ਲੁਧਿਆਣਾ (ਅਨਿਲ): ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਗੌਸਗੜ੍ਹ ਵਿਚ ਬਿਜਲੀ ਵਿਭਾਗ ਦੇ ਗਰਿੱਡ ਦਾ ਮੇਨ ਗੇਟ ਤੋੜ ਕੇ ਦਫ਼ਤਰ ਵਿਚ ਜ਼ਬਰਦਸਤੀ ਦਾਖ਼ਲ ਹੋਣ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨ ਦੇ ਵਿਰੋਧ ਵਿਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਥਾਣਾ ਮਿਹਰਬਾਨ ਦੇ ਬਾਹਰ ਧਰਨਾ ਲਗਾ ਕੇ ਪੁਲਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪੰਜਾਬ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾ, ਏ. ਯੂ. ਜੇ. ਈ. ਨਰੇਸ਼ ਕੁਮਾਰ, ਜੇ. ਈ. ਪ੍ਰਦੀਪ ਸਿੰਘ ਨੇ ਦੱਸਿਆ ਕਿ 29 ਜੂਨ ਨੂੰ ਬਿਜਲੀ ਵਿਭਾਗ ਦੇ ਸਿਸਟਮ ਓਵਰਲੋਡ ਹੋਣ ਕਾਰਨ ਪਾਵਰ ਕੰਟ੍ਰੋਲਰ ਪਟਿਆਲਾ ਵੱਲੋਂ ਬਿਜਲੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ, ਜਿਸ ਮਗਰੋਂ ਗੌਸਗੜ੍ਹ ਗਰਿੱਡ ਤੋਂ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ। ਇਸ ਮਗਰੋਂ ਇਲਾਕੇ ਦੇ ਪਿੰਡਾਂ ਤੋਂ ਕਈ ਲੋਕ ਗੌਸਗੜ੍ਹ ਗਰਿੱਡ ਦੇ ਬਾਹਰ ਇਕੱਠੇ ਹੋ ਗਏ ਤੇ ਬਿਜਲੀ ਸਪਲਾਈ ਬੰਦ ਹੋਣ ਦਾ ਵਿਰੋਧ ਕਰਨ ਲੱਗੇ। ਮੁਲਾਜ਼ਮਾਂ ਨੇ ਬਿਜਲੀ ਵਿਭਾਗ ਦਾ ਸਿਸਟਮ ਓਵਰਲੋਡ ਹੋਣ ਦੀ ਜਾਣਕਾਰੀ ਦਿੱਤੀ, ਪਰ ਉਹ ਫ਼ਿਰ ਵੀ ਨਹੀਂ ਮੰਨੇ। ਉਹ ਮੇਨ ਗੇਟ ਤੋੜ ਕੇ ਜ਼ਬਰਦਸਤੀ ਦਫ਼ਤਰ ਵਿਚ ਦਾਖ਼ਲ ਹੋ ਗਏ ਤੇ ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਇਆ। ਮੁਲਾਜ਼ਮਾਂ ਨੇ ਲੋਕਾਂ ਉੱਪਰ ਜਾਤੀ ਸੂਚਕ ਸ਼ਬਦ ਬੋਲਣ ਅਤੇ ਹਮਲਾ ਕਰਨ ਦੇ ਵੀ ਦੋਸ਼ ਲਗਾਏ।
ਇਸ ਦੀ ਸੂਚਨਾ ਮਿਲਣ 'ਤੇ ਥਾਣਾ ਮਿਹਰਬਾਨ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਬਦਸਲੂਕੀ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ। ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹ ਅਗਲੇ ਦਿਨ ਥਾਣੇ ਪਹੁੰਚੇ ਤਾਂ ਵੇਖਿਆ ਕਿ ਪੁਲਸ ਨੇ ਉਨ੍ਹਾਂ ਲੋਕਾਂ ਨੂੰ ਗੱਲ ਕੀਤੇ ਬਗੈਰ ਹੀ ਛੱਡ ਦਿੱਤਾ ਹੈ। ਇਸ ਮਗਰੋਂ ਮੁਲਾਜ਼ਮਾਂ ਦੀ ਯੂਨੀਅਨ ਵੱਲੋਂ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਸ ਨੇ ਬਿਜਲੀ ਵਿਭਾਗ ਦੇ ਅਧਿਕਾਰੀ ਰਾਜੇਸ਼ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਵੀ ਭਾਲ ਜਾਰੀ ਹੈ। ਉੱਥੇ ਹੀ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਦੇ ਪੰਜਾਬ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਰਾਤ ਤਕ ਬਾਕੀ ਮੁਲਜ਼ਮਾਂ ਨੂੰ ਗ੍ਰਿਫਞਤਾਰ ਨਾ ਕੀਤਾ ਗਿਆ ਤਾਂ ਸਾਰੇ ਮੁਲਾਜ਼ਮ ਕੱਲ੍ਹ ਤੋਂ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਕੇ ਥਾਣੇ ਦੇ ਬਾਹਰ ਧਰਨਾ ਲਗਾਉਣਗੇ।
ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਝਟਕਾ
NEXT STORY