ਪਟਿਆਲਾ (ਬਲਜਿੰਦਰ) - ਕਤਲ ਤੋਂ ਬਾਅਦ ਧੀਰੂ ਨਗਰ ਵਾਸੀਆਂ ਵੱਲੋਂ ਕੀਤੀ ਗਈ ਭੰਨ-ਤੋੜ ਦੇ ਦੂਜੇ ਦਿਨ ਵੀ ਪੁਲਸ ਨੇ ਧੀਰੂ ਨਗਰ ਅਤੇ ਆਸਪਾਸ ਦੇ ਇਲਾਕੇ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰੀ ਰੱਖਿਆ। ਪੂਰਾ ਦਿਨ ਵੱਡੀ ਗਿਣਤੀ ਵਿਚ ਪੁਲਸ ਫੋਰਸ ਨਾਲ ਖੁਦ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਧੀਰੂ ਨਗਰ ਦੇ ਮੁੱਖ ਦਰਵਾਜ਼ੇ ਅਤੇ ਆਸਪਾਸ ਦੇ ਖੇਤਰਾਂ ਵਿਚ ਮੌਜੂਦ ਸਨ।
ਇਸ ਤੋਂ ਇਲਾਵਾ ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ, ਡਵੀਜ਼ਨ ਨੰ-2 ਦੇ ਐੱਸ. ਐੱਚ. ਓ. ਸੁਰਿੰਦਰ ਭੱਲਾ, ਥਾਣਾ ਸਿਵਲ ਲਾਈਨਜ਼ ਦੇ ਐੱਸ. ਐੱਚ. ਓ. ਇੰਸਪੈਕਟਰ ਜੇ. ਐੱਸ. ਰੰਧਾਵਾ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ, ਥਾਣਾ ਪਸਿਆਣਾ ਦੇ ਐੱਸ. ਐੱਚ. ਓ. ਹਰਵਿੰਦਰ ਸਿੰਘ ਚੀਮਾ ਅਤੇ ਥਾਣਾ ਅਨਾਜ ਮੰਡੀ ਦੇ ਐੱਸ. ਐੱਚ. ਓ ਹਰਬਿੰਦਰ ਸਿੰਘ ਵੀ ਮੌਕੇ 'ਤੇ ਮੌਜੂਦ ਸਨ।
ਦੂਜੇ ਪਾਸੇ ਬਾਅਦ ਦੁਪਹਿਰ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਧੀਰੂ ਨਗਰ ਵਿਖੇ ਪਹੁੰਚੇ ਅਤੇ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ। ਸ਼੍ਰੀਮਤੀ ਪ੍ਰਨੀਤ ਕੌਰ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਮਿਲੇਗਾ। ਉਂਝ ਸ਼ਹਿਰ ਦੇ ਹਾਲਾਤ ਆਮ ਵਾਂਗੇ ਰਹੇ।
ਪੁਲਸ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਹੜੇ-ਕਿਹੜੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਹਨ ਪ੍ਰੰਤੂ ਕਿਹੜੇ ਤਿੰਨਾਂ ਨੂੰ ਹਿਰਾਸਤ ਵਿਚ ਲਿਆ ਜਾਂ ਗ੍ਰਿਫਤਾਰ ਕੀਤਾ ਹੈ? ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਥੋਂ ਤੱਕ ਕਿ ਭੰਨ-ਤੋੜ ਕਰਨ ਵਾਲਿਆਂ ਖਿਲਾਫ ਕੀ ਕਾਰਵਾਈ ਹੋਈ? ਇਸ ਬਾਰੇ ਵੀ ਕੁਝ ਨਹੀਂ ਦੱਸਿਆ ਜਾ ਰਿਹਾ।
ਐੱਸ. ਪੀ. ਸਿਟੀ ਕੇਸਰ ਸਿੰਘ ਨੇ ਦੱਸਿਆ ਕਿ ਪੁਰਾ ਦਿਨ ਸ਼ਾਂਤੀ ਬਣੀ ਰਹੀ। ਜਿਹੜਾ ਲੜਕਾ ਜ਼ਖਮੀ ਸੀ, ਉਸ ਦੀ ਹਾਲਤ ਵੀ ਠੀਕ ਹੈ। ਉਨ੍ਹਾਂ ਦੱਸਿਆ ਕਿ ਪੁਲਸ ਆਪਣਾ ਕੰਮ ਸਖਤੀ ਨਾਲ ਕਰ ਰਹੀ ਹੈ। ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
30 ਕਿਲੋ ਡੋਡੇ, ਚੂਰਾ-ਪੋਸਤ ਸਣੇ ਕਾਬੂ
NEXT STORY