ਮੰਡੀ ਗੋਬਿੰਦਗਡ਼੍ਹ, (ਮੱਗੋ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਜ਼ਿਲਾ ਫਤਿਹਗਡ਼੍ਹ ਸਾਹਿਬ ਦੀ ਪੁਲਸ ਵੱਲੋਂ ਰੋਜ਼ਾਨਾ ਨਵੀਆਂ ਵਿਉਂਤਬੰਦੀਆਂ ਤੇ ਸਖ਼ਤ ਉਪਰਾਲੇ ਕੀਤੇ ਜਾ ਰਹੇ ਹਨ ਜਦਕਿ ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਰਾਤ ਨੂੰ ਵੀ ਸ਼ਹਿਰ ਦੀ ਸਫਾਈ ਆਪਣੇ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਪਾਸੋਂ ਕਰਵਾਈ ਜਾ ਰਹੀ ਹੈ। ਇਸ ਸਭ ਦੇ ਬਾਵਜੂਦ ਨਾ ਤਾਂ ਜ਼ਿਲਾ ਨਸ਼ਾ ਮੁਕਤ ਹੋ ਰਿਹਾ ਹੈ ਤੇ ਨਾ ਹੀ ਸਾਫ। ਜਿਸ ਦਾ ਕਾਰਨ ਹੈ ਕਿ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਨਸ਼ੇ ਦੇ ਆਦੀ ਨੌਜਵਾਨਾਂ ਲਈ ਜੇਕਰ ਹੁਣ ਅਫੀਮ, ਭੁੱਕੀ, ਸਮੈਕ, ਹੈਰੋਇਨ ਤੇ ਮੈਡੀਕਲ ਨਸ਼ੇ ਮਿਲਣੇ ਘੱਟ ਗਏ ਹਨ ਤਾਂ ਫਿਰ ਜ਼ਿਲੇ ਦੇ ਕਰੀਬ ਹਰ ਪਿੰਡ ’ਚ ਭਾਰੀ ਮਾਤਰਾ ਵਿਚ ਉਗੀ ਹੋਈ ਭੰਗ ਆਸਾਨੀ ਨਾਲ ਉਪਲੱਭਧ ਹੋਣ ਕਾਰਨ ਇਸ ਦੀ ਦੁਰਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਹ ਬੂਟੇ ਪਿੰਡਾਂ ਤੇ ਸ਼ਹਿਰਾਂ ਦੀਆਂ ਸਡ਼ਕਾਂ, ਖਾਲੀ ਪਏ ਪਲਾਟਾਂ, ਰੇਲਵੇ ਦੇ ਨਾਲ ਲੱਗਦੀ ਜ਼ਮੀਨ ’ਤੇ ਆਮ ਵੇਖੇ ਜਾ ਸਕਦੇ ਹਨ। ਜਿਸ ਨੂੰ ਰਗਡ਼ਦੇ ਨੌਜਵਾਨ ਤੇ ਨਸ਼ੇਡ਼ੀ ਵੀ ਦਿਖਦੇ ਹੀ ਰਹਿੰਦੇ ਹਨ ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਹਰ ਕੋਈ ਆਪਣੇ ਰਾਹ ਲੰਘ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਪ੍ਰਮੁੱਖ ਸ਼ਹਿਰ ਸਰਹਿੰਦ ਤੋਂ ਮੰਡੀ ਗੋਬਿੰਦਗਡ਼੍ਹ ਆਉਂਦੀ ਜਰਨੈਲੀ ਸਡ਼ਕ (ਜੀ.ਟੀ. ਰੋਡ) ’ਤੇ ਸਥਿਤ ਫਲੋਟਿੰਗ ਰੈਸਟੋਰੈਂਟ ਕੋਲ ਨਗਰ ਕੌਂਸਲ ਮੰਡੀ ਗੋਬਿੰਦਗਡ਼੍ਹ ਵੱਲੋਂ ਬਲਾਕ ਸਰਹਿੰਦ ਦੇ ਪਿੰਡ ਹਰਬੰਸਪੁਰਾ ਦੀ ਜ਼ਮੀਨ ’ਤੇ ਸੁੱਟੇ ਗਏ ਹਜ਼ਾਰਾਂ ਟਨ ਕੂਡ਼ੇ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਹੁਣ ਇਸ ਦਾ ਗੰਦਾ ਪਾਣੀ ਇਸ ਥਾਂ ’ਤੇ ਸਥਿਤ ਚੋਅ ’ਚ ਪੈ ਰਿਹਾ ਹੈ ਜਦਕਿ ਕੂਡ਼ਾ ਵੀ ਇਸ ਚੋੋਅ ਦੇ ਨਜ਼ਦੀਕ ਹੋਣ ਕਾਰਨ ਜਿਵੇਂ ਹੀ ਭਾਰੀ ਬਰਸਾਤ ਦਾ ਪਾਣੀ ਇਸ ਚੋਅ ’ਚ ਆਵੇਗਾ ਤਾਂ ਕਾਫੀ ਗੰਦਗੀ ਨੂੰ ਵੀ ਆਪਣੇ ਨਾਲ ਵਹਾਅ ਕੇ ਪਿੰਡਾਂ ਵਿਚ ਖਿਲਾਰਨ ਦਾ ਕੰਮ ਕਰੇਗਾ। ਜਿਸ ਨਾਲ ਜਿੱਥੇ ਇਹ ਕੂਡ਼ਾ ਬੀਮਾਰੀਆਂ ਫੈਲਾਉਣ ਵਿਚ ਮਦਦਗਾਰ ਹੋਵੇਗਾ ਉੱਥੇ ਹੀ ਇਸ ਨਾਲ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਨਹੀਂ ਬਚਾਇਆ ਜਾ ਸਕੇਗਾ। ਇੱਥੇ ਹੀ ਬਸ ਨਹੀਂ ਇਸ ਚੋਅ ’ਚੋਂ ਲੰਘਣ ਲਈ ਪਾਣੀ ਦੀ ਸਫਾਈ ਦੀ ਵੀ ਬੇਹੱਦ ਜ਼ਰੂਰਤ ਹੈ ਕਿਉਕਿ ਜੀ. ਟੀ. ਰੋਡ ’ਤੇ ਸਥਿਤ ਇਹ ਚੋਅ ਦੇ ਰਸਤੇ ਭਾਰੀ ਮਾਤਰਾ ’ਚ ਗੰਦ ਅਤੇ ਮਿੱਟੀ ਪਈ ਹੋਣ ਕਾਰਨ ਪਾਣੀ ਦੇ ਜਾਮ ਹੋਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਚੋਅ ਦੇ ਆਸ-ਪਾਸ ਤਾਂ ਲੋਕਾਂ ਵੱਲੋਂ ਪੱਕੀਆਂ ਕੰਧਾਂ ਤੱਕ ਕੀਤੀਆਂ ਹੋਈਆਂ ਹਨ। ਜੇਕਰ ਸਮਾਂ ਰਹਿੰਦੇ ਪਿੰਡਾਂ ਅਤੇ ਸ਼ਹਿਰਾਂ ਦੀ ਖਾਲੀ ਅਤੇ ਬੇਅਬਾਦ ਜ਼ਮੀਨ ਤੋਂ ਇਹ ਭੰਗ ਦੇ ਬੂਟੇ ਨਾ ਪੁਟਵਾਏ ਗਏ ਤਾਂ ਇਨ੍ਹਾਂ ਦੀ ਦੁਰਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ ਜਦਕਿ ਕੂਡ਼ੇ ਲਈ ਨਗਰ ਕੌਂਸਲ ਵੱਲੋਂ ਛੇਤੀ ਕੋਈ ਉਪਰਾਲਾ ਕਰ ਕੇ ਜੀ. ਟੀ. ਰੋਡ ’ਤੇ ਫੈਲ ਰਹੀਂ ਗੰਦਗੀ ਅਤੇ ਬਦਬੂ ਤੋਂ ਰਾਹਗੀਰਾਂ ਨੂੰ ਨਿਜ਼ਾਤ ਦਿਵਾਉਣੀ ਪਵੇਗੀ।
ਸਿੱਖਿਆ ਤੇ ਖੇਡ ਵਿਭਾਗ ਦੀ ਉਦਾਸੀਨਤਾ ਕਾਰਨ ਕਿਵੇਂ ਤਿਆਰ ਹੋਣਗੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ
NEXT STORY