ਮਲੋਟ (ਜੁਨੇਜਾ)—ਦੇਸ਼ 'ਚ 17ਵੀਆਂ ਲੋਕ ਸਭਾ ਚੋਣਾਂ-2019 ਲਈ ਸਾਰੀਆਂ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਵੱਡੀ ਪੱਧਰ 'ਤੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ ਚੋਣਾਂ ਲਈ ਪੰਜਾਬ 'ਚ 19 ਮਈ, 2019 ਨੂੰ ਵੋਟਾਂ ਪੈਣਗੀਆਂ, ਜਿਸ 'ਚ ਦੋਵੇਂ ਪ੍ਰਮੁੱਖ ਦਲ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਤੋਂ ਇਲਾਵਾ ਨਵੇਂ ਗਠਜੋੜ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ।ਹੁਣ ਤੱਕ ਹੋਈਆਂ ਚੋਣਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਜ਼ਿਆਦਾ ਸੀਟਾਂ ਅਕਾਲੀ ਦਲ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਜਿੱਤ-ਹਾਰ ਹੁੰਦੀ ਰਹੀ ਹੈ ਪਰ ਪੰਜਾਬ ਦੇ 3 ਪਾਰਲੀਮੈਂਟ ਹਲਕੇ ਅਜਿਹੇ ਹਨ, ਜਿੱਥੇ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਪੈਰ ਨਹੀਂ ਲੱਗੇ। ਸ਼ਾਇਦ ਇਸ ਲਈ ਹੀ ਦੋਵਾਂ ਪ੍ਰਮੁੱਖ ਧਿਰਾਂ ਵੱਲੋਂ ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨ ਲਈ ਦੇਰੀ ਕੀਤੀ ਜਾ ਰਹੀ ਹੈ।
ਇਤਿਹਾਸ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਹਰ ਪਾਰਲੀਮੈਂਟ ਚੋਣ 'ਚ ਬਣਦੇ-ਵਿਗੜਦੇ ਸਮੀਕਰਨਾਂ ਕਰ ਕੇ ਹੁਣ ਤੱਕ ਕਾਂਗਰਸ ਦੀ ਪੰਜਾਬ 'ਚ ਪਾਰਲੀਮੈਂਟ ਚੋਣਾਂ ਵਿਚ 1977 ਅਤੇ 1998 ਵਿਚ ਸਭ ਤੋਂ ਮਾੜੀ ਕਾਰਗੁਜ਼ਾਰੀ ਰਹੀ, ਜਦੋਂ ਸੂਬੇ ਵਿਚ ਕਿਸੇ ਸੀਟ 'ਤੇ ਵੀ ਜਿੱਤ ਹਾਸਲ ਨਹੀਂ ਹੋਈ। ਦੂਜੇ ਪਾਸੇ ਪੰਜਾਬ 'ਚ ਕਾਂਗਰਸ ਦਾ ਬਿਹਤਰ ਪ੍ਰਦਰਸ਼ਨ 1971 ਵਿਚ 10 ਸੀਟਾਂ 'ਤੇ ਜਿੱਤ ਅਤੇ ਸਭ ਤੋਂ ਬਿਹਤਰ 1992 ਵਿਚ 12 ਸੀਟਾਂ 'ਤੇ ਜਿੱਤ ਹਾਸਲ ਕਰਨ ਦਾ ਸੀ।
ਇਸ ਵਾਰ ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਦਾ ਬੇਅਦਬੀਆਂ ਕਰ ਕੇ ਆਪਣੇ ਵਿਸ਼ੇਸ਼ ਵੋਟ ਬੈਂਕ ਨਾਲ ਦੂਰੀ ਅਤੇ 'ਆਪ' ਵਿਚ ਬਣੀ ਗੁੱਟਬੰਦੀ ਕਰ ਕੇ ਕਾਂਗਰਸ ਪਾਰਟੀ ਲਈ ਹਾਲਾਤ ਸਾਜ਼ਗਾਰ ਲੱਗਦੇ ਹਨ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਪਾਰਟੀ ਵਿਚ ਉਮੀਦਵਾਰਾਂ ਦੀ ਸਹੀ ਚੋਣ ਤੇ ਅੰਦਰਲੇ ਵਿਰੋਧਾਂ 'ਤੇ ਕਾਬੂ ਪਿਆ ਤਾਂ ਕਾਂਗਰਸ ਵੱਧ ਤੋਂ ਵੱਧ ਸੀਟਾਂ ਜਿੱਤ ਕੇ 1992 ਵਾਲਾ ਇਤਿਹਾਸ ਦੁਹਰਾ ਸਕਦੀ ਹੈ। ਸ਼ਾਇਦ ਇਸ ਲਈ ਹੀ ਦੋਵਾਂ ਪ੍ਰਮੁੱਖ ਧਿਰਾਂ ਖਾਸ ਕਰ ਕੇ ਕਾਂਗਰਸ ਵੱਲੋਂ ਇਨ੍ਹਾਂ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰਨ ਲਈ ਦੇਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਸੀਟਾਂ 'ਤੇ ਕਾਂਗਰਸ ਲਈ ਰਸਤਾ ਕਦੇ ਸੁਖਾਲਾ ਨਹੀਂ ਰਿਹਾ।
ਸੰਸਦੀ ਸੀਟ ਫਿਰੋਜ਼ਪੁਰ
ਫਿਰੋਜ਼ਪੁਰ ਅਜਿਹਾ ਪਾਰਲੀਮੈਂਟ ਹਲਕਾ ਹੈ, ਜਿੱਥੇ 34 ਸਾਲ ਪਹਿਲਾਂ 1985 'ਚ ਹੋਈਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਜਿੱਤ ਨਸੀਬ ਨਹੀਂ ਹੋਈ। 1969 ਤੋਂ ਬਾਅਦ ਹੋਈਆਂ ਕੁਲ 13 ਚੋਣਾਂ 'ਚੋਂ 7 ਵਾਰ ਅਕਾਲੀ ਦਲ, 3 ਵਾਰ ਕਾਂਗਰਸ, 2 ਵਾਰ ਬਸਪਾ ਅਤੇ 1 ਵਾਰ ਅਕਾਲੀ ਦਲ (ਮਾਨ) ਦੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਇਸ ਕਰ ਕੇ ਇਸ ਹਲਕੇ 'ਤੇ ਅਕਾਲੀ ਦਲ ਦਾ ਹੱਥ ਜ਼ਿਆਦਾ ਸਮਾਂ ਉੱਪਰ ਰਿਹਾ ਹੈ। ਪੰਜਾਬ 'ਚ 1991 ਵਿਚ ਕਾਂਗਰਸ ਪਾਰਟੀ ਨੇ ਸੂਬੇ ਵਿਚ 13 'ਚੋਂ 12 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਪਰ ਫ਼ਿਰੋਜ਼ਪੁਰ ਤੋਂ 1991 ਵਿਚ ਵੀ ਕਾਂਗਰਸ ਦੇ ਉਮੀਦਵਾਰ ਦੀ ਹਾਰ ਹੋਈ ਸੀ ਅਤੇ ਇੱਥੇ ਬਸਪਾ ਦਾ ਮੋਹਨ ਸਿੰਘ ਫਲੀਆਂਵਾਲਾ ਨੇ ਜਿੱਤ ਹਾਸਲ ਕੀਤੀ ਸੀ। ਆਖਰੀ ਵਾਰ ਇੱਥੇ 1985 ਵਿਚ ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ ਨੇ ਅਕਾਲੀ ਦਲ ਦੇ ਇੰਦਰਜੀਤ ਸਿੰਘ ਨੂੰ ਹਰਾਇਆ ਸੀ। ਹੁਣ 34 ਸਾਲਾਂ ਬਾਅਦ ਜਦੋਂ ਅਕਾਲੀ ਦਲ ਦੀ ਸਥਿਤੀ ਸੂਬੇ 'ਚ ਬਹੁਤ ਮਜ਼ਬੂਤ ਨਹੀਂ, ਉਸ ਵੇਲੇ ਜੇਕਰ ਕਾਂਗਰਸ ਦੇ ਸਾਂਝੇ ਪ੍ਰਮਾਨਿਤ ਆਗੂ ਨੂੰ ਟਿਕਟ ਮਿਲੇ ਤਾਂ ਇਸ ਸੀਟ 'ਤੇ ਕਾਂਗਰਸ ਦੀ ਵਾਪਸੀ ਹੋ ਸਕਦੀ ਹੈ।
ਸੰਸਦੀ ਸੀਟ ਬਠਿੰਡਾ
ਬਠਿੰਡਾ ਸੀਟ ਤੋਂ ਵੀ 1991 ਤੋਂ ਬਾਅਦ ਕਾਂਗਰਸ ਨੂੰ ਜਿੱਤ ਨਹੀਂ ਮਿਲੀ। ਇਸ ਸੀਟ 'ਤੇ 1952 ਤੇ 1957 ਵਿਚ 2-2 ਉਮੀਦਵਾਰ ਜਨਰਲ ਅਤੇ ਰਿਜ਼ਰਵ ਦੀ ਚੋਣ ਹੁੰਦੀ ਰਹੀ ਅਤੇ ਕਾਂਗਰਸ ਜੇਤੂ ਰਹੀ ਪਰ 1961 'ਚ ਇਸ ਸੀਟ 'ਤੇ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ ਨੇ ਕਬਜ਼ਾ ਕਰ ਲਿਆ। ਜ਼ਿਆਦਾ ਸਮਾਂ ਅਕਾਲੀ ਦਲ ਦਾ ਉਮੀਦਵਾਰ ਇਸ ਸੀਟ ਤੋਂ ਜੇਤੂ ਰਿਹਾ ਪਰ 1971 ਅਤੇ 1999 ਵਿਚ ਸੀ. ਪੀ. ਆਈ. ਦਾ ਭਾਨ ਸਿੰਘ ਭੋਰਾ ਅਤੇ 1980 ਤੇ 1991 ਵਿਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। 1991 ਤੋਂ ਬਾਅਦ ਲਗਾਤਾਰ 1996, 1998, 2004, 2009, 2014 ਵਿਚ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤ ਹਾਸਲ ਕਰਦੇ ਰਹੇ। ਇਸ ਕਰ ਕੇ ਪਿਛਲੇ 28 ਸਾਲਾਂ ਤੋਂ ਇਹ ਸੀਟ ਕਾਂਗਰਸ ਪਾਰਟੀ ਦੇ ਹੱਥੋਂ ਨਿਕਲਦੀ ਰਹੀ।
ਇਸ ਵਾਰ ਹੁਣ ਤੱਕ ਭਾਵੇਂ ਦੋਵਾਂ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਨਹੀਂ ਐਲਾਨੇ ਪਰ ਸੰਭਾਵਨਾ ਹੈ ਕਿ ਅਕਾਲੀ ਦਲ ਵੱਲੋਂ ਹੁਣ ਤੀਜੀ ਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੀ ਉਮੀਦਵਾਰ ਹੋਣ, ਜਿਨ੍ਹਾਂ ਮੁਕਾਬਲੇ ਕੋਈ ਧਾਕੜ ਕਾਂਗਰਸੀ ਮੈਦਾਨ 'ਚ ਉਤਰ ਸਕਦਾ ਹੈ।
ਸੰਸਦੀ ਸੀਟ ਸ੍ਰੀ ਖਡੂਰ ਸਾਹਿਬ
1952 ਤੋਂ 2008 ਤੱਕ ਪਹਿਲਾਂ ਇਹ ਤਰਨਤਾਰਨ ਅਤੇ ਬਾਅਦ 'ਚ ਕੁਝ ਤਬਦੀਲੀਆਂ ਨਾਲ ਬਣੇ ਸ੍ਰੀ ਖਡੂਰ ਸਾਹਿਬ ਹਲਕੇ 'ਚ ਕੁਲ 16 ਚੋਣਾਂ ਵਿਚ ਅਕਾਲੀ ਦਲ ਨੇ 8 ਵਾਰ, ਕਾਂਗਰਸ ਨੇ 6 ਵਾਰ ਅਤੇ ਯੂਨਾਈਟਿਡ ਅਕਾਲੀ ਦਲ ਅਤੇ ਮਾਨ ਅਕਾਲੀ ਦਲ ਨੇ ਇਕ-ਇਕ ਵਾਰ ਚੋਣ ਜਿੱਤੀ । 1957 ਤੋਂ 1971 ਤੱਕ ਹੋਈਆਂ 5 ਚੋਣਾਂ ਕਾਂਗਰਸ ਨੇ ਜਿੱਤੀਆਂ ਪਰ ਉਸ ਤੋਂ ਬਾਅਦ ਇਹ ਹਲਕਾ ਅਕਾਲੀ ਦਲ ਹੱਥ ਚਲਾ ਗਿਆ। 20 ਸਾਲਾਂ ਬਾਅਦ ਇਕ ਚੋਣ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ ਨੇ ਜਿੱਤੀ ਪਰ ਉਸ ਤੋਂ ਬਾਅਦ ਕਾਂਗਰਸ ਨੂੰ ਜਿੱਤ ਨਹੀਂ ਨਸੀਬ ਹੋਈ। ਹੁਣ 28 ਸਾਲਾਂ ਬਾਅਦ ਬਣੇ ਨਵੇਂ ਸਮੀਕਰਨਾਂ ਤਹਿਤ ਕਾਂਗਰਸ ਨੇ ਮਾਝੇ ਦੇ ਧੜੱਲੇਦਾਰ ਆਗੂ ਜਸਬੀਰ ਸਿੰਘ ਡਿੰਪਾ ਨੂੰ ਮੈਦਾਨ 'ਚ ਉਤਾਰਿਆ ਹੈ, ਜਿਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਅਤੇ ਪੰਜਾਬ ਏਕਤਾ ਪਾਰਟੀ ਦੇ ਪਰਮਜੀਤ ਕੌਰ ਖਾਲੜਾ ਨਾਲ ਹੈ।
ਇਸ ਵਾਰ ਬਦਲੇ ਹਾਲਾਤ ਕਰ ਕੇ ਇਨ੍ਹਾਂ ਤਿੰਨਾਂ ਸੀਟਾਂ ਨੂੰ ਜਿੱਤ ਕੇ ਕਾਂਗਰਸ 1992 ਵਾਲਾ ਇਤਿਹਾਸ ਦੁਹਰਾਉਣਾ ਚਾਹੁੰਦੀ ਹੈ, ਇਸ ਲਈ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਦਾ ਐਲਾਨ ਹੋ ਚੁੱਕਾ ਹੈ ਪਰ ਬਠਿੰਡਾ ਤੇ ਫਿਰੋਜ਼ਪੁਰ ਤੋਂ ਉਮੀਦਵਾਰ ਉਤਾਰਨ ਲੱਗੇ ਕਾਂਗਰਸ ਹਾਈ ਕਮਾਂਡ ਅਕਾਲੀ ਦਲ ਦੇ ਪੱਤੇ ਜ਼ਰੂਰ ਵੇਖੇਗੀ।
ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 166.27 ਕਰੋੜ ਦੀ ਨਕਦੀ ਅਤੇ ਵਸਤਾਂ ਜ਼ਬਤ
NEXT STORY