ਚੰਡੀਗੜ੍ਹ - ਦੇਸ਼ ਭਰ ਵਿਚ 'ਮਿਸ਼ਨ ਸਵੱਛ ਤੇ ਸਵਸਥ' ਦੀ ਲਗਾਤਾਰ ਜ਼ਿਲੇਵਾਰ ਕੀਤੀ ਜਾਂਦੀ ਨਜ਼ਰਸਾਨੀ ਦੇ ਕੱਲ ਐਲਾਨੇ ਗਏ ਨਤੀਜਿਆਂ ਅਨੁਸਾਰ ਪੰਜਾਬ ਦਾ ਫਤਿਹਗੜ੍ਹ ਸਾਹਿਬ ਜ਼ਿਲਾ ਪਹਿਲੇ ਅਤੇ ਬਰਨਾਲਾ ਜ਼ਿਲਾ ਨੌਵੇਂ ਸਥਾਨ 'ਤੇ ਆਇਆ ਹੈ। ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਹੈ ਕਿ ਦੇਸ਼ ਨੂੰ 2019 ਤੱਕ ਪੂਰੀ ਤਰ੍ਹਾਂ 'ਸਵੱਛ ਅਤੇ ਸਵਸਥ' ਬਣਾਉਣ ਲਈ ਸਾਰੇ ਸੂਬਿਆਂ ਵਿਚ ਚਲਾਈਆਂ ਜਾ ਰਹੀਆਂ 'ਮਿਸ਼ਨ ਸਵੱਛ ਤੇ ਸਵਸਥ' ਮੁਹਿੰਮਾਂ ਵਿਚ ਸਿਹਤਮੰਦ ਮੁਕਾਬਲਾ ਕਰਵਾਉਣ ਲਈ ਕੇਂਦਰ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲਾ ਵੱਲੋਂ ਲਗਾਤਾਰ ਤੇ ਜ਼ਿਲੇਵਾਰ ਨਜ਼ਰਸਾਨੀ ਕੀਤੀ ਜਾਂਦੀ ਹੈ। ਹਰ ਰੋਜ਼ ਕੀਤੀ ਜਾਣ ਵਾਲੀ ਇਸ ਨਜ਼ਰਸਾਨੀ ਦੇ ਨਤੀਜਿਆਂ ਦੇ ਆਧਾਰ 'ਤੇ ਮੋਹਰੀ ਰਹਿਣ ਵਾਲੇ ਜ਼ਿਲਿਆਂ ਨੂੰ ਆਉਂਦੀ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਰਸਕਾਰ ਦਿੱਤੇ ਜਾਣਗੇ। ਇਸ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਮੁਹਿੰਮ ਵਿਚ ਪਛੜੇ ਹੋਏ ਜ਼ਿਲਿਆਂ ਗੁਰਦਾਸਪੁਰ, ਫਿਰੋਜ਼ਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਨ੍ਹਾਂ ਜ਼ਿਲਿਆਂ ਵਿਚ ਬੰਦ ਪਈਆਂ ਜਲ ਸਪਲਾਈ ਸਕੀਮਾਂ ਨੂੰ ਚਾਲੂ ਕਰਨ, ਇਨ੍ਹਾਂ ਨੂੰ 10 ਅਤੇ 24 ਘੰਟੇ ਸਪਲਾਈ ਸਕੀਮ ਤਹਿਤ ਲਿਆਉਣ, ਪਿੰਡਾਂ ਵਿਚ ਲੈਟਰੀਨਾਂ ਬਣਾਉਣ ਅਤੇ ਪਿੰਡਾਂ ਨੂੰ ਖੁੱਲ੍ਹੇਆਮ ਪਖਾਨੇ ਤੋਂ ਮੁਕਤ ਕਰਨ ਦੇ ਚੱਲ ਰਹੇ ਕੰਮਾਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾਵੇ ਅਤੇ ਇਸ ਸਬੰਧੀ ਹਰ ਹਫਤੇ ਉਨ੍ਹਾਂ ਨੂੰ ਰਿਪੋਰਟ ਪੇਸ਼ ਕੀਤੀ ਜਾਵੇ।
ਗ੍ਰੀਨ ਫੀਲਡ ਦੇ ਲੋਕਾਂ ਨੂੰ ਸੀਵਰੇਜ ਮੁਸ਼ਕਿਲਾਂ ਨੇ ਘੇਰਿਆ
NEXT STORY