ਚੰਡੀਗੜ੍ਹ - ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਨੂੰ ਨੱਥ ਪਾਉਂਦੇ ਹੋਏ ਟਰਾਂਸਪੋਰਟ ਵਿਭਾਗ ਨੇ ਧੋਖਾਧੜੀ ਕਰਨ ਵਾਲੇ 3 ਆਟੋ ਡੀਲਰਾਂ ਕੋਲੋਂ 55.74 ਲੱਖ ਰੁਪਏ ਦੀ ਰਿਕਵਰੀ ਕਰਦਿਆਂ ਉਨ੍ਹਾਂ ਦੇ ਪੋਰਟਲ ਸੀਲ ਕਰਨ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਪ੍ਰੈੱਸ ਬਿਆਨ ਰਾਹੀਂ ਖੁਲਾਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕਾਰਵਾਈ ਲਈ ਵਚਨਬੱਧ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਅੰਮ੍ਰਿਤਸਰ ਦੇ 3 ਆਟੋ ਡੀਲਰਾਂ ਵਲੋਂ ਵਾਹਨ ਵੇਚਣ ਸਮੇਂ ਖਰੀਦਦਾਰ ਤੋਂ ਕੀਮਤ 'ਤੇ ਪੂਰਾ ਟੈਕਸ ਵਸੂਲ ਕੇ ਸਰਕਾਰੀ ਖਜ਼ਾਨੇ 'ਚ ਸਿਰਫ਼ ਅੱਧੀ ਕੀਮਤ ਦਾ ਬਣਦਾ ਟੈਕਸ ਭਰਕੇ ਟਰਾਂਸਪੋਰਟ ਵਿਭਾਗ ਨਾਲ ਧੋਖਾ ਕੀਤਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ।
ਅਰੁਨਾ ਚੌਧਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੋਵਲਟੀ ਹੌਂਡਈ, ਆਰੀਅਨ ਹੌਂਡਈ ਅਤੇ ਪੀ.ਐਨ.ਆਰ.ਮੋਟਰਜ਼ ਨਾਮੀ 3 ਡੀਲਰਾਂ ਤੋਂ 55,74,223 (55.74 ਲੱਖ) ਰੁਪਏ ਦੀ ਰਿਕਵਰੀ ਕਰਦਿਆਂ ਇਨ੍ਹਾਂ ਦੇ ਪੋਰਟਲ ਸੀਲ ਕਰ ਦਿੱਤੇ। ਕੁੱਲ 55.74 ਲੱਖ ਰੁਪਏ ਦੀ ਕੀਤੀ ਰਿਕਵਰੀ 'ਚੋਂ ਨੋਵਲਟੀ ਹੌਂਡਈ ਕੋਲੋਂ 11,85,154 ਰੁਪਏ, ਆਰੀਅਨ ਹੌਂਡਾ ਕੋਲੋਂ 6,43,780 ਰੁਪਏ ਅਤੇ ਪੀ.ਐਨ.ਆਰ. ਮੋਟਰਜ਼ ਕੋਲੋਂ 37,45,289 ਰੁਪਏ ਰਿਕਵਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਦਿਲਰਾਜ ਸਿੰਘ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਦੀ ਜੜ੍ਹ ਤੱਕ ਜਾ ਕੇ ਇਸ ਧੰਦੇ 'ਚ ਸ਼ਾਮਲ ਹੋਰਨਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਆਪਣੀ ਸਰਕਾਰ ਦੀ ਦ੍ਰਿੜਤਾ ਦੁਹਰਾਉਂਦਿਆਂ ਕਿਹਾ ਕਿ ਇਮਾਨਦਾਰੀ ਨੂੰ ਕਾਇਮ ਰੱਖਣਾ ਸਰਕਾਰ ਦੀ ਵਚਨਬੱਧਤਾ ਹੈ ਅਤੇ ਅਜਿਹੇ ਗਲਤ ਕੰਮਾਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖਤੀ ਨਾਲ ਨਜਿੱਠਣ ਲਈ ਹਮੇਸ਼ਾ ਹੀ ਤਤਪਰ ਰਹੇਗੀ।
ਝੋਨੇ ਹੇਠੋਂ ਰਕਬਾ ਘਟਾ ਕਿ ਮੱਕੀ ਦੀ ਫਸਲ ਹੇਠ ਲਿਆਉਣ ਦੀ ਜਰੂਰਤ: ਡਾ. ਨਾਜਰ ਸਿੰਘ
NEXT STORY