ਪਟਿਆਲਾ (ਰਾਜੇਸ਼) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦਾ ਇਕ ਸਾਲ ਪੁਰਾ ਹੋਣ 'ਤੇ ਜਿਥੇ ਭਾਜਪਾ ਨੇ ਦੇਸ਼ ਭਰ ਵਿਚ 8 ਨਵੰਬਰ ਨੂੰ 'ਕਾਲਾ ਧਨ ਦਿਵਸ' ਦੇ ਰੂਪ 'ਚ ਮਨਾਇਆ, ਉਥੇ ਹੀ ਕਾਂਗਰਸ ਨੇ ਨੋਟਬੰਦੀ ਨੂੰ ਸੋਚੀ-ਸਮਝੀ ਸਰਕਾਰੀ ਲੁੱਟ ਕਰਾਰ ਦਿੰਦੇ ਹੋਏ ਮੋਦੀ ਸਰਕਾਰ ਦੇ ਪੁਤਲੇ ਫੂਕੇ। ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਵੱਲੋਂ ਇਥੇ ਫੁਹਾਰਾ ਚੌਕ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕਰਨ ਦੇ ਵਿਰੋਧ ਵਿਚ ਇਕ ਵਿਸ਼ਾਲ ਧਰਨਾ ਮਾਰ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਵਿਚ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਸਮੇਤ ਸਮੁੱਚੇ ਜ਼ਿਲੇ ਦੀ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਹਾਜ਼ਰ ਸਨ।
ਦੇਸ਼ ਦੀ ਅਰਥ-ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੋਟਬੰਦੀ ਦਾ ਫ਼ੈਸਲਾ ਸ਼ਲਾਘਾਯੋਗ : ਐੱਸ. ਕੇ. ਦੇਵ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਨੂੰ ਰਾਤ ਦੇ 8 ਵਜੇ ਦੇਸ਼ 'ਚ ਕੀਤੇ ਗਏ ਨੋਟਬੰਦੀ ਦੇ ਐਲਾਨ ਨੇ ਦੇਸ਼ 'ਚੋਂ ਜਾਅਲੀ ਕਰੰਸੀ ਅਤੇ ਕਾਲੇ ਧਨ ਨੂੰ ਜਿਥੇ ਖ਼ਤਮ ਕੀਤਾ, ਉਥੇ ਹੀ ਲੋਕਾਂ ਨੂੰ ਆਪਣੀ ਰਕਮ ਬੈਂਕਾਂ 'ਚ ਜਮ੍ਹਾ ਰਖਦੇ ਹੋਏ ਡਿਜੀਟਲ ਇੰਡੀਆ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਗਈ। ਇਸ ਦੀ ਖ਼ੁਸ਼ੀ ਜ਼ਾਹਿਰ ਕਰਦਿਆਂ ਅੱਜ ਭਾਰਤੀ ਜਨਤਾ ਪਾਰਟੀ ਜ਼ਿਲਾ ਪਟਿਆਲਾ ਇਕਾਈ ਵੱਲੋਂ ਜ਼ਿਲਾ ਪ੍ਰਧਾਨ ਐੱਸ. ਕੇ. ਦੇਵ ਦੀ ਅਗਵਾਈ 'ਚ ਲੱਡੂ ਵੰਡੇ ਗਏ। ਭਾਜਪਾ ਆਗੂਆਂ ਵੱਲੋਂ ਕਾਲੇ ਧਨ ਦਾ ਪੁਤਲਾ ਵੀ ਫੂਕਿਆ ਗਿਆ। ਨੋਟਬੰਦੀ ਦਾ ਇੱਕ ਸਾਲ ਪੂਰਾ ਹੋਣ 'ਤੇ ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਇਕਾਈ ਵੱਲੋਂ ਜ਼ਿਲਾ ਪ੍ਰਧਾਨ ਐੱਸ. ਕੇ. ਦੇਵ ਦੀ ਪ੍ਰਧਾਨਗੀ ਹੇਠ ਅੱਜ ਪਟਿਆਲਾ ਦੇ ਸਰਹੰਦੀ ਗੇਟ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਨੋਟਬੰਦੀ ਕਾਰਨ ਦੇਸ਼-ਵਾਸੀਆਂ ਨੂੰ ਹੋਏ ਵੱਖ-ਵੱਖ ਫ਼ਾਇਦਿਆਂ ਸਬੰਧੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਜ਼ਿਲਾ ਪ੍ਰਧਾਨ ਐੱਸ. ਕੇ. ਦੇਵ ਨੇ ਦੱਸਿਆ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਸਬੰਧੀ ਲਿਆ ਗਿਆ ਫ਼ੈਸਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਵਾਧੂ ਮਾਤਰਾ 'ਚ ਜਾਅਲੀ ਨੋਟ ਅਤੇ ਕਾਲਾ ਧਨ ਜਮ੍ਹਾ ਹੁੰਦਾ ਜਾ ਰਿਹਾ ਸੀ। ਇਸ ਨੂੰ ਲੋਕ ਬਾਹਰ ਕੱਢ ਕੇ ਰਾਜ਼ੀ ਨਹੀਂ ਸਨ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਲੋਕਾਂ ਦੇ ਉਸ ਧਨ ਨੂੰ ਬਾਹਰ ਕੱਢਣ ਲਈ ਮਜਬੂਰ ਕਰ ਦਿੱਤਾ।
ਇਸ ਮੌਕੇ ਐੱਸ. ਕੇ. ਦੇਵ ਨੇ ਕਿਹਾ ਕਿ ਨੋਟਬੰਦੀ ਤੋਂ ਪਹਿਲਾ ਪ੍ਰਧਾਨ ਮੰਤਰੀ ਵੱਲੋਂ ਸਾਰਿਆਂ ਨੂੰ ਖਾਤੇ ਬੈਂਕਾਂ 'ਚ ਖੋਲ੍ਹਣ ਲਈ ਲੰਬਾ ਸਮਾਂ ਦਿੱਤਾ ਗਿਆ। ਇਸ ਤੋਂ ਬਾਅਦ ਹੀ ਉਨ੍ਹਾਂ ਨੋਟਬੰਦੀ ਕਰਦਿਆਂ ਸਭ ਨੂੰ ਆਪਣੇ 500 ਅਤੇ 1000 ਦੇ ਨੋਟ ਬੈਂਕਾਂ 'ਚ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਸਭਨਾਂ ਕੋਲ ਆਧੁਨਿਕ ਮੋਬਾਇਲ ਹਨ। ਇਸ ਲਈ ਸਾਰਿਆਂ ਨੂੰ ਆਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਦੇਸ਼ ਨੂੰ ਡਿਜੀਟਲ ਇੰਡੀਆ ਵਾਲੇ ਪਾਸੇ ਲੈ ਕੇ ਜਾਣਾ ਚਾਹੀਦਾ ਹੈ। ਸਮਾਗਮ ਦੇ ਅੰਤ 'ਚ ਭਾਜਪਾ ਆਗੂਆਂ ਵੱਲੋਂ ਕਾਲੇ ਧਨ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਵੀ ਕੀਤਾ ਗਿਆ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸਮਾਗਮ ਦੌਰਾਨ ਨਰਿੰਦਰ ਮੋਦੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਤਹਿਤ ਸਮਾਗਮ ਵਾਲੀ ਥਾਂ ਦੀ ਸਫ਼ਾਈ ਵੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂਆਂ ਵੱਲੋਂ ਸਾਰਿਆਂ ਨੂੰ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ। ਇਸ ਸਮੇਂ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਵਰੁਨ ਜਿੰਦਲ, ਰਮੇਸ਼ ਵਰਮਾ, ਰਾਕੇਸ਼ ਮੰਗਲਾ, ਰਾਮ ਕੁਮਾਰ ਗੋਇਲ, ਅਵਤਾਰ ਸਿੰਘ ਹੈਪੀ, ਤ੍ਰਿਭਵਨ ਗੁਪਤਾ, ਮਨਦੀਪ ਸ਼ਰਮਾ, ਸ਼ੈਫੀ ਸ਼ਰਮਾ, ਸੰਤ ਕਾਲਰਾ, ਕੁਲਵਿੰਦਰ ਸਿੰਘ, ਪੁਨੀਤ ਗਰਗ, ਭੁਪਿੰਦਰ ਸਿੰਘ, ਅਵਨੀਤ, ਸੰਜੀਵ ਧੀਮਾਨ, ਰਾਮ ਕ੍ਰਿਸ਼ਨ, ਹਰੀਸ਼ ਕੁਮਾਰ, ਸੁਰੇਸ਼ ਸ਼ਰਮਾ, ਅਜੈ ਪਾਲ, ਤਰਨਜੀਤ ਤਪੂ, ਅਜੈ ਗੋਇਲ, ਸੰਜੀਵ ਯਾਦਵ, ਸ਼ੈਰੀ ਉੱਪਲ ਅਤੇ ਵੱਡੀ ਗਿਣਤੀ 'ਚ ਭਾਜਪਾ ਆਗੂ ਹਾਜ਼ਰ ਸਨ।
ਲੁਟੇਰੇ ਔਰਤ ਤੇ ਉਸ ਦੇ ਭਤੀਜੇ ਨੂੰ ਲੁੱਟ ਕੇ ਫ਼ਰਾਰ
NEXT STORY