ਜਲੰਧਰ (ਸੁਧੀਰ)- ਅੰਮ੍ਰਿਤਸਰ 'ਚ ਹੋਏ ਅੱਤਵਾਦੀ ਹਮਲੇ ਤੇ ਹਾਈ ਅਲਰਟ ਦੌਰਾਨ ਕਮਿਸ਼ਨਰੇਟ ਪੁਲਸ ਨੇ ਪੂਰਨ ਤੌਰ 'ਤੇ ਸ਼ਹਿਰ ਨੂੰ ਸੀਲ ਕਰ ਕੇ ਨਾਕਾਬੰਦੀ ਕਰ ਦਿੱਤੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਹਾਈ ਅਲਰਟ ਦੌਰਾਨ ਪੁਲਸ ਅਧਿਕਾਰੀ ਵੀ ਖੁਦ ਫੀਲਡ 'ਚ ਰਹੇ। ਏ. ਡੀ. ਸੀ. ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਹੋਏ ਨਿਰੰਕਾਰੀ ਭਵਨ 'ਚ ਹਮਲੇ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਚੌਕਸੀ ਵਰਤਦੇ ਹੋਏ ਏ. ਸੀ. ਪੀ. ਸਤਿੰਦਰ ਚੱਢਾ ਦੀ ਅਗਵਾਈ 'ਚ ਸ਼ਹਿਰ 'ਚ ਪਟੇਲ ਚੌਕ ਤੇ ਚੌਗਿੱਟੀ ਪ੍ਰਤਾਪ ਪੈਲੇਸ ਦੇ ਕੋਲ ਸਥਿਤ ਨਿਰੰਕਾਰੀ ਭਵਨ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਬਾਹਰ ਵੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸ਼ਹਿਰ 'ਚ ਲੱਗਣ ਵਾਲੇ ਸੰਡੇ ਬਾਜ਼ਾਰ ਤੇ ਜੋਤੀ ਚੌਕ ਕੋਲ ਆਲੇ ਦੁਆਲੇ ਖੁਦ ਏ. ਡੀ. ਸੀ ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਪੁਲਸ ਫੋਰਸ ਸਮੇਤ ਪਹੁੰਚੇ ਜਿਨ੍ਹਾਂ ਨਾਲ ਉਨ੍ਹਾਂ ਨੇ ਸ਼ਹਿਰ ਦੇ ਸੰਡੇ ਬਾਜ਼ਾਰ 'ਚ ਫੁੱਟ ਪੈਟਰੋਲਿੰਗ ਕਰ ਕੇ ਚੈਕਿੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਮਹੱਤਵਪੂਰਨ ਸਥਾਨਾਂ 'ਤੇ ਥਾਣਾ ਮੁਖੀਆਂ ਨੂੰ ਵਿਸ਼ੇਸ਼ ਨਾਕਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਵੀ ਸ਼ਹਿਰ 'ਚ ਪੈਟਰੋਲਿੰਗ ਕਰਨ ਤੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਈ ਅਲਰਟ ਦੌਰਾਨ ਕਮਿਸ਼ਨਰੇਟ ਪੁਲਸ ਨੇ ਨਾਕਾਬੰਦੀ ਕਰ ਕੇ ਕਈ ਵਾਹਨਾਂ ਦੀ ਤਲਾਸ਼ੀ ਲਈ ਤੇ ਕਈ ਵਾਹਨਾਂ ਦੇ ਪੁਲਸ ਨੇ ਚਲਾਨ ਵੀ ਕੱਟੇ। ਇਸ ਦੇ ਨਾਲ ਹੀ ਪੁਲਸ ਨੇ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਥਾਵਾਂ 'ਤੇ ਸਰਚ ਮੁਹਿੰਮ ਚਲਾਈ ਤੇ ਮੁਸਾਫਿਰਾਂ ਦੇ ਸਾਮਾਨ ਤੇ ਡਾਗ ਸਕੁਐਡ ਨਾਲ ਚੈਕਿੰਗ ਕੀਤੀ। ਏ. ਡੀ. ਸੀ. ਪੀ. ਸਿਟੀ 1 ਪਰਮਿੰਦਰ ਸਿੰਘ ਭੰਡਾਲ ਨੇ ਲੋਕਾਂ ਕੋਲੋਂ ਸ਼ੱਕੀ ਵਸਤੂ ਤੇ ਸ਼ੱਕੀ ਲੋਕਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ ਦੀ ਅਪੀਲ ਕੀਤੀ।
PM ਮੋਦੀ ਖਿਲਾਫ ਸੁਣਵਾਈ ਕਰੇਗੀ ਸੁਪਰੀਮ ਕੋਰਟ (ਪੜ੍ਹੋ 19 ਨਵੰਬਰ ਦੀਆਂ ਖਾਸ ਖਬਰਾਂ)
NEXT STORY