ਤਲਵੰਡੀ ਸਾਬੋ (ਮੁਨੀਸ਼) : ਕੋਰੋਨਾ ਦੀ ਵੱਧ ਰਹੀ ਮਹਾਮਾਰੀ ਦੌਰਾਨ ਹੁਣ ਸਿਆਸੀ ਆਗੂ ਵੀ ਇਸਦਾ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹਨ। ਇਸ ਸੂਚੀ ਵਿਚ ਇਕ ਵਾਧਾ ਉਦੋਂ ਹੋਰ ਹੋ ਗਿਆ ਜਦੋਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ ਹਲਕਾ ਸੇਵਾਦਾਰ ਤਲਵੰਡੀ ਸਾਬੋ ਕੋਰੋਨਾ ਪਾਜ਼ੇਟਿਵ ਆ ਗਏ। ਜਟਾਣਾ ਨੇ ਗੱਲਬਾਤ ਦੌਰਾਨ ਇਸਦੀ ਪੁਸ਼ਟੀ ਕਰਦਿਆਂ ਪਿਛਲੇ ਦਿਨਾਂ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਖਿਆਲ ਰੱਖਣ ਅਤੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਟੈਸਟ ਜ਼ਰੂਰ ਕਰਵਾਉਣ। ਜਟਾਣਾ ਨੇ ਦੱਸਿਆ ਕਿ ਉਹ ਅਤੇ ਉਸਦਾ ਸਮੁੱਚਾ ਸਟਾਫ 14 ਦਿਨ ਲਈ ਇਕਾਂਤਵਾਸ ਵਿਚ ਚਲੇ ਗਏ ਹਨ।
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਸੂਬੇ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਪੰਜਾਬ ਭਰ ਵਿਚ ਹੁਣ ਤਕ 31192 ਕੋਰੋਨਾ ਨਾਲ ਪੀੜਤ ਲੋਕ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 20327 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਤ ਚੁੱਕੇ ਹਨ ਜਦਕਿ 826 ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋ ਚੁੱਕੀ ਹੈ। ਸੂਬੇ ਵਿਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 10040 ਹੋ ਗਈ ਹੈ, ਜਿਨ੍ਹਾ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ
NEXT STORY