ਲੁਧਿਆਣਾ : ਸਥਾਨਕ ਪੱਖੋਵਾਲ ਰੋਡ 'ਤੇ ਸਥਿਤ ਪਾਸੀ ਨਗਰ 'ਚ 8 ਸਾਲਾ ਬੱਚੇ ਦੀ ਐਤਵਾਰ ਨੂੰ ਸਿਵਲ ਹਸਪਤਾਲ 'ਚ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ 'ਚ ਅਧਿਆਪਕ ਨੇ ਬੱਚੇ ਨੂੰ ਕੁੱਟਿਆ ਸੀ, ਜਿਸ ਕਾਰਨ ਉਸ ਦੇ ਕੰਨ 'ਚੋਂ ਖੂਨ ਨਿਕਲਣ ਲੱਗ ਗਿਆ ਅਤੇ ਉਸ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਬਿੰਦੂ ਰਾਮ ਉਰਫ ਗੁੱਡੂ ਦੇ ਪਰਿਵਾਰ ਵਾਲਿਆਂ ਨੇ ਥਾਣਾ ਦੁੱਗਰੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਪੱਖੋਵਾਲ ਰੋਡ 'ਤੇ ਸਥਿਤ ਪਾਸੀ ਨਗਰ ਦੇ ਰਹਿਣ ਵਾਲੇ ਅਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਰਵੀ ਰਾਮ ਪੇਂਟ ਦਾ ਕੰਮ ਕਰਦਾ ਹੈ। ਉਸ ਦੇ ਦੋ ਬੇਟੇ ਸਾਜਨ, ਬਿੰਦੂ ਅਤੇ ਇਕ ਬੇਟੀ ਸਪਨਾ ਹੈ। ਤਿੰਨੇ ਬੱਚੇ ਫੁੱਲਾਂਵਾਲ ਸਥਿਥ ਸਰਕਾਰੀ ਪ੍ਰਾਈਮਰੀ ਸਕੂਲ 'ਚ ਪੜ੍ਹਦੇ ਹਨ। ਸਪਨਾ ਤੀਜੀ ਕਲਾਸ 'ਚ, ਸਾਜਨ ਦੂਜੀ ਅਤੇ ਬਿੰਦੂ ਪਹਿਲੀ ਕਲਾਸ 'ਚ ਪੜ੍ਹਦਾ ਸੀ। ਅਜੇ ਕੁਮਾਰ ਦਾ ਕਹਿਣਾ ਹੈ ਕਿ ਬਿੰਦੂ ਅਕਸਰ ਘਰ ਜਾ ਕੇ ਕਹਿੰਦਾ ਸੀ ਕਿ ਉਸ ਦੀ ਕਲਾਸ ਟੀਚਰ ਉਸ ਨੂੰ ਬਹੁਤ ਕੁੱਟਦੀ ਹੈ। ਸ਼ਨੀਵਾਰ ਨੂੰ ਉਹ ਸਕੂਲ ਗਿਆ ਸੀ। ਜਦੋਂ ਘਰ ਆਇਆ ਤਾਂ ਉਸ ਨੇ ਆਪਣੇ ਦਾਦੇ ਨੂੰ ਰੋਂਦੇ ਹੋਏ ਦੱਸਿਆ ਕਿ ਉਸ ਦੀ ਕਲਾਸ ਟੀਚਰ ਨੇ ਉਸ ਨੂੰ ਬਹੁਤ ਕੁੱਟਿਆ ਹੈ। ਉਹ ਹੁਣ ਸਕੂਲ ਨਹੀਂ ਜਾਵੇਗਾ। ਇਸ 'ਤੇ ਉਸ ਦੇ ਦਾਦਾ ਨੇ ਸਕੂਲ ਜਾ ਕੇ ਟੀਚਰ ਨਾਲ ਗੱਲ ਕਰਨ ਦਾ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੱਤਾ। ਉਸ ਤੋਂ ਬਾਅਦ ਦਾਦਾ ਨੇ ਦੇਖਿਆ ਕਿ ਉਸ ਦੇ ਕੰਨ ਪਿੱਛੇ ਅਤੇ ਹੱਥ 'ਚ ਕਾਫੀ ਸੋਜ ਆਈ ਹੋਈ ਹੈ। ਦੇਰ ਰਾਤ ਉਸ ਦੀ ਸਿਹਤ ਖਰਾਬ ਹੋ ਗਈ। ਜਦੋਂ ਉਹ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਗਈ। ਤੀਜੀ ਕਲਾਸ 'ਚ ਪੜ੍ਹਨ ਵਾਲੀ ਸਪਨਾ ਨੇ ਦੱਸਿਆ ਕਿ ਉਸ ਦਾ ਭਰਾ ਬਿੰਦੂ ਥੋੜਾ ਹਕਲਾਉਂਦਾ ਸੀ। ਉਹ ਸਕੂਲ 'ਚ ਰੋਜ਼ ਉਸ ਨੂੰ ਦੱਸਦਾ ਸੀ ਕਿ ਮੈਡਮ ਉਸ ਨੂੰ ਮਾਰਦੀ ਹੈ। ਸ਼ਨੀਵਾਰ ਨੂੰ ਵੀ ਉਸ ਦੇ ਭਰਾ ਦੇ ਕੰਨ 'ਚੋਂ ਖੂਨ ਨਿਕਲ ਰਿਹਾ ਸੀ। ਬਿੰਦੂ ਨੇ ਦੱਸਿਆ ਕਿ ਕਿ ਮੈਡਮ ਨੇ ਵਾਲ ਫੜ੍ਹ ਕੇ ਉਸ ਦੇ ਥੱਪੜ ਮਾਰੇ ਅਤੇ ਉਸ ਦੇ ਹੱਥਾਂ 'ਤੇ ਡੰਡੇ ਵੀ ਮਾਰੇ। ਗੁੱਡੂ ਦੇ ਦਾਦਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਲਾਸ ਟੀਚਰ ਨੇ ਗੁੱਡੂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਗੱਲ ਦੀ ਸ਼ਿਕਾਇਤ ਲੈ ਕੇ ਸਕੂਲ ਗਈ ਉਸ ਦੀ ਦਾਦੀ ਨਾਲ ਵੀ ਟੀਚਰ ਨੇ ਬਦਤਮੀਜ਼ੀ ਕੀਤੀ ਸੀ ਅਤੇ ਉਸ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਸੀ।
ਗੁਰਦਾਸਪੁਰ ਜ਼ਿਮਨੀ ਚੋਣ : ਸਵਰਣ ਸਲਾਰੀਆ ਨੇ ਗੁਰਦਾਸਪੁਰ 'ਚ ਆਪਣੇ ਦਫਤਰ ਦਾ ਉਦਘਾਟਨ ਕੀਤਾ
NEXT STORY