ਲੁਧਿਆਣਾ (ਰਾਜ): ਮਹਾਨਗਰ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਇਸ ਕਦਰ ਨਿਕਲ ਚੁੱਕਾ ਹੈ ਕਿ ਹੁਣ ਅਪਰਾਧੀਆਂ ਦੇ ਦਿਲਾਂ ਵਿਚੋਂ ਪੁਲਸ ਅਤੇ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਸਥਾਨਕ ਸਿਵਲ ਹਸਪਤਾਲ ਵਿਚ ਗੱਡੀ ਖੜ੍ਹੀ ਕਰਨ ਵਰਗੀ ਮਾਮੂਲੀ ਗੱਲ ਨੂੰ ਲੈ ਕੇ ਸ਼ੁਰੂ ਹੋਇਆ ਇਕ ਵਿਵਾਦ ਦੇਖਦੇ ਹੀ ਦੇਖਦੇ ਅਜਿਹੇ ਖੂਨੀ ਸੰਘਰਸ਼ ਵਿਚ ਬਦਲ ਗਿਆ। ਹਮਲਾਵਰਾਂ ਨੇ ਨਾ ਸਿਰਫ਼ ਇਕ ਨੌਜਵਾਨ ਨੂੰ ਉਸ ਦੇ ਘਰ ਦੇ ਬਾਹਰ ਨਿਸ਼ਾਨਾ ਬਣਾਇਆ, ਸਗੋਂ ਜਦੋਂ ਲਹੂ-ਲੁਹਾਨ ਹਾਲਤ ਵਿਚ ਪੀੜਤ ਪਰਿਵਾਰ ਇਨਸਾਫ਼ ਅਤੇ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਿਆ, ਤਾਂ ਉੱਥੇ ਵੀ ਗੁੰਡਿਆਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਦੇ ਸਾਹਮਣੇ ਹੀ ਪੀੜਤ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਇਸ ਵਾਰਦਾਤ ਦੀ ਸ਼ੁਰੂਆਤ ਗਿੱਲ ਚੌਕ ਦੇ ਕੋਲੋਂ ਹੋਈ। ਪੀੜਤ ਰਾਜੀਵ, ਜੋ ਕਿ ਇਕ ਸਪੇਅਰ ਪਾਰਟਸ ਦੀ ਦੁਕਾਨ 'ਤੇ ਕੰਮ ਕਰਦਾ ਹੈ, ਉਸ ਦੀ ਮਾਂ ਬਲਬੀਰ ਕੌਰ ਨੇ ਰੋਂਦੇ ਹੋਏ ਇਸ ਖ਼ੌਫ਼ਨਾਕ ਮੰਜ਼ਰ ਦੀ ਕਹਾਣੀ ਬਿਆਨ ਕੀਤੀ। ਬਲਬੀਰ ਕੌਰ ਮੁਤਾਬਕ, ਬੁੱਧਵਾਰ ਸ਼ਾਮ ਨੂੰ ਉਹ ਆਪਣੇ ਘਰ ਮੌਜੂਦ ਸੀ ਕਿ ਉਦੋਂ ਹੀ ਗਿੱਲ ਚੌਕ ਦੇ ਨੇੜੇ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਗੁਆਂਢ ਦੇ ਹੀ ਇਕ ਫੈਕਟਰੀ ਮਾਲਕ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਪੀੜਤ ਦੀ ਮਾਂ ਨੇ ਫੈਕਟਰੀ ਵਾਲਿਆਂ ਅੱਗੇ ਹੱਥ ਵੀ ਜੋੜੇ ਕਿ ਉਨ੍ਹਾਂ ਦਾ ਬੇਟਾ ਅਜੇ ਘਰ ਨਹੀਂ ਹੈ ਅਤੇ ਜਿਵੇਂ ਹੀ ਉਹ ਆਵੇਗਾ, ਗੱਡੀ ਨੂੰ ਤੁਰੰਤ ਸਾਈਡ ਕਰ ਦਿੱਤਾ ਜਾਵੇਗਾ, ਪਰ ਹੰਕਾਰ ਵਿਚ ਚੂਰ ਫੈਕਟਰੀ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਗੰਦੀਆਂ ਗਾਲ੍ਹਾਂ ਕੱਢਣ ਲੱਗੇ। ਇਸੇ ਦੌਰਾਨ ਜਿਵੇਂ ਹੀ ਰਾਜੀਵ ਘਰ ਪਹੁੰਚਿਆ, ਫੈਕਟਰੀ ਵਾਲਿਆਂ ਨੇ ਤੈਸ਼ ਵਿਚ ਆ ਕੇ ਹਥਿਆਰਾਂ ਨਾਲ ਲੈਸ ਹੋ ਕੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਰਾਜੀਵ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪਰਿਵਾਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਭੱਜਿਆ, ਪਰ ਮੁਲਜ਼ਮਾਂ ਦਾ ਖੂਨ ਅਜੇ ਸ਼ਾਂਤ ਨਹੀਂ ਹੋਇਆ ਸੀ ਅਤੇ ਉਹ ਪਿੱਛਾ ਕਰਦੇ ਹੋਏ ਹਸਪਤਾਲ ਦੇ ਅੰਦਰ ਵੜ ਗਏ। ਹਸਪਤਾਲ ਦਾ ਐਮਰਜੈਂਸੀ ਵਾਰਡ ਜੰਗ ਦੇ ਮੈਦਾਨ ਵਿਚ ਤਬਦੀਲ ਹੋ ਗਿਆ ਅਤੇ ਹਮਲਾਵਰਾਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਨੌਜਵਾਨ ਨੂੰ ਲੱਤਾਂ-ਘਸੁੰਨਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ 5 ਤੋਂ 6 ਹਮਲਾਵਰ ਰਾਜੀਵ ਨੂੰ ਬੁਰੀ ਤਰ੍ਹਾਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਰਾਜੀਵ ਨੂੰ ਹਸਪਤਾਲ ਦੇ ਫਰਸ਼ 'ਤੇ ਸੁੱਟ ਕੇ ਉਸ ਦੇ ਕਪੜੇ ਤੱਕ ਪਾੜ ਦਿੱਤੇ ਅਤੇ ਉਸ ਨੂੰ ਅਰਧ-ਨਗਨ ਕਰ ਦਿੱਤਾ। ਐਮਰਜੈਂਸੀ ਵਾਰਡ ਵਿਚ ਮੌਜੂਦ ਡਾਕਟਰ ਅਤੇ ਨਰਸਾਂ ਇਸ ਗੁੰਡਾਗਰਦੀ ਨੂੰ ਦੇਖ ਕੇ ਆਪਣੀ ਜਾਨ ਬਚਾਉਣ ਲਈ ਸਹਿਮ ਗਏ। ਹਸਪਤਾਲ ਵਿਚ ਚੀਕ-ਚਿਹਾੜਾ ਮਚਣ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਡਵੀਜ਼ਨ ਨੰਬਰ 2 ਦੇ ਐੱਸ.ਐੱਚ.ਓ (SHO) ਭਾਰੀ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਅਲੱਗ ਕੀਤਾ। ਫਿਲਹਾਲ ਪੁਲਸ ਨੇ ਸਥਿਤੀ ਨੂੰ ਕਾਬੂ ਵਿਚ ਕਰਕੇ ਵੀਡੀਓ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ ਹੋਇਆ...
NEXT STORY