ਹੁਸ਼ਿਆਰਪੁਰ (ਜ.ਬ., ਅਮਰਿੰਦਰ)— ਪੰਜਾਬ 'ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਵਾਲੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਜ਼ਿਲਾ ਮਾਹਿਲਪੁਰ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਸੁਭਾਸ਼ ਗੌਤਮ ਦੇ ਮੈਡੀਕਲ ਸਟੋਰ 'ਚੋਂ ਹੁਸ਼ਿਆਰਪੁਰ ਐੱਸ. ਟੀ. ਐੱਫ. ਨੇ 4200 ਦੇ ਕਰੀਬ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸੁਭਾਸ਼ ਗੌਤਮ ਦੀ ਗ੍ਰਿਫਤਾਰੀ ਨਾਲ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਨੂੰ ਵੀ ਪਲੀਤਾ ਲੱਗ ਗਿਆ ਹੈ। ਸੁਭਾਸ਼ ਗੌਤਮ ਦੀ ਇਹ ਦੁਕਾਨ ਮਾਹਿਲਪੁਰ 'ਚ ਫਗਵਾੜਾ ਰੋਡ 'ਤੇ ਸਥਿਤ ਹੈ। ਪੁਲਸ ਅਤੇ ਸਿਹਤ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਨੀਵਾਰ ਸ਼ਾਮੀਂ ਗੌਤਮ ਮੈਡੀਕਲ ਹਾਲ 'ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਦੁਕਾਨ ਵਿਚੋਂ ਐਲਪਰਾਜ਼ੋਲਮ ਅਤੇ ਟਰਾਮਾਡੋਲ ਦੀਆਂ 4237 ਗੋਲੀਆਂ ਬਰਾਮਦ ਕੀਤੀਆਂ ਗਈਆਂ। ਬਰਾਮਦਗੀ ਤੋਂ ਬਾਅਦ ਦੁਕਾਨ ਦੇ ਮਾਲਕ ਸੁਭਾਸ਼ ਗੌਤਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੌਤਮ ਮੈਡੀਕਲ ਸਟੋਰ 'ਚ ਨਸ਼ੇ ਵਾਲੀਆਂ ਦਵਾਈਆਂ ਦਾ ਕੰਮ ਹੁੰਦਾ ਹੈ। ਸੂਚਨਾ ਮਿਲਣ ਤੋਂ ਬਾਅਦ ਅਸੀਂ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਅਤੇ ਡਰੱਗ ਇੰਸਪੈਕਟਰ ਬਲਰਾਮ ਲੂਥਰਾ ਨੂੰ ਨਾਲ ਲੈ ਕੇ ਦੁਕਾਨ ਦੀ ਜਾਂਚ ਕੀਤੀ। ਦੁਕਾਨ 'ਚੋਂ ਬਰਾਮਦ ਦਵਾਈਆਂ ਪਾਬੰਦੀਸ਼ੁਦਾ ਹਨ ਅਤੇ ਨੌਜਵਾਨ ਇਨ੍ਹਾਂ ਦੀ ਨਸ਼ੇ ਲਈ ਵਰਤੋਂ ਕਰਦੇ ਹਨ। ਸੁਭਾਸ਼ ਗੁਪਤਾ ਦੇ ਸਿਆਸੀ ਲੋਕਾਂ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸੁਭਾਸ਼ ਗੌਤਮ ਨਾਲ ਮੇਰਾ ਕੋਈ ਸਬੰਧ ਨਹੀਂ : ਗੋਲਡੀ
ਸੁਭਾਸ਼ ਗੌਤਮ ਦੀਆਂ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨਾਲ ਕਈ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਗੋਲਡੀ ਨੇ ਕਿਹਾ ਕਿ ਸੁਭਾਸ਼ ਗੌਤਮ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਉਹ ਸਿਆਸੀ ਪ੍ਰੋਗਰਾਮਾਂ 'ਚ ਮੰਚ 'ਤੇ ਨਜ਼ਰ ਜ਼ਰੂਰ ਆਇਆ ਹੋਵੇਗਾ ਪਰ ਮੇਰੇ ਨਾਲ ਉਸ ਦੀ ਕੋਈ ਨੇੜਤਾ ਨਹੀਂ ਹੈ।
ਜਾਦੂ-ਟੂਣੇ ਦੇ ਸ਼ੱਕ ਦੇ ਚੱਲਦਿਆਂ ਗੁਆਂਢੀਆਂ 'ਤੇ ਕੀਤਾ ਹਮਲਾ (ਵੀਡੀਓ)
NEXT STORY