ਚੰਡੀਗੜ੍ਹ : ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਦੇ ਨੀਮ-ਪਹਾੜੀ ਕੰਢੀ ਖੇਤਰ ਨਾਲ ਸਬੰਧਿਤ 5 ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ, ਐੱਸ. ਬੀ. ਐੱਸ ਨਗਰ, ਐੱਸ. ਏ. ਐੱਸ, ਨਗਰ ਅਤੇ ਰੂਪਨਗਰ 'ਚ ਲਾਗੂ ਕੀਤੇ ਜਾ ਰਹੇ 7 ਵਾਟਰਸ਼ੈੱਡ ਆਧਾਰਿਤ ਪ੍ਰਾਜੈਕਟਾਂ ਦੇ ਵਿਕਾਸ ਲਈ ਅਤੇ ਖੇਤੀ ਉਤਪਾਦਨ ਸੁਧਾਰ ਕਾਰਜਾਂ ਲਈ 4.00 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਸੌਂਪੀਆਂ। ਇਨ੍ਹਾਂ ਜ਼ਿਲ੍ਹਿਆਂ 'ਚ ਇਹ ਪ੍ਰਾਜੈਕਟ ਕੁੱਲ 80 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਨਿਵੇਕਲੀ ਪਹਿਲ ਕਦਮੀ ਤਹਿਤ ਭੂਮੀ ਰੱਖਿਆ ਕੰਪਲੈਕਸ ਮੋਹਾਲੀ ਵਿਖੇ ਸੂਬੇ ਦੇ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ, ਐੱਸ. ਬੀ. ਐੱਸ ਨਗਰ, ਐੱਸ. ਏ. ਐੱਸ. ਨਗਰ ਅਤੇ ਰੂਪਨਗਰ ਦੀਆਂ ਵਾਟਰਸ਼ੈੱਡ ਕਮੇਟੀਆਂ, ਕਿਸਾਨ ਉਤਪਾਦਕ ਸੰਸਥਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ 100 ਤੋਂ ਵੱਧ ਮੈਂਬਰਾਂ ਨਾਲ ਮੁਲਾਕਾਤ ਕੀਤੀ। ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਦਾ ਬਰੇਨ-ਡਰੇਨ ਰੋਕਣ ਅਤੇ ਸਾਰਥਕ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਅਜਿਹੇ ਪ੍ਰਾਜੈਕਟ ਰਾਹੀਂ ਬੇਰੁਜ਼ਗਾਰ ਨੌਜਵਾਨਾਂ, ਬੇਜ਼ਮੀਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਆਰਥਿਕ ਮਦਦ ਜਾਂ ਹੁਨਰ ਵਿਕਾਸ 'ਤੇ ਜ਼ੋਰ ਦਿੱਤਾ ਤਾਂ ਜੋ ਉਹ ਇੱਥੇ ਰਹਿ ਕੇ ਹੀ ਆਪਣੀ ਰੋਜ਼ੀ-ਰੋਟੀ ਵਧੀਆ ਢੰਗ ਨਾਲ ਕਮਾ ਸਕਣ।
ਕੈਬਨਿਟ ਮੰਤਰੀ ਨੇ ਖੇਤੀਬਾੜੀ ਨਾਲ ਸਬੰਧਿਤ ਕਿੱਤਿਆਂ ਜਿਵੇਂ ਡੇਅਰੀ, ਸੂਰ ਪਾਲਣ, ਬੱਕਰੀ ਪਾਲਣ, ਮੁਰਗੀ ਪਾਲਣ, ਸ਼ਹਿਦ-ਮੱਖੀ ਪਾਲਣ ਆਦਿ ਨੂੰ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਿਤ ਕਿੱਤੇ ਅਪਨਾਉਣ ਨਾਲ ਕਿਸਾਨ ਨੂੰ ਸਾਰਾ ਸਾਲ ਆਮਦਨ ਦੇ ਨਿਯਮਤ ਸਰੋਤ ਮਿਲਦੇ ਹਨ। ਉਨ੍ਹਾਂ ਖੇਤੀਬਾੜੀ ਲਈ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਵੱਧ ਰਹੀ ਜਾਗਰੂਕਤਾ ਦਰਮਿਆਨ ਅਨੁਕੂਲ ਬੀਜਾਂ, ਸਥਾਨਕ ਖਾਦਾਂ, ਵਰਮੀ-ਕੰਪੋਸਟ ਆਦਿ ਨੂੰ ਉਤਸ਼ਾਹਿਤ ਕਰਕੇ ਜੈਵਿਕ ਖੇਤੀ ਅਧੀਨ ਰਕਬਾ ਵਧਾਉਣ ਦਾ ਸੱਦਾ ਵੀ ਦਿੱਤਾ।
ਖੰਨਾ ਪੁਲਸ ਵੱਲੋਂ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਜੂਏ ਦੇ ਅੱਡੇ ਦਾ ਪਰਦਾਫਾਸ਼
NEXT STORY