ਜਲੰਧਰ (ਰਵਿੰਦਰ)— ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਪਿਛਲੇ ਡੇਢ ਸਾਲ 'ਚ ਸੈਂਕੜੇ ਵਾਰ ਕਦੀ ਚੰਡੀਗੜ੍ਹ ਅਤੇ ਕਦੀ ਪਟਿਆਲਾ ਦੇ ਚੱਕਰ ਲਗਾਉਣ ਵਾਲੇ ਕਾਂਗਰਸੀ ਆਗੂਆਂ ਦੀ ਹਿੰਮਤ ਹੁਣ ਜਵਾਬ ਦੇਣ ਲੱਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਪ੍ਰਣਾਲੀ ਤੋਂ ਨਿਰਾਸ਼ ਹੋ ਕੇ ਕਾਂਗਰਸੀ ਆਗੂਆਂ ਨੇ ਆਪਣੇ ਭਵਿੱਖ ਦੀਆਂ ਉਮੀਦਾਂ ਛੱਡ ਦਿੱਤੀਆਂ ਹਨ। ਵਿਰੋਧੀ ਧਿਰ 'ਚ ਰਹਿ ਕੇ ਦਸ ਸਾਲ ਤੱਕ ਅਕਾਲੀ-ਭਾਜਪਾ ਦੇ ਖਿਲਾਫ ਮੁਕਾਬਲਾ ਕਰਨ ਵਾਲੇ ਇਨ੍ਹਾਂ ਆਗੂਆਂ ਨੂੰ ਸਰਕਾਰ ਬਣਨ ਤੋਂ ਬਾਅਦ ਬੇਹੱਦ ਉਮੀਦਾਂ ਸਨ ਪਰ ਹਰ ਉਮੀਦ ਸਮਾਂ ਬੀਤਣ ਦੇ ਨਾਲ ਟੁੱਟਦੀ ਨਜ਼ਰ ਆ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਦੀਆਂ ਮਨਮਰਜ਼ੀਆਂ ਦੇ ਖਿਲਾਫ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸੜਕਾਂ 'ਤੇ ਉਤਰ ਕੇ ਧਰਨੇ ਲਾਏ ਸਨ। ਅਨੇਕਾਂ ਨੇ ਲਾਠੀਆਂ ਖਾਧੀਆਂ ਅਤੇ ਕਈਆਂ 'ਤੇ ਝੂਠੇ-ਸੱਚੇ ਮੁਕੱਦਮੇ ਵੀ ਦਰਜ ਕੀਤੇ ਪਰ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਇਸ ਉਮੀਦ 'ਚ ਹਾਰ ਨਹੀਂ ਮੰਨੀ ਕਿ ਰਾਜਨੀਤੀ 'ਚ ਹੀ ਉਨ੍ਹਾਂ ਦਾ ਭਵਿੱਖ ਹੈ। ਇਕ ਨਾ ਇਕ ਦਿਨ ਕਾਂਗਰਸ ਸੱਤਾ ਵਿਚ ਆਵੇਗੀ ਅਤੇ ਉਨ੍ਹਾਂ ਦੀ ਮਿਹਨਤ ਦਾ ਫਲ ਉਨ੍ਹਾਂ ਨੂੰ ਜ਼ਰੂਰ ਮਿਲੇਗਾ। ਇਥੋਂ ਤੱਕ ਕਿ ਦੂਜੀ ਕਤਾਰ ਦੇ ਕੁਝ ਆਗੂਆਂ ਨੇ ਤਾਂ ਆਪਣੀ ਜ਼ਮੀਨ-ਜਾਇਦਾਦ ਤੱਕ ਵੇਚ ਦਿੱਤੀ ਸੀ, ਇਸ ਉਮੀਦ 'ਚ ਕਿ ਉਨ੍ਹਾਂ ਦੀ ਰਾਜਨੀਤੀ ਕਾਇਮ ਰਹੇ। ਜਦੋਂ ਟਿਕਟਾਂ ਮਿਲਣ ਦੀ ਵਾਰੀ ਆਈ ਤਾਂ ਇਨ੍ਹਾਂ ਦੂਜੀ ਕਤਾਰ ਦੇ ਆਗੂਆਂ ਨੂੰ ਇਹ ਕਹਿ ਕੇ ਸ਼ਾਂਤ ਕਰਵਾ ਦਿੱਤਾ ਗਿਆ ਕਿ ਸੱਤਾ 'ਚ ਆਉਣ 'ਤੇ ਉਨ੍ਹਾਂ ਨੂੰ ਚੇਅਰਮੈਨੀਆਂ ਦਿੱਤੀਆਂ ਜਾਣਗੀਆਂ। ਇਸ ਉਮੀਦ 'ਚ ਇਨ੍ਹਾਂ ਆਗੂਆਂ ਨੇ ਪੂਰੀ ਮਿਹਨਤ ਨਾਲ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇਕ ਕਰ ਦਿੱਤਾ। ਸਰਕਾਰ ਆਉਣ 'ਤੇ ਇਨ੍ਹਾਂ ਨੂੰ ਬੇਹੱਦ ਉਮੀਦਾਂ ਸਨ ਕਿ ਹੁਣ ਉਨ੍ਹਾਂ ਦੇ ਦਿਨ ਵੀ ਆਉਣਗੇ।
ਕੈਪਟਨ ਨੇ ਵਾਅਦਾ ਕੀਤਾ ਸੀ ਕਿ ਚੋਣਾਂ ਲੜਨ ਵਾਲੇ ਕਿਸੇ ਵੀ ਵਿਧਾਇਕ ਜਾਂ ਉਸ ਦੇ ਪਰਿਵਾਰਕ ਮੈਂਬਰ ਨੂੰ ਬੋਰਡ ਅਤੇ ਨਿਗਮ 'ਚ ਚੇਅਰਮੈਨੀ ਦਾ ਅਹੁਦਾ ਨਹੀਂ ਦਿੱਤਾ ਜਾਵੇਗਾ ਪਰ ਸੱਤਾ 'ਚ ਆਉਂਦਿਆਂ ਹੀ ਕੈਪਟਨ ਦੇ ਸੁਰ ਬਦਲ ਗਏ। ਨਾ ਸਿਰਫ ਕਈ ਸੀਨੀਅਰ ਵਿਧਾਇਕਾਂ ਦੀ ਅਣਦੇਖੀ ਕੀਤੀ ਗਈ ਅਤੇ ਉਨ੍ਹਾਂ ਨੂੰ ਕੈਬਨਿਟ 'ਚ ਨਾ ਲੈ ਕੇ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਹਨੇਰੇ 'ਚ ਧੱਕ ਦਿੱਤਾ, ਸਗੋਂ ਆਪਣੇ ਵਾਅਦੇ ਤੋਂ ਪਲਟਦਿਆਂ ਕੈਪਟਨ ਨੇ ਜਿਨ੍ਹਾਂ ਲੋਕਾਂ ਨੂੰ ਚੇਅਰਮੈਨੀਆਂ ਦਾ ਵਾਅਦਾ ਕੀਤਾ ਸੀ ਉਨ੍ਹਾਂ ਨੂੰ ਵੀ ਭੁਲਾ ਦਿੱਤਾ। ਹੁਣ ਕੈਪਟਨ ਆਪਣੇ ਖਾਸਮ-ਖਾਸ ਕੁਝ ਵਿਧਾਇਕਾਂ ਨੂੰ ਚੇਅਰਮੈਨੀਆਂ ਦੇ ਅਹੁਦੇ 'ਤੇ ਐਡਜਸਟ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਨੂੰ ਲੈ ਕੇ ਵਿਧਾਨ ਸਭਾ 'ਚ ਬਿੱਲ ਵੀ ਪਾਸ ਕਰਵਾ ਚੁੱਕੇ ਹਨ ਪਰ 10 ਸਾਲਾਂ ਤੋਂ ਆਪਣੀ ਜ਼ਮੀਨ-ਜਾਇਦਾਦ ਅਤੇ ਘਰ-ਬਾਰ ਵੇਚ ਕੇ ਪਾਰਟੀ ਦੀਆਂ ਸੇਵਾਵਾਂ ਕਰ ਰਹੇ ਆਗੂਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸੱਤਾ ਵਿਚ ਆਉਣ ਤੋਂ ਬਾਅਦ ਇਹ ਆਗੂ ਸੈਂਕੜੇ ਵਾਰ ਕਦੀ ਚੰਡੀਗੜ੍ਹ ਸੀ. ਐੱਮ. ਆਫਿਸ ਅਤੇ ਕਦੀ ਪਟਿਆਲਾ ਸੀ. ਐੱਮ. ਆਫਿਸ ਦੇ ਚੱਕਰ ਇਸ ਉਮੀਦ 'ਚ ਲਗਾ ਚੁੱਕੇ ਹਨ ਕਿ ਕੈਪਟਨ ਉਨ੍ਹਾਂ ਨੂੰ ਯਾਦ ਰੱਖਣਗੇ ਪਰ ਹੁਣ ਉਨ੍ਹਾਂ ਦੀ ਉਮੀਦਾਂ ਜਵਾਬ ਦੇਣ ਲੱਗੀਆਂ ਹਨ। ਥੱਕ-ਹਾਰ ਕੇ ਇਹ ਆਗੂ ਹੁਣ ਘਰ ਬੈਠਣ ਲਈ ਮਜਬੂਰ ਹੋ ਗਏ ਹਨ। ਕਈਆਂ ਨੂੰ ਆਪਣਾ ਸਿਆਸੀ ਭਵਿੱਖ ਹਨੇਰੇ 'ਚ ਨਜ਼ਰ ਆ ਰਿਹਾ ਹੈ। ਕੁਝ ਬਗਾਵਤ ਕਰਨ ਬਾਰੇ ਸੋਚ ਰਹੇ ਹਨ ਤੇ ਕੁਝ ਅੰਦਰਖਾਤੇ ਹੀ ਆਪਣੀ ਪਾਰਟੀ ਅਤੇ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਕੋਸ ਰਹੇ ਹਨ। ਵਿਕਾਸ ਫੰਡ ਨਾ ਮਿਲਣ ਤੋਂ ਨਿਰਾਸ਼ ਪਾਰਟੀ ਵਿਧਾਇਕ ਹੁਣ ਖੁਦ ਹੀ ਵਰਕਰਾਂ ਨੂੰ ਘਰਾਂ ਵਿਚ ਬੈਠਣ ਦੀ ਨਸੀਹਤ ਦੇ ਰਹੇ ਹਨ। ਇਨ੍ਹਾਂ ਹਾਲਾਤ 'ਚ ਆਉਣ ਵਾਲੀਆਂ 2019 ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਸੂਬੇ ਵਿਚ ਦੁਰਗਤ ਹੋਣਾ ਤੈਅ ਨਜ਼ਰ ਆ ਰਿਹਾ ਹੈ।
ਜਿਨ੍ਹਾਂ ਨਾਲ ਵਾਅਦਾ ਕੀਤਾ, ਉਨ੍ਹਾਂ ਨਾਲ ਵਾਅਦਾ ਨਿਭਾਏ ਕੈਪਟਨ : ਬਾਜਵਾ
ਸਾਬਕਾ ਸੂਬਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਵਰਕਰ ਹੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਵਰਕਰਾਂ ਦੇ ਸਿਰ 'ਤੇ ਹੀ ਚੋਣ ਜਿੱਤੀ ਜਾਂਦੀ ਹੈ। ਜੇਕਰ ਉਨ੍ਹਾਂ ਨਾਲ ਚੋਣਾਂ ਤੋਂ ਪਹਿਲਾਂ ਚੇਅਰਮੈਨੀਆਂ ਦਾ ਵਾਅਦਾ ਕੀਤਾ ਸੀ ਤਾਂ ਉਸ ਨੂੰ ਪੂਰਾ ਕੀਤਾ ਜਾਵੇ। ਵਾਅਦਾ ਪੂਰਾ ਨਾ ਕਰਨਾ ਇਨ੍ਹਾਂ ਵਰਕਰਾਂ ਨਾਲ ਵਿਸ਼ਵਾਸਘਾਤ ਹੋਵੇਗਾ ਅਤੇ ਭਵਿੱਖ 'ਚ ਇਹ ਵਰਕਰ ਪਾਰਟੀ ਲਈ ਚੋਣ ਪ੍ਰਚਾਰ 'ਚ ਨਹੀਂ ਨਿਕਲਣਗੇ, ਜਿਸ ਦਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ।
ਵਿਧਾਨ ਸਭਾ ਸੈਸ਼ਨ 'ਤੇ ਦੇਖੋ ਕੀ ਬੋਲੇ ਭਾਜਪਾ ਆਗੂ (ਵੀਡੀਓ)
NEXT STORY