ਪਟਿਆਲਾ (ਮਨਦੀਪ ਜੋਸਨ) - ਪੰਜਾਬ ਵਿਚ ਤਿੰਨ ਨਿਗਮਾਂ ਦੇ ਮੇਅਰਾਂ ਦੀ ਚੋਣ ਲਈ ਸਭ ਤੋਂ ਜ਼ਿਆਦਾ ਕਸ਼ਮਕਸ਼ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਚੱਲ ਰਹੀ ਹੈ। ਇਸ ਨੂੰ ਵਿਰਾਮ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ 25 ਦਸੰਬਰ ਨੂੰ ਦੁਪਹਿਰੋਂ ਬਾਅਦ ਚੰਡੀਗੜ੍ਹ ਵਿਖੇ ਹਰ ਕੌਂਸਲਰ ਦਾ ਪੱਖ ਸੁਣ ਕੇ ਪਟਿਆਲਾ ਦੇ ਮੇਅਰ ਦਾ ਫੈਸਲਾ ਕਰ ਦੇਣਗੇ। ਨਵਾਂ ਸਾਲ ਚੜ੍ਹਦੇ ਹੀ ਪਟਿਆਲਾ ਨੂੰ ਨਵਾਂ ਮੇਅਰ ਮਿਲ ਜਾਵੇਗਾ। ਪਟਿਆਲਾ ਸ਼ਹਿਰ ਵਿਚ 45 ਫੀਸਦੀ ਦੇ ਲਗਭਗ ਆਬਾਦੀ 'ਤੇ ਸ਼ਹਿਰੀ ਸਿੱਖ ਕਾਬਜ਼ ਹਨ। ਇਸ ਲਈ ਸਿੱਖ ਨੇਤਾ ਵਜੋਂ ਯੋਗਿੰਦਰ ਸਿੰਘ ਯੋਗੀ ਤੇ ਹਿੰਦੂ ਨੇਤਾ ਵਜੋਂ ਸੰਜੀਵ ਬਿੱਟੂ ਹੀ ਮੋਤੀ ਮਹਿਲ ਦੀ ਪਹਿਲੀ ਪਸੰਦ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲੇ ਦੀ ਕਮਾਂਡ ਹਮੇਸ਼ਾ ਹੀ ਉਨ੍ਹਾਂ ਦੀ ਸੁਪਤਨੀ ਮਹਾਰਾਣੀ ਪ੍ਰਨੀਤ ਕੌਰ ਕੋਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਮਹਾਰਾਣੀ ਪ੍ਰਨੀਤ ਕੌਰ ਨਾਲ ਵੱਖਰੀ ਮੀਟਿੰਗ ਕਰਨਗੇ ਤੇ ਮੇਅਰ ਦਾ ਲਿਫਾਫਾ ਮਹਾਰਾਣੀ ਪ੍ਰਨੀਤ ਕੌਰ ਨੂੰ ਸੌਂਪ ਦੇਣਗੇ। ਇਸ ਤੋਂ ਬਾਅਦ ਨਵੇਂ ਸਾਲ ਦੇ ਚੜ੍ਹਦੇ ਹੀ ਪਟਿਆਲਾ ਨੂੰ ਨਵਾਂ ਮੇਅਰ ਮਿਲ ਜਾਵੇਗਾ।
ਸੀਨੀਅਰ ਡਿਪਟੀ ਮੇਅਰ ਬ੍ਰਹਮ ਮਹਿੰਦਰਾ ਦੇ ਖਾਤੇ 'ਚੋਂ ਹੋਵੇਗਾ : ਪਟਿਆਲਾ ਨਿਗਮ ਵਿਚ 2 ਵਿਧਾਨ ਸਭਾ ਹਲਕੇ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਆਉਂਦੇ ਹਨ। ਸ਼ਹਿਰੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤੇ ਹਨ। ਇਸ ਹਲਕੇ ਵਿਚ ਨਿਗਮ ਦੇ ਕੁਲ 60 ਵਾਰਡਾਂ ਵਿਚੋਂ 32 ਵਾਰਡ ਆਉਂਦੇ ਹਨ। 25 ਵਾਰਡ ਪਟਿਆਲਾ ਦਿਹਾਤੀ ਹਲਕੇ ਵਿਚ ਆਉਂਦੇ ਹਨ। 3 ਵਾਰਡ ਹਲਕਾ ਸਨੌਰ ਵਿਚ ਆਉਂਦੇ ਹਨ। ਪਟਿਆਲਾ ਦਿਹਾਤੀ ਵਿਚ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਚੋਣ ਜਿੱਤੇ ਹਨ। ਕਾਂਗਰਸ ਵੱਲੋਂ ਕੀਤੀ ਵੰਡ ਅਨੁਸਾਰ ਸੀਨੀਅਰ ਡਿਪਟੀ ਮੇਅਰ ਦਾ ਫੈਸਲਾ ਬ੍ਰਹਮ ਮਹਿੰਦਰਾ 'ਤੇ ਛੱਡਿਆ ਗਿਆ ਹੈ ਜੋ ਆਪਣੇ 25 ਕੌਂਸਲਰਾਂ ਵਿਚੋਂ ਸੀਨੀਅਰ ਡਿਪਟੀ ਮੇਅਰ ਦਾ ਨਾਂ ਮੁੱਖ ਮੰਤਰੀ ਨੂੰ ਸੌਂਪਣਗੇ। ਇਸ ਤਰ੍ਹਾਂ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਵੀ ਆਪਣੇ 3 ਕੌਂਸਲਰ ਜਿੱਤੇ ਹੋਣ ਕਾਰਨ ਡਿਪਟੀ ਮੇਅਰ ਦੇ ਅਹੁਦੇ ਦੀ ਬੇਨਤੀ ਮਹਾਰਾਣੀ ਪ੍ਰਨੀਤ ਕੌਰ ਨੂੰ ਕੀਤੀ ਹੈ।
ਡਿਪਟੀ ਮੇਅਰ ਬਣੇਗੀ ਲੇਡੀਜ਼ ਕੌਂਸਲਰ: ਕਾਂਗਰਸ ਦੇ ਸੂਤਰ ਸਪੱਸ਼ਟ ਕਰ ਰਹੇ ਹਨ ਕਿ ਸ਼ਹਿਰ ਵਿਚ ਡਿਪਟੀ ਮੇਅਰ ਦਾ ਅਹੁਦਾ ਲੇਡੀਜ਼ ਕੌਂਸਲਰ ਨੂੰ ਜਾਵੇਗਾ। ਇਸ ਸਬੰਧੀ ਕਾਂਗਰਸੀ ਹਾਈਕਮਾਂਡ ਨੇ ਫੈਸਲਾ ਕਰ ਦਿੱਤਾ ਹੈ। ਡਿਪਟੀ ਮੇਅਰ ਮੋਤੀ ਮਹਿਲ ਦੇ ਖਾਤੇ ਵਿਚੋਂ ਆਵੇਗਾ ਜਾਂ ਫਿਰ ਪਟਿਆਲਾ ਦਿਹਾਤੀ ਬ੍ਰਹਮ ਮਹਿੰਦਰਾ ਦੇ ਖਾਤੇ ਵਿਚੋਂ? ਇਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ।
ਅਕਾਲੀ ਦਲ ਵੀ ਹਮੇਸ਼ਾ ਹੀ ਖੇਡਦਾ ਰਿਹੈ ਸਿੱਖ ਮੇਅਰ 'ਤੇ ਦਾਅ : ਸ਼੍ਰੋਮਣੀ ਅਕਾਲੀ ਦਲ ਵੀ ਹਮੇਸ਼ਾ ਹੀ ਮੇਅਰ ਪਦ ਲਈ ਸ਼ਹਿਰੀ ਸਿੱਖ 'ਤੇ ਹੀ ਦਾਅ ਖੇਡਦਾ ਰਿਹਾ ਹੈ। ਅਕਾਲੀ ਦਲ ਦੇ ਤਿੰਨੇ ਮੇਅਰ ਸ਼ਹਿਰੀ ਸਿੱਖ ਰਹੇ ਹਨ। ਕਾਂਗਰਸ ਨੇ ਪਹਿਲੀ ਵਾਰ ਹਿੰਦੂ ਨੇਤਾ ਵਿਸ਼ਨੂੰ ਸ਼ਰਮਾ ਨੂੰ ਮੇਅਰ ਬਣਾਇਆ ਸੀ। ਵਿਸ਼ਨੂੰ ਸ਼ਰਮਾ ਵੀ ਇਸ ਵਕਤ ਅਕਾਲੀ ਦਲ ਵਿਚ ਹੀ ਹਨ।
ਕੰਡਿਆਂ ਦੀ ਸੇਜ ਹੈ ਮੇਅਰ ਦੀ ਕੁਰਸੀ
ਪਟਿਆਲਾ ਦੇ ਮੇਅਰ ਦੀ ਕੁਰਸੀ ਇਸ ਵਕਤ ਕੰਡਿਆਂ ਦੀ ਸੇਜ ਹੈ। ਸੀ. ਐੱਮ. ਸਿਟੀ ਹੋਣ ਕਾਰਨ ਪਟਿਆਲਵੀਆਂ ਨੂੰ ਨਵੇਂ ਕਾਂਗਰਸੀ ਮੇਅਰ 'ਤੇ ਬਹੁਤ ਜ਼ਿਆਦਾ ਆਸਾਂ ਹੋਣਗੀਆਂ ਪਰ ਕੀ ਨਵਾਂ ਮੇਅਰ ਇਹ ਸਭ ਕੁਝ ਕਰ ਸਕੇਗਾ? ਇਸ ਹੁਣ ਸਮਾਂ ਹੀ ਦੱਸੇਗਾ।
ਨਿਗਮ ਇਸ ਵਕਤ ਵਿੱਤੀ ਸੰਕਟ ਵਿਚ ਚੱਲ ਰਿਹਾ ਹੈ। ਤਨਖਾਹਾਂ ਦੇਣ ਦੇ ਲਾਲੇ ਪਏ ਹੋਏ ਹਨ। ਦੋ ਦਹਾਕਿਆਂ ਤੋਂ ਸ਼ਹਿਰ ਦੀਆਂ ਪ੍ਰਮੱਖ ਮੰਗਾਂ ਵਿਚ ਕੈਨਾਲ ਬੇਸਡ ਪ੍ਰਾਜੈਕਟ ਭਾਖੜਾ ਤੋਂ ਪਾਣੀ ਲਿਆ ਕੇ ਪਟਿਆਲਾ ਸ਼ਹਿਰ ਨੂੰ ਦੇਣਾ, ਡੇਅਰੀ ਪ੍ਰਾਜੈਕਟ ਤਹਿਤ ਸ਼ਹਿਰ ਦੀਆਂ ਡੇਅਰੀਆਂ ਨੂੰ ਬਾਹਰ ਕੱਢਣਾ, ਸੀਵਰੇਜ ਟਰੀਟਮੈਂਟ ਪਲਾਂਟ, ਰਜਿੰਦਰਾ ਝੀਲ ਨੂੰ ਸੁਖਨਾ ਝੀਲ ਬਣਾਉਣਾ, ਗਾਰਬੇਜ ਡੰਪ ਨੂੰ ਸ਼ਹਿਰ ਤੋਂ ਬਾਹਰ ਲਿਜਾ ਕੇ ਸਾਲਿਡ ਵੇਸਟ ਮੈਨਜੇਮੈਂਟ ਪ੍ਰਾਜੈਕਟ ਲਾਉਣਾ, ਬੱਸ ਸਟੈਂਡ ਸ਼ਹਿਰ ਤੋਂ ਬਾਹਰ ਕੱਢਣਾ, ਸਿਟੀ ਬੱਸ ਪ੍ਰਾਜੈਕਟ ਚਲਾਉਣਾ, ਸ਼ਹਿਰ ਵਾਸੀਆਂ ਨੂੰ ਹੜ੍ਹਾਂ ਤੋਂ ਬਚਾਉਣਾ, ਵੱਡੀ ਤੇ ਛੋਟੀ ਨਦੀ ਨੂੰ ਪੱਕੇ ਕਰਨ ਦੇ ਨਾਲ-ਨਾਲ ਸ਼ਹਿਰ ਵਿਚ ਲੰਘਦੇ ਛੋਟੇ ਗੰਦੇ ਨਾਲਿਆਂ ਦੀ ਸਫਾਈ ਕਰਨਾ, ਸ਼ਹਿਰ ਵਿਚ ਲਗਾਤਾਰ ਵਧ ਰਹੀ ਟੈਫ੍ਰਿਕ ਦਾ ਠੋਸ ਹੱਲ ਕਰਨਾ ਸ਼ਾਮਿਲ ਹਨ। ਇਸ ਦੇ ਨਾਲ-ਨਾਲ ਦਰਜਨ ਮੁੱਦੇ ਕਾਂਗਰਸੀ ਮੇਅਰ ਦੇ ਗਲੇ ਦੀ ਹੱਡੀ ਬਣਨਗੇ, ਜਿਨ੍ਹਾਂ ਦਾ ਹੱਲ ਕਰਨਾ ਮੇਅਰ ਲਈ ਜ਼ਰੂਰੀ ਹੋਵੇਗਾ।
ਸਿੱਖਾਂ ਤੇ ਹਿੰਦੂਆਂ ਦਾ ਬੈਲੈਂਸ ਰੱਖਣਾ ਚਾਹੁੰਦਾ ਹੈ ਮੋਤੀ ਮਹਿਲ
ਮੋਤੀ ਮਹੱਲ ਪਟਿਆਲਾ ਨਿਗਮ ਦੇ ਮੇਅਰ ਲਈ ਸ਼ਹਿਰੀ ਸਿੱਖ ਯੋਗਿੰਦਰ ਸਿੰਘ ਯੋਗੀ ਤੇ ਹਿੰਦੂ ਨੇਤਾ ਸੰਜੀਵ ਬਿੱਟੂ 2 ਪ੍ਰਮੁੱਖ ਦਾਅਵੇਦਾਰ ਹਨ। ਇਸ ਤੋਂ ਬਿਨਾਂ ਅੱਧੀ ਦਰਜਨ ਹੋਰ ਆਗੂ ਮੇਅਰ ਲਈ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿਚ ਸੀਨੀਅਰ ਕੌਂਸਲਰ ਨਰੇਸ਼ ਦੁੱਗਲ, ਕ੍ਰਿਸ਼ਨ ਚੰਦ ਬੁੱਧੂ ਤੇ ਹਰਵਿੰਦਰ ਸਿੰਘ ਨਿੱਪੀ ਹਨ। ਅਸਲ ਵਿਚ ਮੇਅਰ ਸਿਰਫ ਇਕ ਮੋਹਰਾ ਹੈ। ਮੇਅਰ ਨੂੰ ਬਣਾਉਣ ਵਾਲੇ ਵੱਡੇ ਕਾਂਗਰਸੀ ਲੀਡਰ ਆਪੋ-ਆਪਣੇ ਗਰੁੱਪ ਨੂੰ ਤਕੜਾ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ ਮੋਤੀ ਮਹੱਲ ਪਟਿਆਲਾ ਵਿਚ ਸਿੱਖਾਂ ਤੇ ਹਿੰਦੂਆਂ ਦੋਵਾਂ ਦਾ ਹੀ ਬੈਲੈਂਸ ਰੱਖਣਾ ਚਾਹੁੰਦਾ ਹੈ। ਇਸ ਕਾਰਨ ਮੋਤੀ ਮਹੱਲ ਵੀ ਹਰ ਕਦਮ ਫੂਕ-ਫੂਕ ਕੇ ਰੱਖ ਰਿਹਾ ਹੈ ।
ਸ਼ਾਹੀ ਸ਼ਹਿਰ 'ਚ ਰੇਹੜੀਆਂ 'ਤੇ ਖਾਣਾ ਖਾ ਕੇ ਲੋਕ ਹੋ ਰਹੇ ਹਨ ਬੀਮਾਰ
NEXT STORY