ਮੋਹਾਲੀ (ਕੁਲਦੀਪ) - ਪੰਜਾਬ ਪੁਲਸ ਦੇ ਡਿਸਮਿਸ ਡੀ. ਐੱਸ. ਪੀ. ਜਗਦੀਸ਼ ਭੋਲਾ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ਼ ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਕੇਸ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਕਈ ਮੁਲਜ਼ਮਾਂ ਖਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤੇ ਗਏ ਕੇਸਾਂ ਦੀ ਸੁਣਵਾਈ ਸੀ. ਬੀ. ਆਈ. ਦੀ ਅਦਾਲਤ ਵਿਚ ਹੋਈ। ਅਦਾਲਤ ਨੇ ਪੰਜਾਬ ਦੇ ਗੋਰਾਇਆ ਸ਼ਹਿਰ ਦੇ ਅਕਾਲੀ ਆਗੂ ਅਤੇ ਬਿਜ਼ਨਸਮੈਨ ਚੁੰਨੀ ਲਾਲ ਗਾਬਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਪਿਛਲੇ ਸਾਲ 22 ਦਸੰਬਰ ਨੂੰ ਅਦਾਲਤ ਨੇ ਚੁੰਨੀ ਲਾਲ ਗਾਬਾ ਅਤੇ ਉਸ ਦੇ ਬੇਟੇ ਗੁਰਮੇਸ਼ ਗਾਬਾ ਦੀਆਂ ਜ਼ਮਾਨਤਾਂ ਵੀ ਰੱਦ ਕਰ ਦਿੱਤੀਆਂ ਸਨ। ਮੁਲਜ਼ਮ ਚੁੰਨੀ ਲਾਲ ਗਾਬਾ ਅਦਾਲਤ ਵਿਚ ਪੇਸ਼ ਨਹੀਂ ਹੋ ਰਿਹਾ ਹੈ ਜਿਸ ਕਾਰਨ ਅਦਾਲਤ ਨੇ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਮਨੀ ਲਾਂਡਰਿੰਗ ਐਕਟ ਤਹਿਤ ਦਰਜ ਇਕ ਹੋਰ ਕੇਸ 'ਅਸਿਸਟੈਂਟ ਡਾਇਰੈਕਟਰ ਬਨਾਮ ਦਵਿੰਦਰ ਸਿੰਘ ਨਿਰਵਾਲ' ਵਿਚ ਸੀ. ਬੀ. ਆਈ. ਦੀ ਅਦਾਲਤ ਨੇ ਇਕ ਮੁਲਜ਼ਮ ਰਾਏ ਬਹਾਦਰ ਨਿਰਵਾਲ ਨੂੰ ਭਗੌੜਾ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਰਾਏ ਬਹਾਦਰ ਨਿਰਵਾਲ ਨਿਵਾਸੀ ਬਰੈਂਪਟਨ (ਕੈਨੇਡਾ) ਉਹੀ ਮੁਲਜ਼ਮ ਹੈ ਜਿਸ ਦਾ ਨਾਂ ਵਿਦੇਸ਼ਾਂ ਵਿਚ ਪ੍ਰਾਪਰਟੀਜ਼ ਦੀ ਜਾਂਚ ਕਰਨ ਵਾਲੇ 18 ਮੁਲਜ਼ਮਾਂ ਵਿਚ ਸ਼ਾਮਿਲ ਹੈ। ਉਸ ਦਾ ਪਿਤਾ ਦਵਿੰਦਰ ਸਿੰਘ ਨਿਰਵਾਲ ਵੀ ਕੇਸ ਵਿਚ ਮੁਲਜ਼ਮ ਹੈ। ਈ. ਡੀ. ਨੇ ਉਸ ਦੀ 6 ਕਰੋੜ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀ ਪ੍ਰਾਪਰਟੀ ਅਟੈਚ ਕੀਤੀ ਸੀ। ਉਹ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਦਾ ਰਹਿਣ ਵਾਲਾ ਹੈ। ਉਹ ਸੀ. ਬੀ. ਆਈ. ਦੀ ਅਦਾਲਤ ਵਿਚ ਮਨੀ ਲਾਂਡਰਿੰਗ ਐਕਟ ਤਹਿਤ ਚੱਲ ਰਹੇ ਕੇਸ ਵਿਚ ਪੇਸ਼ ਨਹੀਂ ਹੋ ਰਿਹਾ ਹੈ। ਅਦਾਲਤ ਦਾ ਮੰਨਣਾ ਹੈ ਕਿ ਨਿਰਵਾਲ ਫਰਾਰ ਹੋ ਚੁੱਕਿਆ ਹੈ ਅਤੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋਣਾ ਚਾਹੁੰਦਾ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੰਦੇ ਹੋਏ 27 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ।
ਬੱਸ ਟਰਾਂਸਪੋਰਟਰ ਨੂੰ ਬਾਈਕ ਚਾਲਕ ਨੇ ਮਾਰੀ ਟੱਕਰ, ਮੌਤ
NEXT STORY