ਚੰਡੀਗੜ੍ਹ (ਨੈਸ਼ਨਲ ਡੈਸਕ) : ਵੋਟਾਂ ਦੀ ਗਿਣਤੀ ਦੀ ਤਰੀਕ 10 ਮਾਰਚ ਜਿਵੇਂ-ਜਿਵੇਂ ਨੇੜੇ ਆਉਂਦੀ ਜਾ ਰਹੀ ਹੈ, ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪਣੇ ਸੰਭਾਵਤ ਜਿੱਤਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਚੌਕਸ ਹੋ ਗਈਆਂ ਹਨ। ਮੀਡੀਆ ’ਚ ਚੱਲ ਰਹੀਆਂ ਰਿਪੋਰਟਾਂ ਮੁਤਾਬਕ ਕਿਸੇ ਨੂੰ ਵੀ ਸਪਸ਼ਟ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਖ਼ਬਰਾਂ ਆ ਰਹੀਆਂ ਹਨ ਕਿ ਹਰੇਕ ਸਿਆਸੀ ਪਾਰਟੀ ਆਪਣੇ ਜਿੱਤਣ ਵਾਲੇ ਉਮੀਦਵਾਰਾਂ ਦੇ ਟੁੱਟਣ ਦੇ ਡਰ ਤੋਂ ਉਨ੍ਹਾਂ ਲਈ ਮਹਿਫੂਜ਼ ਥਾਂ ਲੱਭ ਰਹੀ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਹੈ ਕਿ ਕਾਂਗਰਸ ਨੇ ਆਪਣੇ ਸੰਭਾਵਤ ਜਿੱਤਣ ਵਾਲੇ ਉਮੀਦਵਾਰਾਂ ਨੂੰ ਪਾਰਟੀ ਸ਼ਾਸਿਤ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ’ਚ ਲਿਜਾਣ ਦੀ ਯੋਜਨਾ ਬਣਾਈ ਹੈ।
ਕਾਂਗਰਸ ਹਾਈਕਮਾਂਡ ਨੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਦੌਰਾਨ ਕੈਪਟਨ ਦੀ ਭਾਜਪਾ ਸਹਿਯੋਗੀ ਪਾਰਟੀ ਪੰਜਾਬ ਲੋਕ ਕਾਂਗਰਸ ਨੇ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਦੇ ਸੰਭਾਵਤ ਜੇਤੂ ਉਮੀਦਵਾਰ ਰਾਜਸਥਾਨ ’ਚ ਪਰਿਵਾਰ ਨਾਲ ਕਿਉਂ ਡਟੇ ਹੋਏ ਹਨ?
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਆਈ ਦੁਖਦਾਇਕ ਖ਼ਬਰ, ਬਰਨਾਲਾ ਦੇ ਨੌਜਵਾਨ ਦੀ ਹੋਈ ਮੌਤ
ਇਸ ਲਈ ਚੌਕਸ ਹਨ ਕਾਂਗਰਸ ਤੇ ਆਪ
ਇੱਥੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਕਿਹਾ ਸੀ ਕਿ ਸੂਬੇ ਵਿਚ ਕਿਸ ਦੀ ਸਰਕਾਰ ਬਣੇਗੀ, ਇਹ ਕਹਿਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਸੀ ਕਿ 2 ਜਾਂ 3 ਪਾਰਟੀਆਂ ਮਿਲ ਕੇ ਪੰਜਾਬ ਵਿਚ ਸਰਕਾਰ ਬਣਾ ਸਕਦੀਆਂ ਹਨ। ਬਹੁਮਤ ਬਾਰੇ ਉਨ੍ਹਾਂ ਕਿਹਾ ਸੀ ਕਿ ਇਸ ਦਾ ਐਲਾਨ ਤਾਂ ਕੋਈ ਜੋਤਿਸ਼ੀ ਹੀ ਕਰ ਸਕਦਾ ਹੈ। ਇਸ ਤੋਂ ਬਾਅਦ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਚਾਅ ’ਚ ਆਉਣ ਦੀ ਚਰਚਾ ਹੈ। ਹਾਲਾਂਕਿ ਸੂਬੇ ਵਿਚ ਇਸ ਗੱਲ ਦੀ ਵੀ ਚਰਚਾ ਹੈ ਕਿ ਭਾਜਪਾ ਦੀਆਂ ਜੇ ਡਬਲ ਡਿਜਿਟ ਵਿਚ ਸੀਟਾਂ ਆਉਂਦੀਆਂ ਹਨ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਕਰ ਸਕਦੀ ਹੈ। ਇਹੀ ਕਾਰਨ ਹੈ ਕਿ ਸੰਭਾਵਤ ਗਠਜੋੜ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ 59 ਦੇ ਅੰਕੜੇ ਲਈ 5 ਤੋਂ 10 ਉਮੀਦਵਾਰ ਘੱਟ ਪੈਂਦੇ ਹਨ ਤਾਂ ਨਜ਼ਰਾਂ ਸੁਭਾਵਕ ਤੌਰ ’ਤੇ ਆਪ ਤੇ ਕਾਂਗਰਸ ’ਤੇ ਹੀ ਰਹਿਣਗੀਆਂ। ਜ਼ਾਹਿਰ ਹੈ ਕਿ ਭਾਜਪਾ ਦਾ ਇਸ ਤਰ੍ਹਾਂ ਦਾ ਕੋਈ ਤਜਰਬਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ
ਕਾਂਗਰਸ ਨੇ ਅਟਕਲਾਂ ਨੂੰ ਕੀਤਾ ਖਾਰਜ
ਹਾਲਾਂਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅਟਕਲਾਂ ਦੇ ਰੂਪ ’ਚ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਪਾਰਟੀ ਸੂਬੇ ਵਿਚ ਸਰਕਾਰ ਨੂੰ ਦੁਹਰਾਏਗੀ। ਇਸ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦੇ ਉਸ ਬਿਆਨ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ, ਜਿਸ ਵਿਚ ਉਨ੍ਹਾਂ ਪੁੱਛਿਆ ਹੈ ਕਿ ਕਾਂਗਰਸ ਦੇ ਉਮੀਦਵਾਰ ਪਰਿਵਾਰ ਸਮੇਤ ਰਾਜਸਥਾਨ ’ਚ ਕਿਉਂ ਹਨ? ਉਨ੍ਹਾਂ ਸਵਾਲ ਕੀਤਾ ਕਿ ਕੀ ਵੋਟ ਗਿਣਤੀ ਤੋਂ ਪਹਿਲਾਂ ਹੀ ਕਾਂਗਰਸ ਬਚਾਅ ਦੇ ਅੰਦਾਜ਼ ਵਿਚ ਆ ਗਈ ਹੈ? ਬਲੀਏਵਾਲ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਦਾਰਜੀਲਿੰਗ ਦੀ ਸੈਰ ’ਤੇ ਗਏ ਹੋਏ ਹਨ।
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਯੂਕ੍ਰੇਨ 'ਚ MBBS ਕਰਨ ਗਈ ਮੁੱਲਾਂਪੁਰ ਦੀ ਕੁੜੀ ਵੀ ਫਸੀ, ਪਰਿਵਾਰ ਨੇ ਬਿਆਨ ਕੀਤੇ ਹਾਲਾਤ
NEXT STORY