ਮੋਹਾਲੀ (ਸੰਦੀਪ) : ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ ਹੈੱਡ ਕਾਂਸਟੇਬਲ ਯੂਸਫ਼ ਮਸੀਹ ਦੇ ਪਰਿਵਾਰ ਲਈ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ (ਐੱਮ. ਏ. ਸੀ. ਟੀ) ਨੇ 84.23 ਲੱਖ ਰੁਪਏ ਦਾ ਮੁਆਵਜ਼ਾ ਮਨਜ਼ੂਰ ਕੀਤਾ ਹੈ। ਇਹ ਹਾਦਸਾ 14 ਅਪ੍ਰੈਲ ਸ਼ਾਮ 6 ਵਜੇ ਵਾਪਰਿਆ, ਜਦੋਂ ਹੈੱਡ ਕਾਂਸਟੇਬਲ ਯੂਸਫ ਮਸੀਹ ਸੋਹਾਣਾ ਗੁਰਦੁਆਰੇ ਵੱਲ ਪੈਦਲ ਜਾ ਰਹੇ ਸਨ। ਇਸ ਦੌਰਾਨ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਮਸੀਹ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਤਨੀ ਰੇਖਾ ਰਾਣੀ ਨੇ ਅਦਾਲਤ ’ਵਿਚ ਬਿਆਨ ਦਿੱਤਾ ਕਿ ਉਸ ਦੇ ਪਤੀ ਪੰਜਾਬ ਪੁਲਸ ’ਚ ਹੈੱਡ ਕਾਂਸਟੇਬਲ ਸਨ ਤੇ ਹਰ ਮਹੀਨੇ 90 ਹਜ਼ਾਰ ਰੁਪਏ ਤਨਖ਼ਾਹ ਲੈ ਰਹੇ ਸਨ। ਉਹ ਪਰਿਵਾਰ ਦੇ ਇਕਲੌਤਾ ਕਮਾਉਣ ਵਾਲੇ ਮੈਂਬਰ ਸਨ ਅਤੇ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦਾ ਜੀਵਨ ਤਬਾਹ ਹੋ ਗਿਆ ਹੈ। ਰੇਖਾ ਰਾਣੀ ਨੇ ਬੱਚਿਆਂ ਜੌਨਸਨ ਸੱਭਰਵਾਲ ਤੇ ਸਾਕਸ਼ੀ ਨਾਲ ਐੱਮ.ਏ.ਸੀ.ਟੀ. ’ਚ ਮੁਆਵਜ਼ਾ ਪਟੀਸ਼ਨ ਦਾਇਰ ਕਰ ਕੇ 2 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ।
ਕਾਰ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ
ਮਾਮਲੇ ’ਚ ਬੀਮਾ ਕੰਪਨੀ ਨੇ ਦਲੀਲ ਦਿੱਤੀ ਕਿ ਹੈੱਡ ਕਾਂਸਟੇਬਲ ਦੀ ਲਾਪਰਵਾਹੀ ਕਾਰਨ ਹਾਦਸਾ ਵਾਪਰਿਆ ਹੈ ਤੇ ਉਨ੍ਹਾਂ ਦੇ ਵਾਹਨ ਚਾਲਕ ’ਤੇ ਝੂਠਾ ਇਲਜ਼ਾਮ ਲਾਇਆ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮੁਆਵਜ਼ੇ ਦੀ ਰਕਮ ਬਹੁਤ ਜ਼ਿਆਦਾ ਹੈ। ਕਾਰ ਚਾਲਕ ਨੇ ਦੱਸਿਆ ਕਿ ਹਾਦਸਾ ਉਸ ਦੀ ਗਲਤੀ ਕਾਰਨ ਨਹੀਂ ਵਾਪਰਿਆ। ਦੂਜੇ ਪਾਸੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਟ੍ਰਿਬਿਊਨਲ ਨੇ ਕਿਹਾ ਕਿ ਹੈੱਡ ਕਾਂਸਟੇਬਲ ਦੀ ਮੌਤ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਹੋਈ ਹੈ। ਹਾਦਸੇ ਸਮੇਂ ਕਾਰ ਚਾਲਕ ਨੇ ਕਾਰ ’ਤੇ ਵੈਧ ਬੀਮਾ ਕਰਵਾਇਆ ਹੋਇਆ ਸੀ। ਅਜਿਹੀ ਸਥਿਤੀ ’ਚ ਦੋਵੇਂ ਮਿਲ ਕੇ ਮੁਆਵਜ਼ਾ ਅਦਾ ਕਰਨਗੇ। ਟ੍ਰਿਬਿਊਨਲ ਨੇ ਮ੍ਰਿਤਕ ਦੀ ਆਮਦਨ ਦਾ 9 ਲੱਕ 72 ਹਜ਼ਾਰ 571 ਰੁਪਏ ਸਾਲਾਨਾ ਮੁਲਾਂਕਣ ਕੀਤਾ ਤੇ ਭਵਿੱਖ ਦੀ ਆਮਦਨ ਲਈ 30 ਫ਼ੀਸਦੀ ਵਾਧਾ ਨਿਰਧਾਰਿਤ ਕੀਤਾ।
ਤੁਹਾਡੇ ਘਰ ਤਾਂ ਨਹੀਂ ਆ ਰਿਹਾ ਮਿਲਾਵਟੀ ਦੁੱਧ, ਇੰਝ ਕਰੋ ਪਰਖ
NEXT STORY