋਰ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਸ ਨੇ ਵੀਰਵਾਰ ਨੂੰ ਅਜਿਹਾ ਝੂਠਾ ਪ੍ਰਚਾਰ ਕਰਨ ਵਾਲੇ 45 ਲਿੰਕਜ਼ ਨੂੰ ਬਲਾਕ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ, ਜਿਨ੍ਹਾਂ ਖਿਲਾਫ਼ ਸਬੰਧਤ ਸੋਸ਼ਲ ਮੀਡੀਆ ਪਲਟੇਫਾਰਮ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਕਾਰਵਾਈ ਕਰਨ 'ਚ ਅਸਫਲ ਰਹੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 13 ਹੋਰ ਨਵੇਂ ਖਾਤੇ/ਲਿੰਕ ਬਲਾਕ ਕਰਨ ਦੇ ਨਾਲ ਝੂਠਾ ਪ੍ਰਚਾਰ ਕਰਨ ਲਈ ਸੂਬੇ 'ਚ ਬਲਾਕ ਕੀਤੇ ਯੂ. ਆਰ. ਐੱਲਜ਼/ਲਿੰਕਜ਼ ਦੀ ਗਿਣਤੀ ਹੁਣ 121 ਹੋ ਗਈ ਜਦੋਂ ਕਿ ਕੇਂਦਰ ਸਰਕਾਰ 45 ਮਾਮਲਿਆਂ 'ਚ ਕੇਂਦਰ ਸਰਕਾਰ ਦਾ ਦਖ਼ਲ ਮੰਗਿਆ ਹੈ। ਫੇਸਬੁੱਕ ਨੇ 47 ਲਿੰਕ/ਖਾਤੇ ਬਲਾਕ ਕੀਤੇ ਹਨ ਜਦੋਂ ਕਿ ਟਵਿੱਟਰ ਨੇ 52, ਯੂ. ਟਿਊਬ ਨੇ 21 ਤੇ ਇੰਸਟਾਗ੍ਰਾਮ ਨੇ 1 ਖਾਤਾ/ਲਿੰਕ ਆਪੋ-ਆਪਣੇ ਪਲੇਟਫਾਰਮ 'ਤੋਂ ਬਲਾਕ ਕੀਤਾ।
ਡੀ. ਜੀ. ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਨਫ਼ਰਤ ਅਤੇ ਝੂਠੀ ਸਮੱਗਰੀ ਪੋਸਟ ਕਰਨ ਵਾਲੇ ਅਜਿਹੇ 292 ਹੋਰ ਯੂ.ਆਰ.ਐੱਲਜ਼/ਲਿੰਕਜ਼ ਨੂੰ ਬਲਾਕ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿਹਾ ਗਿਆ ਹੈ। ਪੁਲਸ ਨੇ ਵਿਆਨਾ (ਆਸਟਰੀਆ) ਰਹਿੰਦੇ ਸਤਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਲੁਕ ਆਊਟ ਸਰਕੂਲਰ ਜਾਰੀ ਕੀਤਾ ਹੈ। ਸਤਵਿੰਦਰ ਉਰਫ ਸੈਮ ਥਿੰਦ ਵਾਸੀ ਫੂਲ ਸ਼ਾਹਕੋਟ ਝੂਠੀਆਂ ਵੀਡਿਓਜ਼ ਪੋਸਟ ਕਰਨ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਹੈ, ਜੋ ਪੰਜਾਬ ਦੇ ਲੋਕਾਂ ਨੂੰ ਹਸਪਤਾਲ ਲਿਜਾਣ ਤੋਂ ਰੋਕ ਰਹੀਆਂ ਹਨ। ਲੁਕ ਆਊਟ ਨੋਟਿਸ ਵਿਚ ਉਸ ਦੇ ਭਾਰਤ ਵਿਚ ਦਾਖਲੇ 'ਤੇ ਰੋਕ ਮੰਗੀ ਗਈ ਹੈ। ਪੁਲਸ ਨੇ ਫਾਸਟਵੇਅ ਟੀ. ਵੀ. ਯੂ. ਐੱਸ. ਏ. ਅਤੇ ਫਾਸਟਵੇਅ ਨਿਊਜ਼ ਦੇ ਐਂਕਰਾਂ ਖਿਲਾਫ਼ ਆਸ਼ਾ ਵਰਕਰਾਂ ਬਾਰੇ ਗੁੰਮਰਾਹਕੁੰਨ ਤੱਥ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਨ 'ਤੇ ਮਾਮਲਾ ਦਰਜ ਕੀਤਾ ਹੈ। ਡੀ.ਜੀ.ਪੀ. ਨੇ ਦੱਸਿਆ ਕਿ 45 ਖਾਤੇ/ਲਿੰਕ, ਜਿਨ੍ਹਾਂ ਬਾਰੇ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਨੋਟਿਸ ਜਾਰੀ ਕਰਨ ਦੇ ਬਾਵਜੂਦ ਬਲਾਕ ਕਰਨ ਵਿਚ ਨਾਕਾਮ ਰਹੇ ਹਨ ਬਾਰੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਵੀਜ਼ਨ ਨੂੰ ਪੱਤਰ ਭੇਜਿਆ ਜਾ ਚੁੱਕਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੈਸਟਿੰਗ ਵਿਚ ਦੇਰੀ ਨਾਲ ਜਾਨਾਂ ਜਾਣ 'ਤੇ ਲਗਾਤਾਰ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਇਨ੍ਹਾਂ ਝੂਠੀਆਂ ਪੋਸਟਾਂ/ਵੀਡਿਓਜ਼ ਕਾਰਨ ਗੁੰਮਰਾਹ ਹੋਏ ਲੋਕ ਹਸਪਤਾਲਾਂ ਵਿਚ ਟੈਸਟ ਕਰਵਾਉਣ ਅਤੇ ਇਲਾਜ ਲਈ ਨਹੀਂ ਜਾ ਰਹੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਨੇ ਸਮਾਜ ਵਿਚ ਗਲਤ ਜਾਣਕਾਰੀ ਫੈਲਾਉਣ ਅਤੇ ਕੂੜ ਪ੍ਰਚਾਰ ਲਈ ਜ਼ਿੰਮੇਵਾਰ ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ।
ਪੰਨੂ ਨੂੰ ਨਹੀਂ ਜਾਣਦੇ ਉਸ ਦੇ ਜੱਦੀ ਪਿੰਡ ਵਾਲੇ ਲੋਕ
NEXT STORY