ਜਲੰਧਰ (ਰਵਿੰਦਰ ਸ਼ਰਮਾ)— ਗੁਰਦਾਸਪੁਰ ਲੋਕ ਸਭਾ ਉਪ ਚੋਣ ਲਈ ਚੋਣ ਕਮਿਸ਼ਨ ਕਦੀ ਵੀ ਤਰੀਕ ਦਾ ਐਲਾਨ ਕਰ ਸਕਦਾ ਹੈ। ਚੋਣ ਕਮਿਸ਼ਨ ਦੀ ਦਸਤਕ ਦੇ ਨਾਲ ਹੀ ਇਥੋਂ ਚੋਣ ਲੜਨ ਵਾਲੀਆਂ ਸਿਆਸੀ ਪਾਰਟੀਆਂ ਨੇ ਵੀ ਆਪਣੀ ਸਰਗਰਮੀ ਵਧਾ ਦਿੱਤੀ ਹੈ। ਭਾਜਪਾ ਨੇ ਜਿਥੇ ਚੋਣ ਮੈਦਾਨ 'ਚ ਆਪਣੇ ਮਹਾਰਥੀਆਂ ਨੂੰ ਉਤਾਰ ਦਿੱਤਾ ਹੈ, ਕਾਂਗਰਸ ਵੀ 15 ਅਗਸਤ ਤੋਂ ਇਥੇ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਜਾ ਰਹੀ ਹੈ। ਉਥੇ ਆਮ ਆਦਮੀ ਪਾਰਟੀ ਦੋਵੇਂ ਪਾਰਟੀਆਂ ਦੇ ਵੋਟ ਬੈਂਕ 'ਚ ਸੰਨ੍ਹ ਲਗਾਉਣ ਦਾ ਕੰਮ ਜ਼ਰੂਰ ਕਰੇਗੀ।
ਗੁਰਦਾਸਪੁਰ ਲੋਕ ਸਭਾ ਸੀਟ ਅਪ੍ਰੈਲ 'ਚ ਭਾਜਪਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਇਥੇ ਚੋਣ ਕਮਿਸ਼ਨ ਜਲਦੀ ਹੀ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ। ਕੇਂਦਰ ਦੀ ਸੱਤਾ 'ਤੇ ਕਾਬਿਜ਼ ਭਾਜਪਾ ਨੇ ਇਥੇ ਸਭ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਭਾਜਪਾ ਨੇ ਲੋਕ ਸਭਾ ਖੇਤਰ ਦੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ 'ਚ ਪੋਲ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਭਾਜਪਾ ਹਾਈਕਮਾਨ ਨੇ ਸਾਰੇ ਹਲਕਾ ਇੰਚਾਰਜਾਂ ਨੂੰ ਚੋਣ ਮੈਦਾਨ 'ਚ ਨਿੱਤਰ ਜਾਣ ਅਤੇ ਆਪਣੇ- ਆਪਣੇ ਏਰੀਏ 'ਚ ਡਟ ਜਾਣ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਅਜੇ ਮਾਰਚ ਮਹੀਨੇ 'ਚ ਹੀ ਸੂਬੇ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਲਈ ਗੁਰਦਾਸਪੁਰ 'ਚ ਰਾਹ ਸੁਖਾਲੀ ਨਹੀਂ ਹੋਵੇਗੀ। 2009 ਤੋਂ ਲੈ ਕੇ 2014 ਤਕ ਭਾਵੇਂ ਗੁਰਦਾਸਪੁਰ ਲੋਕ ਸਭਾ ਸੀਟ ਕਾਂਗਰਸ ਦੇ ਕਬਜ਼ੇ 'ਚ ਸੀ ਪਰ 2014 'ਚ ਇਥੋਂ ਭਾਜਪਾ ਆਗੂ ਵਿਨੋਦ ਖੰਨਾ ਨੇ ਕਾਂਗਰਸ ਦੇ ਦਿੱਗਜ ਆਗੂ ਤੇ ਉਸ ਵੇਲੇ ਸੂਬਾ ਕਾਂਗਰਸ ਦੇ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਨੂੰ 1.5 ਲੱਖ ਤੋਂ ਵੀ ਜ਼ਿਆਦਾ ਵੋਟਾਂ ਨਾਲ ਮਾਤ ਦੇ ਕੇ ਦੁਬਾਰਾ ਭਾਜਪਾ ਦੀ ਪਕੜ ਬਣਾਈ ਸੀ। ਹਲਕੇ 'ਚ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਦੀ ਬਦੌਲਤ ਭਾਜਪਾ ਦਾ ਗਰਾਫ ਬੇਹੱਦ ਮਜ਼ਬੂਤ ਹੈ। ਇਹ ਹੀ ਕਾਰਨ ਹੈ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਭਾਵੇਂ ਵਿਨੋਦ ਖੰਨਾ ਨੇ ਬੇਹੱਦ ਘੱਟ ਸਮਾਂ ਆਪਣੇ ਹਲਕੇ ਨੂੰ ਦਿਤਾ ਪਰ ਭਾਜਪਾ ਦੇ ਵਰਕਰਾਂ ਨੇ ਪੂਰੀ ਤਰ੍ਹਾਂ ਜਨਤਾ 'ਚ ਕਮਾਨ ਸੰਭਾਲੀ ਰੱਖੀ। ਵਰਕਰਾਂ ਦੀ ਬਦੌਲਤ ਹੀ ਵਿਨੋਦ ਖੰਨਾ 2014 'ਚ ਇੰਨੇ ਵੱਡੇ ਫਰਕ ਨਾਲ ਚੋਣ ਜਿੱਤਣ 'ਚ ਸਫਲ ਰਹੇ ਸਨ। ਉਥੇ ਦੂਜੇ ਪਾਸੇ ਕਾਂਗਰਸ ਵੰਡੀ ਹੋਈ ਨਜ਼ਰ ਆ ਰਹੀ ਹੈ। ਇਸ ਸੀਟ 'ਤੇ ਬਾਜਵਾ ਪਰਿਵਾਰ ਦਾ ਦਬਦਬਾ ਰਿਹਾ ਹੈ ਪਰ ਹੁਣ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ। ਬਾਜਵਾ ਤੇ ਕੈਪਟਨ ਦਾ ਲੰਮੇ ਸਮੇਂ ਤੋਂ ਛੱਤੀ ਦਾ ਅੰਕੜਾ ਰਿਹਾ ਹੈ। ਉਨ੍ਹਾਂ ਦਾ ਪਰਿਵਾਰ ਕਦੀ ਨਹੀਂ ਚਾਹੇਗਾ ਕਿ ਉਨ੍ਹਾਂ ਦੇ ਹਲਕੇ ਤੋਂ ਕੈਪਟਨ ਦੀ ਅਗਵਾਈ 'ਚ ਪਾਰਟੀ ਜਿੱਤ ਪ੍ਰਾਪਤ ਕਰੇ। ਪਾਰਟੀ ਦੀ ਅੰਦਰੂਨੀ ਫੁੱਟ ਹੀ ਇਥੇ ਕਾਂਗਰਸ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਵਿਧਾਨ ਸਭਾ 'ਚ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਆਮ ਆਦਮੀ ਪਾਰਟੀ ਵੀ ਇਥੇ ਆਪਣੀ ਜ਼ਮੀਨ ਲੱਭ ਰਹੀ ਹੈ। ਉਹ ਭਾਵੇਂ ਚੋਣਾਂ ਜਿੱਤਣ ਦੀ ਸਥਿਤੀ 'ਚ ਨਹੀਂ ਹੈ ਪਰ ਉਹ ਵੋਟਾਂ ਕੱਟ ਕੇ ਭਾਜਪਾ ਦੇ ਜਿੱਤਣ ਦੇ ਸਮੀਕਰਣ ਨੂੰ ਜ਼ਰੂਰ ਵਿਗਾੜ ਸਕਦੀ ਹੈ।
ਅਜੇ ਉਮੀਦਵਾਰਾਂ ਦੇ ਨਾਂ ਦੇ ਪੱਤੇ ਭਾਵੇਂ ਕਿਸੇ ਵੀ ਪਾਰਟੀ ਨੇ ਨਾ ਖੋਲ੍ਹੇ ਹੋਣ ਪਰ ਸਾਰੀਆਂ ਪਾਰਟੀਆਂ ਇਥੇ ਵੱਡੇ-ਵੱਡੇ ਨਾਵਾਂ 'ਤੇ ਵਿਚਾਰ ਕਰ ਰਹੀਆਂ ਹਨ।
ਭਾਜਪਾ ਦੀ ਗੱਲ ਕਰੀਏ ਤਾਂ ਇਥੋਂ ਸਵਰਗੀ ਭਾਜਪਾ ਆਗੂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਨਾਲ-ਨਾਲ ਉਦਯੋਗਪਤੀ ਸਵਰਨ ਸਲਾਰੀਆ, ਸਾਬਕਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਵਿਧਾਇਕ ਦਿਨੇਸ਼ ਬੱਬੂ ਦਾ ਨਾਂ ਚਲ ਰਿਹਾ ਹੈ ਪਰ ਪਾਰਟੀ ਦੇ ਅੰਦਰ ਹੀ ਇਕ ਮਜ਼ਬੂਤ ਲਾਬੀ ਇਥੋਂ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੂੰ ਚੋਣ ਲੜਾਉਣ ਦੇ ਮੂਡ 'ਚ ਹੈ। ਦੂਜੇ ਪਾਸੇ ਕਾਂਗਰਸ 'ਚ ਬਾਜਵਾ ਪਰਿਵਾਰ 'ਚੋਂ ਕਿਸੇ ਵਿਅਕਤੀ ਨੂੰ ਟਿਕਟ ਦੇਣ ਦੇ ਨਾਲ -ਨਾਲ ਸੂਬਾ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਸੁਖਜਿੰਦਰ ਰੰਧਾਵਾ, ਅਸ਼ਵਨੀ ਸੇਖੜੀ ਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਦਾ ਨਾਂ ਚਲ ਰਿਹਾ ਹੈ। ਪਾਰਟੀ ਉਮੀਦਵਾਰ ਚੋਣ 'ਚ ਪੂਰੀ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੱਲੇਗੀ ਅਤੇ ਉਨ੍ਹਾਂ ਦੀ ਪਸੰਦ ਦਾ ਆਗੂ ਇਥੋਂ ਮੈਦਾਨ 'ਚ ਉਤਰੇਗਾ। ਇਸ ਲਈ ਹਾਰ ਜਾਂ ਜਿੱਤ ਦਾ ਠੀਕਰਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਹੀ ਭੱਜਣ ਵਾਲਾ ਹੈ ਤੇ ਕੈਪਟਨ ਦੀ ਇੱਜ਼ਤ ਦਾਅ 'ਤੇ ਹੋਵੇਗੀ। ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਪਣੀਆਂ ਨੀਤੀਆਂ ਨਾਲ ਜਨਤਾ 'ਚ ਆਪਣੀ ਨੀਂਹ ਨੂੰ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ। ਨਾ ਤਾਂ ਪਾਰਟੀ ਵਿਧਾਇਕ ਖੁਸ਼ ਹਨ, ਨਾ ਵਰਕਰ ਤੇ ਨਾ ਹੀ ਜਨਤਾ।
ਇਸ ਦਾ ਖਮਿਆਜ਼ਾ ਕਾਂਗਰਸ ਨੂੰ ਗੁਰਦਾਸਪੁਰ ਉਪ ਚੋਣ 'ਚ ਭੁਗਤਣਾ ਪੈ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਕੈਪਟਨ ਸਰਕਾਰ ਦਾ ਭਵਿੱਖ ਵੀ ਜ਼ਿਆਦਾ ਸੁਰੱਖਿਅਤ ਨਹੀਂ ਰਹਿ ਸਕੇਗਾ।
ਆਈ. ਏ. ਐੱਸ. ਦੀ ਬੇਟੀ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ 25 ਮਿੰਟ ਦੀ ਖੌਫਨਾਕ ਹੱਡਬੀਤੀ
NEXT STORY