ਚੰਡੀਗੜ੍ਹ: ਕਾਂਗਰਸ ਅੰਦਰ ਅੰਦਰੂਨੀ ਲੋਕਤੰਤਰ ਦੀ ਘਾਟ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਹਰ ਕੋਈ ਆਪਣੇ ਸ਼ਿਕਵੇ ਪਾਰਟੀ ਪ੍ਰਧਾਨ ਜਾਂ ਵਰਕਿੰਗ ਕਮੇਟੀ ਕੋਲ ਉਠਾਉਣ ਲਈ ਸੁਤੰਤਰ ਹੈ ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਮੰਚਾਂ ਉਤੇ ਨਹੀਂ ਉਠਾਇਆ ਜਾ ਸਕਦਾ।
ਜਨਤਕ ਅਸਹਿਮਤੀ ਦੀਆਂ ਰਿਪੋਰਟਾਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਜੇ ਤੁਸੀਂ ਕਾਂਗਰਸੀ ਹੋ ਤਾਂ ਤੁਸੀਂ ਪਾਰਟੀ ਦੀ ਕੰਮਕਾਜ ਵਿੱਚ ਕਿਸੇ ਵੀ ਮੁਸ਼ਕਲ ਲਈ ਪਾਰਟੀ ਪ੍ਰਧਾਨ ਜਾਂ ਕਾਂਗਰਸ ਵਰਕਿੰਗ ਕਮੇਟੀ ਕੋਲ ਜਾ ਸਕਦੇ ਹੋ ਪਰ ਤੁਹਾਨੂੰ ਆਪਣੇ ਸ਼ਿਕਵੇ ਖੁੱਲੇਆਮ ਜ਼ਾਹਰ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ।’’
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਇਹ ਸਬਕ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲੋ ਸਿੱਖਿਆ ਸੀ ਜਦੋਂ ਉਹ ਕਾਂਗਰਸ ਤੋਂ ਸੰਸਦ ਮੈਂਬਰ ਸਨ। ਇੰਦਰਾ ਗਾਂਧੀ ਨੇ ਉਨਾਂ ਨੂੰ ਕਿਹਾ ਸੀ ਕਿ ਪਾਰਟੀ ਦੇ ਅੰਦਰੂਨੀ ਮਸਲੇ ਪਾਰਟੀ ਦੇ ਅੰਦਰ ਹੀ ਰਹਿਣੇ ਚਾਹੀਦੇ ਹਨ ਅਤੇ ਇਹ ਕਾਂਗਰਸ ਲਈ ਹਾਲੇ ਵੀ ਸਹੀ ਹੈ। ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਿਸ ਨੇ ਵਿਰੋਧ ਵਿੱਚ ਆਵਾਜ਼ ਉਠਾਈ ਪਰ ਅਸਲ ਵਿੱਚ ਉਨਾਂ ਵੱਲੋਂ ਉਸ ਵੇਲੇ ਵੱਖ-ਵੱਖ ਕਮੇਟੀਆਂ ਦਾ ਮੈਂਬਰ ਬਣਾਉਣਾ ਸੁਧਾਰ ਲਿਆਉਣ ਖਾਤਰ ਲੋਕਤੰਤਰ ਦੀ ਸੱਚੀ ਭਾਵਨਾ ਤਹਿਤ ਚੁੱਕਿਆ ਕਦਮ ਸੀ।
ਬਿਹਾਰ ਚੋਣ ਨਤੀਜਿਆਂ ਦੀ ਰੌਸ਼ਨੀ ਵਿੱਚ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੇ ਸੁਝਾਵਾਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁੰਦੇ ਹਨ, ਉਦੋਂ ਤੱਕ ਪਾਰਟੀ ਮੁਖੀ ਬਣੇ ਰਹਿ ਸਕਦੇ ਹਨ। ਉਨਾਂ ਤੋਂ ਬਾਅਦ ਹੀ ਨਵਾਂ ਆਗੂ ਚੁਣਿਆ ਜਾਵੇਗਾ। ਉਨਾਂ ਕਿਹਾ ਕਿ ਇਸ ਸਮੇਂ ਤਬਦੀਲੀ ਦੀ ਕੋਈ ਲੋੜ ਨਹੀਂ। ਬਿਹਾਰ ਚੋਣ ਨਤੀਜਿਆਂ ਬਾਰੇ ਡੂੰਘਾਈ ਵਿੱਚ ਪੜਚੋਲ ਕਰਨ ਦੀ ਲੋੜ ਨਹੀਂ।
ਮੁੱਖ ਮੰਤਰੀ ਨੇ ਕਿਹਾ ਕਿ ਹਾਰਾਂ ਅਤੇ ਜਿੱਤਾਂ ਅਸਲ ਲੋਕਤੰਤਰ ਦੀ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਖੁਸ਼ਕਿਸਮਤੀ ਨਾਲ ਇਹ ਭਾਰਤ ਵਿੱਚ ਵਾਪਰਦਾ ਹੈ। ਉਨਾਂ ਕਿਹਾ ਕਿ ਅਮਰੀਕੀ ਲੋਕਤੰਤਰ ਦੇ ਉਲਟ ਭਾਰਤ ਵਿੱਚ ਇਕ ਸੱਚੀ ਜਮਹੂਰੀਅਤ ਹੈ ਜਿੱਥੇ ਰਾਜਸੀ ਉਤਰਾਅ-ਚੜਾਅ ਇਸ ਦਾ ਹਿੱਸਾ ਹਨ। ਉਨਾਂ ਉਹ ਵੇਲਾ ਚੇਤਾ ਕੀਤਾ ਜਦੋਂ ਸੰਸਦ ਵਿੱਚ ਭਾਜਪਾ ਦੇ ਦੋ ਹੀ ਮੈਂਬਰ ਸਨ। ਉਨਾਂ ਅੱਗੇ ਕਿਹਾ ਕਿ ਕਾਂਗਰਸ 2024 ਵਿੱਚ ਸੱਤਾ ’ਚ ਵਾਪਸੀ ਕਰੇਗੀ।
ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 845 ਨਵੇਂ ਮਾਮਲੇ ਆਏ ਸਾਹਮਣੇ, 26 ਦੀ ਮੌਤ
NEXT STORY