ਜਲੰਧਰ (ਚੋਪੜਾ)– ਭਾਜਪਾ ਨੂੰ ਆਮ ਆਦਮੀ ਪਾਰਟੀ (ਆਪ) ਸੂਟ ਕਰਦੀ ਹੈ ਅਤੇ ਭਾਜਪਾ ਦਾ ਟਾਰਗੈੱਟ ਹੈ ਕਿ ‘ਆਪ’ ਨੂੰ ਹਵਾ ਦਿਓ ਤਾਂ ਕਿ ਉਹ 24-30 ਸੀਟਾਂ ਜਿੱਤ ਲਵੇ, ਜਿਸ ਨਾਲ ਪੰਜਾਬ ਵਿਚ ਤਿਕੋਣਾ ਬਹੁਮਤ ਆ ਜਾਵੇ, ਤਾਂ ਕਿ ਕੇਂਦਰ ਸਰਕਾਰ ਪੰਜਾਬ ਵਿਚ ਗਵਰਨਰ ਰਾਜ ਲਾ ਕੇ ਰਾਜ ਕਰ ਸਕੇ। ਉਕਤ ਦੋਸ਼ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਿੰਦਰ ਬੇਰੀ ਦੇ ਪੱਖ ਵਿਚ ਰਾਮਾ ਮੰਡੀ ਵਿਖੇ ਆਯੋਜਿਤ ਇਕ ਚੋਣ ਮੀਟਿੰਗ ਦੌਰਾਨ ਕਹੇ। ਚੰਨੀ ਨੇ ਕਿਹਾ ਕਿ ਅਕਾਲੀ-ਭਾਜਪਾ ਦੀ ਗੱਠਜੋੜ ਸਰਕਾਰ ਨੇ ਸੂਬੇ ਵਿਚ 10 ਸਾਲ ਰਾਜ ਕੀਤਾ। ਉਸ ਦੌਰਾਨ ਸੁਖਬੀਰ ਬਾਅਦ ਦੁਪਹਿਰ 12 ਵਜੇ ਦੁਕਾਨ ਖੋਲ੍ਹਦਾ ਸੀ। ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਆਏ, ਜਿਹੜੇ ਸ਼ਾਮ 4 ਵਜੇ ਦੁਕਾਨ ਬੰਦ ਕਰ ਦਿੰਦੇ ਸੀ, ਜਦਕਿ ਭਗਵੰਤ ਮਾਨ ਸ਼ਾਮ 6 ਵਜੇ ਬੰਦ ਕਰਦਾ ਹੈ। ਉਨ੍ਹਾਂ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਸਿੰਘ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਟੇਜ ਚਲਾਉਣ ਤੇ ਸਟੇਟ ਚਲਾਉਣ ਵਿਚ ਬਹੁਤ ਫਰਕ ਹੁੰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਹ ਆਪਣੇ ਹਲਕੇ ਵਿਚ ਲੋਕਾਂ ਕੋਲੋਂ ਵੋਟਾਂ ਮੰਗਣ ਗਏ ਤਾਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵੋਟ ਪਾਈ ਤਾਂ ਮੁੱਖ ਮੰਤਰੀ ਨੂੰ ਵੋਟ ਪਾਓਗੇ ਪਰ ਕਿਸੇ ਹੋਰ ਨੂੰ ਪਾਈ ਤਾਂ ਉਹ ਵਿਧਾਇਕ ਚੁਣਨਗੇ। ਇਸੇ ਤਰ੍ਹਾਂ ਮੈਂ ਤੁਹਾਨੂੰ ਵੀ ਅਪੀਲ ਕਰਦਾ ਹਾਂ ਜੇਕਰ ਰਾਜਿੰਦਰ ਬੇਰੀ ਨੂੰ ਵੋਟ ਪਾਈ ਤਾਂ ਕੈਬਨਿਟ ਮੰਤਰੀ ਨੂੰ ਚੁਣੋਗੇ ਅਤੇ ਕਿਸੇ ਹੋਰ ਨੂੰ ਵੋਟ ਪਾਉਣ ਦਾ ਮਤਲਬ ਸਿਰਫ਼ ਵਿਧਾਇਕ ਚੁਣਨਾ ਹੈ। ਤੁਸੀਂ ਮੇਰਾ ਕੰਮ ਕਰ ਦਿਓ, ਮੈਂ ਤੁਹਾਡਾ ਕੰਮ ਕਰਾਂਗਾ ਅਤੇ ਮੰਤਰੀ ਬਣਨ ਤੋਂ ਬਾਅਦ ਖ਼ਾਲੀ ਕਾਗਜ਼ਾਂ ’ਤੇ ਅੰਗੂਠਾ ਲਾ ਦੇਣਾ, ਤੁਸੀਂ ਬੇਰੀ ਤੋਂ ਜੋ ਮਰਜ਼ੀ ਲਿਖਵਾ ਲਿਓ। ਚੰਨੀ ਨੇ ਕਿਹਾ ਕਿ ‘ਆਪ’ ਵਿਚ 50 ਤੋਂ ਵਧੇਰੇ ਉਮੀਦਵਾਰ ਹੋਰ ਪਾਰਟੀਆਂ ਤੋਂ ਆਏ ਹਨ। ਝਾੜੂ ਖੜ੍ਹਾ ਕਰਨ ਨਾਲ ਕਲੇਸ਼ ਹੁੰਦਾ ਹੈ। ਉਸ ਨੂੰ ਐਵੇਂ ਹੀ ਵੋਟ ਨਾ ਪਾ ਦਿਓ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਡੇ ਕ੍ਰਾਂਤੀਕਾਰੀ ਬਣਦੇ ਹਨ ਪਰ ਜੇਕਰ ਭਗਤ ਸਿੰਘ ਦੋਬਾਰਾ ਆ ਗਿਆ ਤਾਂ ਸਭ ਤੋਂ ਪਹਿਲਾਂ ਇਨ੍ਹਾਂ ਹੀ ਉਸ ਨੂੰ ਗੋਲ਼ੀ ਮਾਰਨੀ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’
ਚੰਨੀ ਨੇ ਕਿਹਾ ਕਿ 2 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਗਲਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ ਲੋਕ ਕਾਂਗਰਸ ਦੀਆਂ ਰੈਲੀਆਂ ਵਿਚ ਇੰਝ ਆ ਰਹੇ ਹਨ, ਜਿਵੇਂ ਕਿਸੇ ਵਿਆਹ ਵਿਚ ਆਏ ਹੋਣ ਪਰ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੀ ਰੈਲੀ ਵਿਚ ਇੰਝ ਜਾਂਦੇ ਹਨ, ਜਿਵੇਂ ਕਿਸੇ ਭੋਗ ’ਤੇ ਜਾ ਰਹੇ ਹੋਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਦਿਸ਼ਾ ਬਦਲ ਗਈ ਹੈ ਅਤੇ ਲੋਕ ਦੋਬਾਰਾ 111 ਦਿਨਾਂ ਵਾਲਾ ਰਾਜ ਲੱਭ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਨਾ ਤਾਂ ਉਹ ਸੁੱਤੇ ਹਨ ਤੇ ਨਾ ਹੀ ਕਿਸੇ ਨੂੰ ਸੌਣ ਦਿੱਤਾ ਹੈ। ਉਨ੍ਹਾਂ 2 ਮਰਲੇ ਤੱਕ ਘਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ, ਬਿਜਲੀ ਦੀਆਂ ਦਰਾਂ ਵਿਚ 3 ਰੁਪਏ ਦੀ ਕਟੌਤੀ ਕੀਤੀ। ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਲਿਟਰ ਸਸਤਾ ਕੀਤਾ, ਪਾਣੀ-ਸੀਵਰੇਜ ਦੇ ਬਕਾਇਆ ਬਿੱਲ ਕਾਨੂੰਨ ਬਣਾ ਕੇ ਮੁਆਫ਼ ਕਰ ਦਿੱਤੇ। ਵਪਾਰੀਆਂ ਦੇ 40 ਹਜ਼ਾਰ ਦੇ ਵੈਟ ਦੇ ਕੇਸਾਂ ’ਤੇ ਲਕੀਰ ਮਾਰ ਦਿੱਤੀ। ਪੰਜਾਬ ਦੀਆਂ 457 ਰਜਿਸਟਰਡ ਗਊਸ਼ਾਲਾਵਾਂ ਦੇ 21 ਕਰੋੜ ਰੁਪਏ ਮੁਆਫ਼ ਕੀਤੇ। ਪਰਸ਼ੂਰਾਮ ਜੀ ਦੇ ਮੰਦਿਰ ਨੂੰ 10 ਕਰੋੜ, ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਬੱਲਾਂ ਵਿਚ 100 ਏਕੜ ਜ਼ਮੀਨ ’ਤੇ ਅਧਿਐਨ ਸੈਂਟਰ ਤੋਂ ਇਲਾਵਾ ਗੀਤਾ ਅਤੇ ਰਾਮਾਇਣ ਦਾ ਅਧਿਐਨ ਸੈਂਟਰ ਲੁਧਿਆਣਾ ’ਚ ਬਣਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਵਿਚ ਸਿੱਖਿਆ ਤੇ ਸਿਹਤ ਨੂੰ ਅਹਿਮੀਅਤ ਦਿੱਤੀ ਹੈ। ਲੋਕਾਂ ਨੂੰ ਆਟਾ-ਦਾਲ ਵੀ ਦੇ ਰਹੇ ਹਾਂ ਪਰ ਇਸ ਨਾਲ ਗਰੀਬੀ ਖਤਮ ਨਹੀਂ ਹੋਣੀ। ਪੜ੍ਹਾਈ ਨਾਲ ਗਰੀਬੀ ਨੂੰ ਖਤਮ ਕੀਤਾ ਜਾ ਸਕਦਾ ਹੈ, ਜਿਸ ਕਾਰਨ ਯੂਨੀਵਰਸਿਟੀਆਂ ਨੂੰ ਬਦਹਾਲੀ ਵਿਚੋਂ ਕੱਢਣ ਲਈ ਫੰਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੋਬਾਰਾ ਬਣਨ ਤੋਂ ਬਾਅਦ ਐੱਸ. ਸੀ./ਬੀ. ਸੀ. ਵਰਗ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਾਂਗ ਜਨਰਲ ਕੈਟਾਗਰੀ ਲਈ ਵੀ ਸਕਾਲਰਸ਼ਿਪ ਸਕੀਮ ਚਲਾਵਾਂਗੇ ਤਾਂ ਕਿ ਜਨਰਲ ਕੈਟਾਗਰੀ ਦੇ ਬੱਚੇ ਵੀ ਉੱਚ ਸਿੱਖਿਆ ਹਾਸਲ ਕਰ ਸਕਣ। ਗੁਰੂ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਪੂਰਾ ਕਰਨਾ ਹੈ ਅਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੈ। ਮੁੱਖ ਮੰਤਰੀ ਨੇ ਪਰਗਟ ਸਿੰਘ ਦੀ ਪਿੱਠ ਥਾਪੜਦਿਆਂ ਕਿਹਾ ਕਿ ਉਨ੍ਹਾਂ ਦੇਸ਼ ਦੇ ਮਾਣ ਅਤੇ ਸ਼ਾਨ ਨੂੰ ਵਧਾਇਆ ਹੈ। ਦੇਸ਼ ਨੂੰ ਅਜਿਹੇ ਸਿਆਸਤਦਾਨਾਂ ਦੀ ਬਹੁਤ ਲੋੜ ਹੈ। ਰਾਜਿੰਦਰ ਬੇਰੀ ਨੇ ਲੋਕਾਂ ਨੂੰ ਕਿਹਾ ਕਿ ਉਹ ਸੋਚ ਸਮਝ ਕੇ ਵੋਟ ਪਾਉਣ ਕਿਉਂਕਿ ਉਨ੍ਹਾਂ ਦੀ ਵੋਟ ਨਾਲ ਹੀ ਕੌਂਸਲਰ, ਵਿਧਾਇਕ ਤੇ ਮੰਤਰੀ ਅਤੇ ਮੁੱਖ ਮੰਤਰੀ ਬਣਦੇ ਹਨ। 5 ਸਾਲਾਂ ਵਿਚ ਜਿਸ ਕਿਸੇ ਵੀ ਵਿਅਕਤੀ ਨੂੰ ਲੋੜ ਪਈ ਹੈ, ਉਨ੍ਹਾਂ ਉਸਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਿ-ਇੰਚਾਰਜ ਚੇਤਨ ਚੌਹਾਨ, ਸੰਸਦ ਮੈਂਬਰ ਸੰਤੋਖ ਚੌਧਰੀ, ਜ਼ਿਲਾ ਪ੍ਰਧਾਨ ਬਲਰਾਜ ਠਾਕੁਰ, ਕਾਰਜਕਾਰੀ ਪ੍ਰਧਾਨ ਵਿਜੇ ਦਕੋਹਾ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰ ਮਨਦੀਪ ਜੱਸਲ, ਮਨੋਜ ਅਗਰਵਾਲ, ਤਰਲੋਕ ਸਿੰਘ ਸਰਾਂ, ਕਰਨ ਪਾਠਕ, ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ, ਗੁਰਨਾਮ ਸਿੰਘ ਮੁਲਤਾਨੀ, ਪ੍ਰਵੀਨ ਪਹਿਲਵਾਨ, ਜਤਿੰਦਰ ਜਾਨੀ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਦੇ ਬੋਰਡ ’ਤੇ ਲੱਗੀ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਦੇ ਚਿਹਰੇ ’ਤੇ ਸ਼ਰਾਰਤੀ ਅਨਸਰਾਂ ਨੇ ਮਲੀ ਕਾਲਖ
NEXT STORY